ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਰੋਧ ''ਚ ਪੱਤਰਕਾਰਾਂ ਕੱਢਿਆ ਰੋਸ ਮਾਰਚ

Saturday, Sep 09, 2017 - 12:11 AM (IST)

ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਰੋਧ ''ਚ ਪੱਤਰਕਾਰਾਂ ਕੱਢਿਆ ਰੋਸ ਮਾਰਚ

ਮੱਖੂ(ਵਾਹੀ)—ਕਰਨਾਟਕ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਰੋਧ ਵਿਚ ਮੱਖੂ ਸ਼ਹਿਰ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਮੱਖੂ ਦੇ ਡਾ. ਰਣਜੀਤ ਸਿੰਘ ਚੌਕ ਤੋਂ ਲੈ ਕੇ ਮੇਨ ਬਾਜ਼ਾਰ 'ਚੋਂ ਹੁੰਦੇ ਹੋਏ ਜ਼ਿਲਾ ਚੌਕੀ ਰਸੂਲ ਰੋਡ ਤੱਕ ਜ਼ਬਰਦਸਤ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਮੋਢਿਆਂ 'ਤੇ ਕਾਲੀਆਂ ਪਟੀਆਂ ਬੱਨ੍ਹ ਕੇ, ਹੱਥਾਂ ਵਿਚ ਕਾਲੇ ਝੰਡੇ ਅਤੇ ਪ੍ਰੈੱਸ ਦੀ ਆਜ਼ਾਦੀ ਦੀ ਬਹਾਲੀ ਲਈ ਨਾਅਰੇ ਲਿੱਖੀਆਂ ਤਖਤੀਆਂ ਲੈ ਕੇ ਸ਼ਹੀਦ ਪੱਤਰਕਾਰ ਗੌਰੀ ਲੰਕੇਸ਼ ਅਮਰ ਰਹੇ ਦੇ ਨਾਅਰੇ ਲਾਏ। ਇਸ ਮੌਕੇ ਆਪਣੇ ਸੰਬੋਧਨ ਵਿਚ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਤੇ ਅਜਮੇਰ ਸਿੰਘ ਕਾਲੜਾ ਨੇ ਕਿਹਾ ਸੱਚ ਲਿਖਣ ਵਾਲੀ ਪੱਤਰਕਾਰਾ ਗੌਰੀ ਲੰਕੇਸ਼ ਦੀ ਹੱਤਿਆ ਇਕ ਵਿਅਕਤੀ ਦੀ ਹੱਤਿਆ ਨਹੀਂ ਬਲਕਿ ਭ੍ਰਿਸ਼ਟਾਚਾਰ, ਸਰਕਾਰੀ ਹਨੇਰਗਰਦੀ, ਨੱਸ਼ੇ ਅਤੇ ਰੋਜ਼ਾਨਾ ਹੋ ਰਹੇ ਲੋਕ-ਤੰਤਰ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮੁੱਚੇ ਲੋਕਤੰਤਰ ਦੇ ਚੌਥੇ ਥੰਮ ਵੱਜੋਂ ਜਾਣੇ ਜਾਂਦੇ ਪੱਤਰਕਾਰਾਂ ਦੇ ਬੋਲਣ, ਲਿਖਣ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਕਤਲ ਹੈ, ਜਿਸ ਨੂੰ ਪੱਤਰਕਾਰ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੋਕ ਪੱਖੀ ਪੱਤਰਕਾਰ ਗੋਵਿੰਦ ਪਨਸਾਰੇ, ਐੱਮ. ਐੱਮ. ਕਲਬੁਰਗੀ ਅਤੇ ਨਰਿੰਦਰ ਦਾਬੋਲਕਰ ਦਾ ਵੀ ਸੱਚ ਲਿਖਣ ਕਰਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਕਾਤਲ ਅਜੇ ਤੱਕ ਫੜ੍ਹੇ ਨਹੀਂ ਗਏ ਅਤੇ ਇਸੇ ਲੜੀ ਤਹਿਤ ਹੀ ਗੌਰੀ ਲੰਕੇਸ਼ ਵੱਲੋਂ ਸੱਚ ਲਿਖਣ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਸ ਮੌਕੇ ਸਮੁਚੇ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਇਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਪੱਤਰਕਾਰ ਭਾਈਚਾਰਾ ਸੱਚ 'ਤੇ ਪਹਿਰਾ ਦਿੰਦਾ ਰਹੇਗਾ। ਇਸ ਮੌਕੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ, ਅਜਮੇਰ ਸਿੰਘ ਕਾਲੜਾ, ਮੁਖਤਿਆਰ ਸਿੰਘ ਧੰਜੂ, ਲਖਵਿੰਦਰ ਸਿੰਘ ਵਾਹੀ, ਕੇਵਲ ਆਹੂਜਾ, ਵਰਿੰਦਰ ਮਨਚੰਦਾ, ਬਲਵੀਰ ਲਹਿਰਾ, ਮੇਜਰ ਸਿੰਘ ਥਿੰਦ, ਰਾਜੀਵ ਆਹੂਜਾ, ਪ੍ਰੇਮ ਆਹੂਜਾ, ਪਰਮਜੀਤ ਸਿੰਘ ਧੰਜੂ, ਰੂਪ ਲਾਲ ਭੱਟੀ, ਕੁਲਵਿੰਦਰ ਸਿੰਘ ਤੋਂ ਇਲਾਵਾ ਬੁੱਧੀਜੀਵੀ ਵਰਗ ਨਾਲ ਸਬੰਧਿਤ ਮਾਸਟਰ ਬਲਜਿੰਦਰ ਸਿੰਘ, ਮਾਸਟਰ ਗੁਰਦੀਪ ਸਿੰਘ, ਕਾਮਰੇਡ ਕਸ਼ਮੀਰ ਸਿੰਘ, ਮਹਿਲ ਸਿੰਘ ਵਰ੍ਹਿਆਂ, ਰਸ਼ਪਾਲ ਸਿੰਘ ਸੰਧੂ, ਸੇਵਾ ਸਿੰਘ ਗੋਗੀਆ, ਡਾ: ਸੁਰਿੰਦਰ ਸਿੰਘ ਪੱਪਾ ਆਦਿ ਹਾਜ਼ਰ ਸਨ।


Related News