ਪੁਲਸ ਚੌਕੀਆਂ ਨੇੜੇ ਹੱਤਿਆਵਾਂ ਕਰ ਕੇ ਲਾਅ ਐਂਡ ਆਰਡਰ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਅੱਤਵਾਦੀ

Wednesday, Nov 01, 2017 - 05:47 AM (IST)

ਪੁਲਸ ਚੌਕੀਆਂ ਨੇੜੇ ਹੱਤਿਆਵਾਂ ਕਰ ਕੇ ਲਾਅ ਐਂਡ ਆਰਡਰ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਅੱਤਵਾਦੀ

ਅੰਮ੍ਰਿਤਸਰ(ਸੰਜੀਵ)—ਲੁਧਿਆਣਾ 'ਚ ਰਵਿੰਦਰ ਗੋਸਾਈਂ ਹੱਤਿਆਕਾਂਡ ਤੋਂ 13 ਦਿਨਾਂ ਬਾਅਦ ਅੰਮ੍ਰਿਤਸਰ 'ਚ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਕਰ ਦਿੱਤੀ ਗਈ। 'ਜਗ ਬਾਣੀ' ਵਲੋਂ ਕੀਤੀ ਗਈ ਇਨਵੈਸਟੀਗੇਸ਼ਨ 'ਚ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਜਿੰਨੀਆਂ ਵੀ ਹਾਈ ਪ੍ਰੋਫਾਈਲ ਹੱਤਿਆਵਾਂ ਹੋ ਰਹੀਆਂ ਹਨ, ਉਹ ਪੁਲਸ ਚੌਕੀਆਂ ਅਤੇ ਥਾਣਿਆਂ ਨੇੜੇ ਹੋ ਰਹੀਆਂ ਹਨ। ਪਿਛਲੇ ਸਾਲ ਜਲੰਧਰ 'ਚ ਜੋਤੀ ਚੌਕ ਕੋਲ ਸੰਘ ਨੇਤਾ ਜਗਦੀਸ਼ ਗਗਨੇਜਾ ਦੀ ਹੱਤਿਆ ਕਰ ਦਿੱਤੀ ਗਈ। ਇਹ ਹੱਤਿਆ ਪੁਲਸ ਥਾਣਾ ਨੰਬਰ-4 ਕੋਲ ਸ਼ਰੇਆਮ ਕੀਤੀ ਗਈ। ਇਸ ਤੋਂ ਬਾਅਦ 14 ਜਨਵਰੀ 2017 ਨੂੰ ਲੁਧਿਆਣਾ ਸਥਿਤ ਦੁਰਗਾ ਮਾਤਾ ਮੰਦਰ ਕੋਲ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਹੱਤਿਆ, ਫਿਰ 16 ਜੂਨ 2017 ਨੂੰ ਲੁਧਿਆਣਾ ਦੇ ਪੀਰ ਬੰਦਾ ਮੁਹੱਲੇ 'ਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਕਰ ਦਿੱਤੀ ਗਈ। ਇਹ ਦੋਵੇਂ ਹੱਤਿਆਵਾਂ ਪੁਲਸ ਥਾਣਿਆਂ ਕੋਲ ਕੀਤੀਆਂ ਗਈਆਂ। ਇਸ ਤੋਂ ਬਾਅਦ 17 ਅਕਤੂਬਰ ਨੂੰ ਆਰ. ਐੱਸ. ਐੱਸ. ਦੇ ਸੰਘ ਨੇਤਾ ਰਵਿੰਦਰ ਗੋਸਾਈਂ ਦੀ ਜਿਸ ਜਗ੍ਹਾ ਹੱਤਿਆ ਹੋਈ, ਉਹ ਬਸਤੀ ਜੋਧੇਵਾਲ ਥਾਣੇ ਤੋਂ ਸਿਰਫ ਕੁਝ ਹੀ ਮੀਟਰ ਦੀ ਦੂਰੀ 'ਤੇ ਹੈ। ਹੁਣ ਅੰਮ੍ਰਿਤਸਰ ਦੇ ਭਰਤ ਨਗਰ 'ਚ ਜਿਥੇ ਵਿਪਨ ਸ਼ਰਮਾ ਦੀ ਹੱਤਿਆ ਕੀਤੀ ਗਈ, ਉਹ ਜਗ੍ਹਾ ਥਾਣਾ ਵਿਜੇ ਨਗਰ ਤੋਂ ਸਿਰਫ ਦੋ ਮਿੰਟ ਦੀ ਦੂਰੀ 'ਤੇ ਸਥਿਤ ਹੈ। ਪੁਲਸ ਥਾਣਿਆਂ ਕੋਲ ਹੋ ਰਹੀਆਂ ਹੱਤਿਆਵਾਂ ਇਸ ਪਾਸੇ ਇਸ਼ਾਰਾ ਕਰ ਰਹੀਆਂ ਹਨ ਕਿ ਅੱਤਵਾਦੀ 'ਲਾਅ ਐਂਡ ਆਰਡਰ' ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ, ਜੋ ਆਉਣ ਵਾਲੇ ਖਤਰੇ ਦਾ ਸੰਕੇਤ ਹੈ।
ਅੱਤਵਾਦੀਆਂ ਤੇ ਗੈਂਗਸਟਰਾਂ ਵਿਚਾਲੇ ਜੁੜੀਆਂ ਤਾਰਾਂ ਥਿਊਰੀ ਨੰ.1
ਪਿਛਲੇ ਸਾਲ ਨਾਭਾ ਜੇਲ ਬ੍ਰੇਕ ਕਾਂਡ ਦੇ ਸਮੇਂ ਇਹ ਗੱਲ ਸਾਬਤ ਹੋ ਗਈ ਸੀ ਕਿ ਪੰਜਾਬ 'ਚ ਅੱਤਵਾਦੀਆਂ ਤੇ ਗੈਂਗਸਟਰਾਂ ਵਿਚਾਲੇ ਸਬੰਧ ਕਾਇਮ ਹੋ ਗਏ ਹਨ। ਜੇਲ ਬ੍ਰੇਕ ਕਾਂਡ ਸਮੇਂ ਵਿੱਕੀ ਗੌਂਡਰ ਦੇ ਨਾਲ ਅੱਤਵਾਦੀ ਮਿੰਟੂ ਵੀ ਜੇਲ 'ਚੋਂ ਫਰਾਰ ਹੋ ਗਿਆ ਸੀ। ਉਦੋਂ ਹੀ ਇਹ ਖਦਸ਼ਾ ਪ੍ਰਗਟਾਇਆ ਜਾਣ ਲੱਗਾ ਸੀ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਵਿਚਾਲੇ ਮਜ਼ਬੂਤ ਹੋ ਰਹੇ ਸਬੰਧ ਭਵਿੱਖ 'ਚ ਪੰਜਾਬ ਲਈ ਘਾਤਕ ਸਿੱਧ ਹੋ ਸਕਦੇ ਹਨ। ਅੰਮ੍ਰਿਤਸਰ 'ਚ ਵਿਪਨ ਸ਼ਰਮਾ ਦੀ ਹੱਤਿਆ ਦੀ ਗੁੱਥੀ ਹੱਲ ਕਰਨ 'ਚ ਰੁੱਝੀ ਐੱਸ. ਆਈ. ਟੀ. ਇਸ ਖੇਤਰ 'ਚ ਸਰਗਰਮ ਗੈਂਗਸਟਰਾਂ ਅਤੇ ਸਾਬਕਾ ਅੱਤਵਾਦੀਆਂ ਵਿਚਾਲੇ ਤਾਰਾਂ ਜੋੜ ਕੇ ਇਸ ਕੇਸ ਨੂੰ ਦੇਖ ਰਹੀ ਹੈ। 
ਤਰਨਤਾਰਨ 'ਚ ਲੱਭੀਆਂ ਜਾ ਰਹੀਆਂ ਕੇਸ ਦੀਆਂ ਜੜ੍ਹਾਂ ਥਿਊਰੀ ਨੰ.2
ਮ੍ਰਿਤਕ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਪਿਤਾ ਪੰਜਾਬ ਪੁਲਸ 'ਚ ਮੁਲਾਜ਼ਮ ਸਨ ਅਤੇ ਉਹ ਤਰਨਤਾਰਨ ਵਿਖੇ ਪਰਿਵਾਰ ਨਾਲ ਰਹਿੰਦੇ ਸਨ। 1988 'ਚ ਵਿਪਨ ਸ਼ਰਮਾ ਦੇ ਪਿਤਾ ਤਰਨਤਾਰਨ ਤੋਂ ਆਪਣੀ ਜਾਇਦਾਦ ਵੇਚ ਕੇ ਅੰਮ੍ਰਿਤਸਰ ਆ ਕੇ ਵਸ ਗਏ ਅਤੇ 1996 'ਚ ਪੁਲਸ ਵਿਭਾਗ ਤੋਂ ਰਿਟਾਇਰ ਹੋ ਗਏ ਸਨ। ਤਰਨਤਾਰਨ ਕਿਸੇ ਸਮੇਂ ਅੱਤਵਾਦ ਦਾ ਗੜ੍ਹ ਰਿਹਾ ਹੈ, ਇਸ ਲਈ ਪੁਲਸ ਇਸ ਕੇਸ ਦੀਆਂ ਜੜ੍ਹਾਂ ਤਰਨਤਾਰਨ 'ਚ ਲੱਭ ਰਹੀ ਹੈ ਕਿ ਕਿਤੇ ਕੋਈ ਪੁਰਾਣੀ ਦੁਸ਼ਮਣੀ ਤਾਂ ਨਹੀਂ। 
ਕਾਰੋਬਾਰੀ ਸਾਂਝ 'ਚ ਕੋਈ ਲੈਣ-ਦੇਣ ਥਿਊਰੀ ਨੰ.3
ਐੱਸ. ਆਈ. ਟੀ. ਜਿਸ ਤੀਸਰੀ ਥਿਊਰੀ 'ਤੇ ਕੰਮ ਕਰ ਰਹੀ ਹੈ, ਉਹ ਕਾਰੋਬਾਰੀ ਸਾਂਝ ਵਿਚ ਲੈਣ-ਦੇਣ ਹੈ। ਵਿਪਨ ਸ਼ਰਮਾ ਜ਼ਿਆਦਾਤਰ ਭਰਤ ਨਗਰ 'ਚ ਆਪਣੇ ਦੋਸਤ ਮੋਨੂੰ ਦੀ ਦੁਕਾਨ 'ਤੇ ਬੈਠਦਾ ਸੀ। ਮੋਨੂੰ ਦਾ ਲਾਟਰੀ ਦਾ ਕਾਰੋਬਾਰ ਹੈ। ਜਿਸ ਸਮੇਂ ਇਹ ਹੱਤਿਆ ਹੋਈ, ਉਸ ਸਮੇਂ ਵੀ ਵਿਪਨ ਸ਼ਰਮਾ ਆਪਣੇ ਦੋਸਤ ਮੋਨੂੰ ਦੀ ਦੁਕਾਨ 'ਤੇ ਆਇਆ ਸੀ। ਉਸ ਦਾ ਦੋਸਤ ਸੰਨੀ ਕੱਕੜ, ਜੋ ਉਸ ਵੇਲੇ ਉਸ ਦੇ ਨਾਲ ਸੀ, ਉਸ ਨੂੰ ਘਰ ਛੱਡਣ ਜਾ ਰਿਹਾ ਸੀ। ਵਾਰਦਾਤ ਸਮੇਂ ਵਿਪਨ ਸ਼ਰਮਾ ਅਤੇ ਮੋਨੂੰ ਵਿਚਾਲੇ ਕੋਈ ਗੱਲਬਾਤ ਚੱਲ ਰਹੀ ਸੀ ਕਿ ਹਤਿਆਰਿਆਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਕਾਂਟਰੈਕਟ ਕਿਲਿੰਗ ਜਾਂ ਗੈਂਗਸਟਰਾਂ ਵਲੋਂ ਕੀਤੀ ਗਈ ਹੱਤਿਆ ਨੂੰ ਸੂਤਰਧਾਰ ਬਣਾ ਕੇ ਅੱਜ ਜ਼ਿਲਾ ਪੁਲਸ ਨੇ ਦਰਜਨ ਦੇ ਕਰੀਬ ਹਿਸਟਰੀਸ਼ੀਟਰਾਂ ਨੂੰ ਰਾਊਂਡਅਪ ਕਰ ਲਿਆ ਹੈ। ਇਕ ਹੋਰ ਗੈਂਗਸਟਰ ਸਰਾਜ ਸਿੰਘ ਦੀ ਵਾਇਰਲ ਹੋ ਰਹੀ ਹੈ, ਜੋ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀ ਬਾਬੀ ਮਲਹੋਤਰਾ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਹੁਣ ਪੁਲਸ ਇਕ ਪਾਸੇ ਇਹ ਵੀ ਜਾਂਚ ਕਰ ਰਹੀ ਹੈ ਕਿ  ਕੱਟੜਪੰਥੀਆਂ ਵਲੋਂ ਹਿੰਦੂ ਨੇਤਾ ਦੀ ਕਿਤੇ ਕਾਂਟਰੈਕਟ ਕਿਲਿੰਗ ਤਾਂ ਨਹੀਂ ਕਰਵਾਈ ਗਈ, ਦੂਸਰੇ ਪਾਸੇ ਇਸ ਗੱਲ ਦੀ ਵੀ ਜਾਂਚ ਹੋ ਰਹੀ ਹੈ ਕਿ ਹਿੰਦੂ ਨੇਤਾ ਕੇਬਲ ਆਪ੍ਰੇਟਰ ਸੀ ਅਤੇ ਪੰਜਾਬ ਵਿਚ ਗੈਂਗਸਟਰ ਕੇਬਲ ਆਪ੍ਰੇਟਰਾਂ ਕੋਲੋਂ ਫਿਰੌਤੀ ਮੰਗਦੇ ਹਨ। ਹੋ ਸਕਦਾ ਹੈ ਕਿ ਹਿੰਦੂ ਨੇਤਾ ਤੋਂ ਗੈਂਗਸਟਰਾਂ ਵਲੋਂ ਫਿਰੌਤੀ ਮੰਗੀ ਗਈ ਹੋਵੇ ਅਤੇ ਉਸ ਨੇ ਉਨ੍ਹਾਂ ਦੀ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਸ ਦੀ ਹੱਤਿਆ ਕਰਵਾ ਦਿੱਤੀ ਗਈ ਹੋਵੇ। 
ਜ਼ਿਕਰਯੋਗ ਹੈ ਕਿ ਗੈਂਗਸਟਰ ਸਰਾਜ ਸਿੰਘ ਪਿਛਲੇ ਕੁਝ ਸਾਲਾਂ ਤੋਂ ਜ਼ਿਲਾ ਪੁਲਸ ਵਲੋਂ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬਾਬੀ ਮਲਹੋਤਰਾ ਦੇ ਨਾਲ ਵਾਰਦਾਤਾਂ ਵਿਚ ਜੱਗੂ ਭਗਵਾਨਪੁਰੀਆ ਦਾ ਸਾਥ ਦਿੰਦਾ ਸੀ। ਉਸ ਦੇ ਖਿਲਾਫ ਜ਼ਿਲਾ ਤਰਨਤਾਰਨ ਅਤੇ ਜ਼ਿਲਾ ਅੰਮ੍ਰਿਤਸਰ ਦੇ ਕਈ ਥਾਣਿਆਂ ਵਿਚ ਮਾਮਲੇ ਵੀ ਦਰਜ ਹਨ। 
 


Related News