ਪੋਸਟਮਾਰਟਮ ਉਪਰੰਤ ਖੁਲਾਸਾ : ਮ੍ਰਿਤਕਾ ਗਿਰਿਜਾ ਦੇਵੀ ਤੇ ਹੱਤਿਆਰਿਆਂ ''ਚ ਹੋਈ ਸੀ ਹੱਥੋਪਾਈ
Tuesday, Sep 19, 2017 - 04:49 AM (IST)
ਜਲੰਧਰ(ਪ੍ਰੀਤ)—ਨੇੜਲੇ ਪਿੰਡ ਹੇਲਰਾਂ ਵਿਖੇ ਮਾਰੀ ਗਈ ਗਿਰਿਜਾ ਦੇਵੀ ਅਤੇ ਹਤਿਆਰਿਆਂ ਵਿਚਕਾਰ ਕਾਫੀ ਹੱਥੋਪਾਈ ਹੋਈ ਸੀ। ਗਿਰਿਜਾ ਦੇਵੀ ਦੇ ਨਹੁੰਆਂ 'ਚ ਹਤਿਆਰਿਆਂ ਦਾ ਮਾਸ, ਚਮੜੀ ਆਦਿ ਵੀ ਪਾਏ ਗਏ ਹਨ। ਇਹ ਖੁਲਾਸਾ ਪੋਸਟਮਾਰਟਮ ਦੌਰਾਨ ਹੋਇਆ। ਤੱਥ ਸਾਹਮਣੇ ਆਇਆ ਹੈ ਕਿ ਗਿਰਿਜਾ ਦੇਵੀ ਦੇ ਸਿਰ 'ਤੇ ਭਾਰੀ ਚੀਜ਼ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਸਦੇ ਸਿਰ ਦੀ ਹੱਡੀ ਟੁੱਟੀ। ਗਿਰਿਜਾ ਦੇਵੀ ਦੀ ਹੱਤਿਆ ਪੁਰਾਣੇ ਝਗੜੇ ਦਾ ਨਤੀਜਾ ਦੱਸੀ ਜਾ ਰਹੀ ਹੈ। ਓਧਰ ਪੁਲਸ ਨੇ ਵਾਰਦਾਤ ਲਗਭਗ ਟਰੇਸ ਕਰ ਲਈ ਹੈ। ਮੰਗਲਵਾਰ ਨੂੰ ਹੱਤਿਆਕਾਂਡ ਦਾ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਸ ਨੇ ਗਿਰਿਜਾ ਦੇਵੀ ਦੀ ਲਾਸ਼ ਦਾ ਪੋਸਟਮਾਰਟਮ ਮੈਡੀਕਲ ਬੋਰਡ ਤੋਂ ਕਰਵਾਇਆ, ਕਿਉਂਕਿ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਗਿਰਿਜਾ ਦੇਵੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਵੀ ਹੋਈ ਹੈ। ਸੂਤਰਾਂ ਮੁਤਾਬਕ ਪੋਸਟਮਾਰਟਮ ਦੌਰਾਨ ਗਿਰਿਜਾ ਦੇਵੀ ਦੇ ਸਰੀਰ 'ਤੇ ਹੋਰ ਵੀ ਕੁੱਟਮਾਰ ਦੇ ਨਿਸ਼ਾਨ ਪਾਏ ਗਏ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਵਾਰਦਾਤ ਵਿਚ ਸ਼ਾਮਲ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹੋਰਨਾਂ ਨੌਜਵਾਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
