ਕੁੱਟ-ਮਾਰ ਦਾ ਬਦਲਾ ਲੈਣ ਖਾਤਰ ਪ੍ਰਵਾਸੀ ਮਜ਼ਦੂਰ ਨੇ ਕੀਤਾ ਸੀ ਕਤਲ

Wednesday, Mar 14, 2018 - 04:42 AM (IST)

ਬਠਿੰਡਾ(ਜ. ਬ.)-ਬੜੇ ਫਿਲਮੀ ਢੰਗ ਨਾਲ ਕੀਤੇ ਗਏ ਚੌਕੀਦਾਰ ਬੂਟਾ ਖਾਨ ਦੇ ਕਤਲ ਦੀ ਗੁੱਥੀ ਬਠਿੰਡਾ ਪੁਲਸ ਨੇ ਸੁਲਝਾ ਲਈ ਹੈ, ਜਦਕਿ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਖੁਲਾਸਾ ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕੀਤਾ।
ਕੀ ਸੀ ਮਾਮਲਾ
7 ਜੁਲਾਈ 2017 ਨੂੰ ਪ੍ਰਵੇਜ਼ ਕੌਰ ਵਾਸੀ ਮੌੜ ਕਲਾਂ ਨੇ ਥਾਣਾ ਮੌੜ ਮੰਡੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਬੂਟਾ ਖਾਨ ਅਮਰਜੋਤੀ ਸ਼ੈਲਰ ਮੌੜ ਮੰਡੀ ਵਿਖੇ ਰਾਤ ਦੀ ਚੌਕੀਦਾਰੀ ਕਰਦਾ ਹੈ, 5 ਜੁਲਾਈ ਨੂੰ ਡਿਊਟੀ 'ਤੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪੁਲਸ ਨੇ ਉਕਤ ਦੇ ਗਾਇਬ ਹੋਣ ਸਬੰਧੀ ਮੁਕੱਦਮਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ। ਅਗਲੇ ਦਿਨ 8 ਜੁਲਾਈ ਨੂੰ ਬੂਟਾ ਖਾਨ ਦੀ ਲਾਸ਼ ਸ਼ੈਲਰ ਦੇ ਹੀ ਗਟਰ 'ਚੋਂ ਮਿਲ ਗਈ, ਜਿਸ ਕਾਰਨ ਦਰਜ ਮੁਕੱਦਮੇ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ।
 ਪੁਲਸ ਨੇ ਜਾਂਚ ਟੀਮ ਦਾ ਗਠਨ ਕੀਤਾ, ਜਿਸ ਦੀ ਅਗਵਾਈ ਐੱਸ. ਪੀ. ਸਵਰਨ ਸਿੰਘ ਖੰਨਾ, ਡੀ. ਐੱਸ. ਪੀ. ਕਰਨਸ਼ੇਰ ਸਿੰਘ ਤੇ ਰਜਿੰਦਰ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ ਬਠਿੰਡਾ ਕਰ ਰਹੇ ਸਨ। ਦੂਜੇ ਪਾਸੇ ਸ਼ਹਿਰ ਦੀਆਂ ਕਈ ਜਥੇਬੰਦੀਆਂ ਨੇ ਬੂਟਾ ਖਾਨ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ, ਜਿਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਹੁੰਦੇ ਰਹੇ। ਇਸ ਸਬੰਧੀ ਘੱਟ ਗਿਣਤੀ ਕਮਿਸ਼ਨ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹਾਈ ਕੋਰਟ ਕੋਲ ਵੀ ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਪੁਲਸ ਨੇ ਸਰਗਰਮੀ ਨਾਲ ਬੂਟਾ ਖਾਨ ਦੇ ਨੇੜਲੇ ਹਰੇਕ ਵਿਅਕਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਪਰ ਕੋਈ ਫਾਇਦਾ ਨਾ ਹੋ ਸਕਿਆ। 
ਕਿਵੇਂ ਖੁੱਲ੍ਹਿਆ ਕਤਲ ਦਾ ਰਾਜ਼
ਜਾਂਚ ਦੌਰਾਨ ਪੁਲਸ ਨੇ ਸ਼ੈਲਰ ਦੇ ਮਾਲਕ ਵਿਸ਼ਨੂੰ ਕੁਮਾਰ, ਸ਼ੈਲਰ 'ਚ ਦਿਨ ਦੀ ਚੌਕੀਦਾਰੀ ਕਰਦੇ ਉਦੇਵੀਰ ਸਿੰਘ ਪੱਪੂ ਵਾਸੀ ਪਰਗਮਾ ਰਾਜ ਯੂ. ਪੀ. ਹਾਲ ਮੌੜ ਕਲਾਂ ਤੇ ਹੋਰ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਪੱਪੂ ਨੇ ਸ਼ੈਲਰ ਦੀ ਨੌਕਰੀ ਛੱਡ ਦਿੱਤੀ ਤੇ ਮਾਨਸਾ ਰਹਿਣ ਲੱਗਾ ਤੇ ਉੱਥੇ ਹੀ ਮਜ਼ਦੂਰੀ ਕਰਨ ਲੱਗਾ। ਪੁਲਸ ਜਾਂਚ ਕਰ ਕੇ ਥੱਕ ਚੁੱਕੀ ਸੀ ਪਰ ਕੋਈ ਸੁਰਾਗ ਨਹੀਂ ਸੀ ਮਿਲ ਸਕਿਆ। ਬੀਤੇ ਦਿਨ ਪੁਲਸ ਦੀ ਆਈ. ਟੀ. ਮਸ਼ੀਨ 'ਤੇ ਸੂਚਨਾ ਆਈ ਕਿ ਬੂਟਾ ਖਾਨ ਦਾ ਬੰਦ ਪਿਆ ਮੋਬਾਇਲ ਮੌੜ ਕਲਾਂ ਖੇਤਰ 'ਚ ਹੀ ਚਾਲੂ ਹੋ ਗਿਆ ਹੈ, ਜਿਸ 'ਤੇ ਜਾਂਚ ਅਧਿਕਾਰੀ ਰਜਿੰਦਰ ਕੁਮਾਰ ਨੇ ਮੁੜ ਸਰਗਰਮੀ ਦਿਖਾਉਂਦਿਆਂ ਉਕਤ ਫੋਨ ਦੀ ਭਾਲ ਕੀਤੀ, ਜੋ ਗੁਰਦੁਆਰਾ ਸਾਹਿਬ ਮੌੜ ਦੇ ਇਕ ਸੇਵਾਦਾਰ ਕੋਲੋਂ ਮਿਲਿਆ। ਪਤਾ ਲੱਗਾ ਕਿ ਜਿਸ ਕਿਸਾਨ ਦੇ ਘਰ ਪੱਪੂ ਕਿਰਾਏ 'ਤੇ ਰਹਿੰਦਾ ਸੀ, ਉੱਥੋਂ ਰੂੜੀ ਚੁੱਕੀ ਗਈ ਸੀ, ਜਿਥੋਂ ਇਹ ਮੋਬਾਇਲ ਮਿਲਿਆ। ਪੱਪੂ ਨੂੰ ਭਾਲਦੀ ਹੋਈ ਪੁਲਸ ਮਾਨਸਾ ਪਹੁੰਚ ਗਈ, ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ। ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੱਪੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਕ ਵਾਰ ਸ਼ੈਲਰ ਮਾਲਕ ਦੇ ਘਰੋਂ 64000 ਰੁਪਏ ਚੋਰੀ ਕੀਤੇ ਸਨ। ਮਾਲਕ ਦੇ ਕਹਿਣ 'ਤੇ ਬੂਟਾ ਖਾਨ ਨੇ ਉਸ ਦੀ ਬਹੁਤ ਕੁੱਟ-ਮਾਰ ਕੀਤੀ ਸੀ। ਉਹ ਮਾਲਕ ਦਾ ਕੁਝ ਨਹੀਂ ਸੀ ਵਿਗਾੜ ਸਕਦਾ ਪਰ ਉਸ ਨੂੰ ਬੂਟਾ ਖਾਨ ਨਾਲ ਖੁੰਦਕ ਸੀ। ਇਸ ਲਈ 5 ਜੁਲਾਈ ਨੂੰ ਉਹ ਆਪਣੇ ਘਰੋਂ ਕੁਹਾੜੀ ਲੈ ਕੇ ਸ਼ੈਲਰ ਪਹੁੰਚ ਗਿਆ, ਜਿਥੇ ਬੂਟਾ ਖਾਨ ਡਿਊਟੀ 'ਤੇ ਮੌਜੂਦ ਸੀ ਤੇ ਸ਼ਰਾਬੀ ਹਾਲਤ 'ਚ ਸੀ। ਉਸ ਨੇ ਕੁਹਾੜੀ ਨਾਲ ਬੂਟਾ ਖਾਨ ਦਾ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਸ਼ੈਲਰ ਦੇ ਗਟਰ 'ਚ ਸੁੱਟ ਕੇ ਡੁੱਲ੍ਹੇ ਖੂਨ ਦੀ ਸਫਾਈ ਕਰਨ ਉਪਰੰਤ ਉੱਥੋਂ ਫਰਾਰ ਹੋ ਗਿਆ। ਉਹ ਬੂਟਾ ਖਾਨ ਦਾ ਮੋਬਾਇਲ, ਪਰਸ ਆਦਿ ਸਾਮਾਨ ਵੀ ਲੈ ਆਇਆ। ਉਕਤ ਦਾ ਮੋਟਰਸਾਈਕਲ ਰੇਲਵੇ ਲਾਈਨਾਂ ਕੋਲ ਸੁੱਟ ਦਿੱਤਾ ਗਿਆ ਤਾਂ ਕਿ ਉਸ 'ਤੇ ਸ਼ੱਕ ਹੀ ਨਾ ਹੋਵੇ। ਉਸ ਨੇ ਬੂਟਾ ਖਾਨ ਦਾ ਮੋਬਾਇਲ ਆਪਣੇ ਘਰ ਕਿਸਾਨ ਦੀ ਰੂੜੀ 'ਚ ਛੁਪਾ ਦਿੱਤਾ। ਸੋਚਿਆ ਸੀ ਕਿ ਮੋਬਾਇਲ ਨੂੰ ਕੱਢ ਕੇ ਕਿਧਰੇ ਵੇਚ ਦੇਵੇਗਾ ਪਰ ਮਕਾਨ ਛੱਡਣ ਸਮੇਂ ਉਹ ਅਜਿਹਾ ਨਹੀਂ ਕਰ ਸਕਿਆ।   ਐੱਸ. ਐੱਸ. ਪੀ. ਨੇ ਦੱਸਿਆ ਕਿ ਵਾਰਦਾਤ 'ਚ ਵਰਤੀ ਗਈ ਕੁਹਾੜੀ, ਜੋ ਉਸ ਨੇ ਸ਼ੈਲਰ ਨੇੜੇ ਛੁਪਾ ਦਿੱਤੀ ਸੀ ਤੇ ਹੋਰ ਸਾਮਾਨ ਬਰਾਮਦ ਹੋ ਚੁੱਕਾ ਹੈ। ਪੁੱਛਗਿੱਛ ਜਾਰੀ ਹੈ ਪਰ ਅਜੇ ਤੱਕ ਮੁਲਜ਼ਮ ਦੇ ਹੋਰ ਕਿਸੇ ਵੀ ਮਾਮਲੇ 'ਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਨਹੀਂ ਆਈ।


Related News