ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮਨੀਲਾ ''ਚ ਹੱਤਿਆ
Wednesday, Sep 20, 2017 - 04:07 AM (IST)

ਨਕੋਦਰ(ਰਜਨੀਸ਼)-ਰੋਜ਼ੀ-ਰੋਟੀ ਖਾਤਿਰ ਮਨੀਲਾ ਗਏ ਮੁਹੱਲਾ ਟੰਡਨਾਂ ਦੇ ਨੌਜਵਾਨ ਦੀ ਹੱਤਿਆ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਨਿੱਝਰ ਨੇ ਦੱਸਿਆ ਕਿ ਉਸ ਦਾ 29 ਸਾਲਾ ਪੁੱਤਰ ਅਮਨਦੀਪ 10 ਸਾਲ ਪਹਿਲਾਂ ਰੋਜ਼ੀ-ਰੋਟੀ ਖਾਤਿਰ ਮਨੀਲਾ ਗਿਆ ਸੀ। ਅਮਨਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਖਬਰ ਮਿਲੀ ਕਿ ਅਮਨਦੀਪ ਦੀ ਮਨੀਲਾ 'ਚ ਹੱਤਿਆ ਕਰ ਦਿੱਤੀ ਗਈ ਹੈ। ਮੌਤ ਦੀ ਖਬਰ ਮਿਲਦਿਆਂ ਹੀ ਲੋਕ ਉਨ੍ਹਾਂ ਦੇ ਘਰ ਅਫਸੋਸ ਕਰਨ ਲਈ ਜੁੜਨੇ ਸ਼ੁਰੂ ਹੋ ਗਏ। ਪਰਿਵਾਰਕ ਸੂਤਰਾਂ ਅਨੁਸਾਰ ਅਮਨਦੀਪ ਦੀ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੁਹੱਲਾ ਕਿਸ਼ਨ ਨਗਰ ਵਾਸੀ ਜਤਿੰਦਰ ਸਿੰਘ ਦੀ ਵੀ ਮਨੀਲਾ 'ਚ ਹੱਤਿਆ ਕਰ ਦਿੱਤੀ ਗਈ ਸੀ।