ਗੋਸਾਈਂ ਕਤਲ ਕਾਂਡ ਕਿਤੇ ਪੁਲਸ ਨੂੰ ਉਲਝਾਈ ਰੱਖਣ ਦੀ ਥਿਊਰੀ ਤਾਂ ਨਹੀਂ

Tuesday, Oct 24, 2017 - 04:52 AM (IST)

ਗੋਸਾਈਂ ਕਤਲ ਕਾਂਡ ਕਿਤੇ ਪੁਲਸ ਨੂੰ ਉਲਝਾਈ ਰੱਖਣ ਦੀ ਥਿਊਰੀ ਤਾਂ ਨਹੀਂ

ਲੁਧਿਆਣਾ(ਪੰਕਜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਆਰ. ਐੱਸ. ਐੱਸ. ਵਰਕਰ ਰਵਿੰਦਰ ਗੋਸਾਈਂ ਦੇ ਕਤਲ ਦੀ ਜਾਂਚ ਐੱਨ. ਆਈ. ਏ. ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਗਏ ਹਨ, ਉੱਥੇ ਪੰਜਾਬ ਪੁਲਸ ਨੇ ਕਾਤਲਾਂ ਦੀ ਸੂਚਨਾ ਦੇਣ ਵਾਲੇ ਨੂੰ 50 ਲੱਖ ਦਾ ਇਨਾਮ ਅਤੇ ਸਬ-ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜੇਕਰ ਦੇਖਿਆ ਜਾਵੇ ਤਾਂ ਕਾਤਲਾਂ ਵੱਲੋਂ ਨਾ ਸਿਰਫ ਚੁਣ-ਚੁਣ ਕੇ ਅਜਿਹੀਆਂ ਸ਼ਖਸੀਅਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ 'ਤੇ ਹਮਲੇ ਦੀ ਗੱਲ ਕੋਈ ਸੋਚ ਵੀ ਨਹੀਂ ਸਕਦਾ। 7 ਕਤਲਾਂ ਵਿਚ ਕਾਤਲਾਂ ਦੀ ਨਾ ਸਿਰਫ ਸਟੈਟ੍ਰਜੀ ਇਕੋ ਜਿਹੀ, ਨਾਲ ਹੀ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦਾ ਵਿਵਾਦਾਂ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਸੀ ਅਤੇ ਉਨ੍ਹਾਂ ਦੇ ਕਤਲ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਰਹੀਆਂ। ਕਿਤੇ ਅਜਿਹਾ ਤਾਂ ਨਹੀਂ ਕਿ ਸ਼ੁਰੂ ਵਿਚ ਹੋਏ ਕਤਲ ਪਿੱਛੇ ਦਾ ਮਕਸਦ ਤਾਂ ਕਾਫੀ ਵੱਡਾ ਰਿਹਾ ਹੋਵੇਗਾ ਤੇ ਬਾਕੀ ਕਤਲ ਪੁਲਸ ਨੂੰ ਉਲਝਾਈ ਰੱਖਣ ਦੀ ਥਿਊਰੀ ਤਹਿਤ ਕੀਤੇ ਗਏ ਹੋਣ ਤਾਂਕਿ ਇਕ ਤੋਂ ਬਾਅਦ ਇਕ ਕਤਲ ਦੀ ਵਾਰਦਾਤ ਉਪਰੰਤ ਪੁਲਸ 'ਤੇ ਮਾਨਸਿਕ ਅਤੇ ਸਿਆਸੀ ਦਬਾਅ ਵਧਣਾ ਸੁਭਾਵਿਕ ਹੈ ਅਤੇ ਪਹਿਲੇ ਕੇਸ ਤੋਂ ਉਭਰਨ ਤੋਂ ਪਹਿਲਾਂ ਦੂਜਾ ਕਤਲ ਕਰ ਕੇ ਪੁਲਸ ਦੀ ਮਿਹਨਤ 'ਤੇ ਪਾਣੀ ਫੇਰ ਕੇ ਇਸ ਨੂੰ ਉਲਝਾਇਆ ਜਾ ਰਿਹਾ ਹੈ। 
ਫੜੇ ਗਏ ਕਈ ਅੱਤਵਾਦੀ, ਫਿਰ ਨਹੀਂ ਮਿਲੀ ਸਫਲਤਾ
ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਮੀਡੀਆ ਨਾਲ ਵਿਸ਼ੇਸ਼ ਮਿਲਣੀ ਦੌਰਾਨ ਦੱਸਿਆ ਕਿ ਪੰਜਾਬ ਪੁਲਸ ਵਲੋਂ ਸ਼੍ਰੀ ਗੁਸਾਈਂ ਦਾ ਕਤਲ ਕਰਨ ਵਾਲੇ ਮੋਟਰਸਾਈਕਲ ਸਵਾਰ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਂ ਨਾ ਸਿਰਫ ਗੁਪਤ ਰੱਖਿਆ ਜਾਵੇਗਾ, ਸਗੋਂ ਉਸ ਨੂੰ ਪੰਜਾਬ ਪੁਲਸ 50 ਲੱਖ ਦਾ ਨਕਦ ਇਨਾਮ ਅਤੇ ਸਬ-ਇੰਸਪੈਕਟਰ ਦੀ ਨੌਕਰੀ ਵੀ ਦੇਵੇਗੀ। ਅਸਲ ਵਿਚ, ਪੰਜਾਬ ਵਿਚ ਪਿਛਲੇ 2 ਸਾਲਾਂ ਦੌਰਾਨ ਹੋਏ ਵੱਖ-ਵੱਖ ਹਾਈਪ੍ਰੋਫਾਈਲ ਕਤਲਾਂ ਦਾ ਰਹੱਸ ਅਜੇ ਤੱਕ ਅਣਸੁਲਝਿਆ ਹੋਇਆ ਹੈ। ਪੰਜਾਬ ਵਿਚ ਅੱਤਵਾਦ ਦੌਰਾਨ ਆਪਣੀ ਕਾਬਲੀਅਤ ਅਤੇ ਉੱਤਮਤਾ ਸਿੱਧ ਕਰਨ ਵਾਲੀ ਪੰਜਾਬ ਪੁਲਸ ਦਾ ਇਨ੍ਹਾਂ ਕਤਲਾਂ ਨੂੰ ਸੁਲਝਾ ਨਾ ਸਕਣਾ ਅਤੇ ਜਾਂਚ ਦੀ ਜ਼ਿੰਮੇਦਾਰੀ ਰਾਸ਼ਟਰੀ ਏਜੰਸੀਆਂ ਦੇ ਹੱਥਾਂ ਵਿਚ ਚਲੇ ਜਾਣਾ ਵਿਭਾਗ ਦੇ ਤੇਜ਼ ਤਰਾਰ ਅਤੇ ਹੋਣਹਾਰ ਅਧਿਕਾਰੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਹੁਣ ਤੱਕ ਹੋਏ 7 ਹਾਈਪ੍ਰੋਫਾਈਲ ਕਤਲਾਂ ਪਿੱਛੇ ਪੁਲਸ ਵੱਲੋਂ ਮੰਨੀ ਜਾ ਰਹੀ ਅੱਤਵਾਦੀ ਜਥੇਬੰਦੀਆਂ ਦੀ ਸ਼ਮੂਲੀਅਤ ਸਬੰਧੀ ਥਿਊਰੀ 'ਤੇ ਵੀ ਇਸ ਲਈ ਸਵਾਲੀਆ ਨਿਸ਼ਾਨ ਲਗਦਾ ਦਿਖਾਈ ਦਿੰਦਾ ਹੈ ਕਿ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲਿਆਂ ਦੀ ਪੁਲਸ ਵੱਲੋਂ ਪਿਛਲੇ ਸਮੇਂ ਦੌਰਾਨ ਰਾਜ ਵਿਚ ਮੁੜ ਚੌਕਸ ਹੋਣ ਲਈ ਲਾਮਬੰਦ ਹੋ ਰਹੇ ਅੱਤਵਾਦੀ ਸੰਗਠਨਾਂ ਦੇ ਦਰਜਨਾਂ ਮੈਂਬਰਾਂ ਨੂੰ ਫੜਿਆ ਜਾ ਚੁੱਕਾ ਹੈ ਪਰ ਇਨ੍ਹਾਂ ਦੋਸ਼ੀਆਂ ਤੋਂ ਕਈ ਦਿਨਾਂ ਤੱਕ ਹੋਈ ਸਖ਼ਤੀ ਨਾਲ ਪੁੱਛਗਿੱਛ ਦੇ ਬਾਵਜੂਦ ਕਿਸੇ ਹਾਈਪ੍ਰੋਫਾਈਲ ਕਤਲ ਦੀ ਗੁੱਥੀ ਨਹੀਂ ਸੁਲਝ ਸਕੀ, ਜਿਸ ਕਾਰਨ ਇਹ ਸਪੱਸ਼ਟ ਹੈ ਕਿ ਜਾਂ ਤਾਂ ਇਨ੍ਹਾਂ ਕਤਲਾਂ ਦੇ ਸੂਤਰਧਾਰ ਅੱਤਵਾਦੀ ਗਰੁੱਪ ਤੱਕ ਪੁਲਸ ਪਹੁੰਚ ਨਹੀਂ ਸਕੀ ਜਾਂ ਫਿਰ ਇਨ੍ਹਾਂ ਘਟਨਾਵਾਂ ਪਿੱਛੇ ਵਜ੍ਹਾ ਅਤੇ ਦੋਸ਼ੀ ਅਜਿਹੇ ਹਨ, ਜਿਨ੍ਹਾਂ ਵੱਲ ਪੁਲਸ ਦਾ ਧਿਆਨ ਨਹੀਂ ਜਾ ਰਿਹਾ ਹੈ, ਕਿਉਂਕਿ ਸਾਰੇ ਕਤਲਾਂ ਪਿੱਛੇ ਦੀ ਥਿਊਰੀ ਕਾਤਲਾਂ ਦੀ ਗਿਣਤੀ, ਵਾਰਦਾਤ ਦਾ ਤਰੀਕਾ ਖਾਸ ਕਰ ਕੇ ਮਾਰਨ ਵਾਲੇ ਦੋਸ਼ੀਆਂ ਦਾ ਮੁੱਖ ਰੂਪ ਨਾਲ ਇਕੋ ਜਿਹਾ ਹੈ। ਕਿਤੇ ਨਾ ਕਿਤੇ ਕੁੱਝ ਅਜਿਹਾ ਹੈ, ਜੋ ਪੁਲਸ ਦੀ ਪੈਨੀ ਨਜ਼ਰ ਤੋਂ ਹੁਣ ਤੱਕ ਬਚਦਾ ਜਾ ਰਿਹਾ ਹੈ ਅਤੇ ਕਾਤਲ ਵਾਰਦਾਤ 'ਤੇ ਵਾਰਦਾਤ ਕਰ ਕੇ ਪੁਲਸ ਨੂੰ ਚੁਣੌਤੀ ਦਿੰਦੇ ਜਾ ਰਹੇ ਹਨ।


Related News