ਦੋਸਤ ਵਲੋਂ ਕਤਲ ਕੀਤੇ ਮੰਡੀ ਕਲਾਂ ਦੇ ਨਾਬਾਲਗ ਨੌਜਵਾਨ ਦੇ ਮਾਮਲੇ ''ਚ ਨਵਾਂ ਮੋੜ

Saturday, Feb 24, 2018 - 04:01 AM (IST)

ਦੋਸਤ ਵਲੋਂ ਕਤਲ ਕੀਤੇ ਮੰਡੀ ਕਲਾਂ ਦੇ ਨਾਬਾਲਗ ਨੌਜਵਾਨ ਦੇ ਮਾਮਲੇ ''ਚ ਨਵਾਂ ਮੋੜ

ਬਾਲਿਆਂਵਾਲੀ(ਸ਼ੇਖਰ)- ਆਪਣੇ ਪਿਤਾ ਦੀ ਲਾਇਸੈਂਸੀ ਰਾਈਫਲ ਲੈ ਕੇ ਘਰੋਂ ਗਏ ਮੰਡੀ ਕਲਾਂ ਦੇ ਕਤਲ ਹੋਏ ਨੌਜਵਾਨ ਗੁਰਪ੍ਰੀਤ ਸਿੰਘ ਦੀ ਅੱਜ ਪੂਹਲਾ ਪਿੰਡ ਕੋਲ ਲਾਸ਼ ਬਰਾਮਦ ਹੋਣ ਪਿੱਛੋਂ ਉਦੋਂ ਮਾਮਲੇ 'ਚ ਨਵਾਂ ਮੋੜ ਆ ਗਿਆ ਜਦ ਪਰਿਵਾਰ ਵਲੋਂ ਖੁਲਾਸਾ ਕੀਤਾ ਗਿਆ ਕਿ ਇਸ ਕਤਲ ਵਿਚ ਕਾਤਲ ਮਨਪ੍ਰੀਤ ਸਿੰਘ ਮਨੀ ਦਾ ਭਰਾ ਤੇ ਪਿਤਾ ਵੀ ਸ਼ਾਮਲ ਹਨ ਪਰ ਪੁਲਸ ਵਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਪਰਿਵਾਰ ਦੇ ਹੱਕ 'ਚ ਨਿੱਤਰਦਿਆਂ ਅੱਜ ਇਨਸਾਫ ਦਿਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਕਮੇਟੀ ਮੈਂਬਰਾਂ ਨੇ ਕਿਹਾ ਕਿ ਰਾਈਫਲ ਅਤੇ ਕਤਲ 'ਚ ਸ਼ਾਮਲ ਸਵਿਫਟ ਕਾਰ ਦੋਸ਼ੀ ਦੇ ਘਰੋਂ ਬਰਾਮਦ ਹੋਈ ਹੈ ਅਤੇ ਇਕੱਲਾ ਬੰਦਾ ਲਾਸ਼ ਨੂੰ ਨਹਿਰ ਚ ਨਹੀਂ ਸੁੱਟ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਗੁਰਪ੍ਰੀਤ ਦੇ ਗੁੰਮ ਹੋਣ ਤੋਂ ਤੀਸਰੇ ਦਿਨ ਮਨਪ੍ਰੀਤ ਆਪਣੇ ਪਿਤਾ ਤੇ ਭਰਾ ਨਾਲ ਗੁਰਪ੍ਰੀਤ ਦੇ ਘਰ ਆਇਆ ਸੀ ਅਤੇ ਉਹ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਪ੍ਰੀਤ ਨੂੰ ਭਾਲ ਲੈਣ ਦੀਆਂ ਤਸੱਲੀਆਂ ਦਿੰਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਗੁਰਪ੍ਰੀਤ ਦੀ ਲਾਸ਼ ਖੁਰਦ-ਬੁਰਦ ਕਰਨ, ਰਾਈਫਲ ਤੇ ਕਾਰ ਛੁਪਾਉਣ 'ਚ ਤਿੰਨੇ ਪਿਉ-ਪੁੱਤ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਸਵੇਰੇ ਐੱਸ. ਐੱਸ. ਪੀ. ਬਠਿੰਡਾ ਨੂੰ ਮਿਲ ਕੇ ਸੰਘਰਸ਼ ਕਮੇਟੀ ਵਲੋਂ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇਗਾ ਅਤੇ ਜੇਕਰ ਇਨਸਾਫ ਨਾ ਮਿਲਿਆ ਤਾਂ ਧਰਨਾ ਜਾਂ ਜਾਮ ਲਾਇਆ ਜਾਵੇਗਾ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਗੁਰਪ੍ਰੀਤ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਬਲਦੇਵ ਸਿੰਘ ਢਿੱਲੋਂ, ਪ੍ਰਧਾਨ ਜਗਜੀਤ ਸਿੰਘ ਤੋਤਾ, ਗੁਰਦੀਪ ਸਿੰਘ ਕੌਂਸਲਰ, ਨਵਦੀਪ ਸਿੰਘ ਗਿੱਲ, ਕੁਲਦੀਪ ਔਲਖ, ਨਰਿੰਦਰਪਾਲ ਸਿੰਘ, ਬਲਦੇਵ ਸਿੰਘ ਬੱਗਾ, ਟਾਈਗਰ ਮੰਡੀ ਕਲਾਂ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਸ਼ਾਮਲ ਸਨ।


Related News