ਜਿਸ ਵਿਅਕਤੀ ਦੇ ਕਤਲ ''ਚ ਹੋਈ ਉਮਰ ਕੈਦ, ਜ਼ਮਾਨਤ ''ਤੇ ਆ ਕੇ ਉਸੇ ਦੀ ਪਤਨੀ ਦਾ ਕੀਤਾ ਕਤਲ

Friday, Dec 20, 2019 - 06:41 PM (IST)

ਧੂਰੀ (ਸੰਜੀਵ ਜੈਨ) : ਥਾਣਾ ਸਦਰ ਧੂਰੀ ਵਿਖੇ ਨੇੜਲੇ ਪਿੰਡ ਚਾਂਗਲੀ ਦੀ ਇਕ ਵਿਧਵਾ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਤਲ ਦੇ ਦੋਸ਼ ਹੇਠ ਪਿੰਡ ਦੇ ਹੀ ਸੁਖਦੇਵ ਸਿੰਘ ਪੁੱਤਰ ਚਮਕੌਰ ਸਿੰਘ ਸਮੇਤ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਕਤਲ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਸੁਖਦੇਵ ਸਿੰਘ ਨੂੰ ਇਕ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਲ 2013 ਵਿਚ ਮ੍ਰਿਤਕਾ ਦੇ ਪਤੀ ਨਛੱਤਰ ਸਿੰਘ ਦਾ ਕਤਲ ਕਰਨ ਦੇ ਦੋਸ਼ ਹੇਠ ਮਾਨਯੋਗ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਕਤ ਮਾਮਲੇ ਵਿਚ ਦੋਸ਼ੀ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।

ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕਾ ਪਰਮਜੀਤ ਕੌਰ (70) ਪਿੰਡ ਚਾਂਗਲੀ ਵਿਖੇ ਨਛੱਤਰ ਸਿੰਘ ਪੁੱਤਰ ਗੱਜਣ ਸਿੰਘ ਨਾਲ ਵਿਆਹੀ ਹੋਈ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਸਾਲ 2013 ਵਿਚ ਪਿੰਡ ਦੇ ਹੀ ਸੁਖਦੇਵ ਸਿੰਘ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਉਸ ਦੇ ਪਤੀ ਨਛੱਤਰ ਸਿੰਘ ਦਾ ਕਤਲ ਕਰ ਦਿੱਤਾ, ਜਿਸ ਦੇ ਚੱਲਦਿਆਂ ਸੁਖਦੇਵ ਸਿੰਘ ਨੂੰ ਅਦਾਲਤ ਵਲੋਂ ਮਾਰਚ 2017 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਉਹ ਜ਼ਮਾਨਤ 'ਤੇ ਆਇਆ ਹੋਇਆ ਸੀ। ਮ੍ਰਿਤਕਾ ਦੇ ਕੋਈ ਔਲਾਦ ਨਾ ਹੋਣ ਕਾਰਣ ਉਸ ਕੋਲ ਉਸ ਦੀ ਭਤੀਜੀ ਅਤੇ ਭਤੀਜ ਜਵਾਈ ਬਲਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਘਨੌਰੀ ਕਲਾਂ ਹਾਲ ਅਬਾਦ ਪਿੰਡ ਮਹਿਲ ਕਲਾਂ (ਬਰਨਾਲਾ) ਹੀ ਆਉਂਦੇ ਜਾਂਦੇ ਸਨ।

ਲੰਘੇ ਦਿਨ ਜਦੋਂ ਮ੍ਰਿਤਕਾ ਦਾ ਭਤੀਜ ਜਵਾਈ ਬਲਜਿੰਦਰ ਸਿੰਘ ਆਪਣੀ ਪਤਨੀ ਦੀ ਭੂਆ ਨੂੰ ਮਿਲਣ ਲਈ ਪਿੰਡ ਚਾਂਗਲੀ ਗਿਆ ਸੀ। ਉੱਥੇ ਉਸ ਨੇ ਵੇਖਿਆ ਕਿ ਪਰਮਜੀਤ ਕੌਰ ਦੀ ਲਾਸ਼ ਮੰਜੇ 'ਤੇ ਪਈ ਸੀ ਅਤੇ ਉਸ ਦਾ ਕਿਸੇ ਨੇ ਮੂੰਹ ਵਿਚ ਰੁਮਾਲ ਪਾ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਬਲਜਿੰਦਰ ਸਿੰਘ ਵਲੋਂ ਇਸ ਕਤਲ ਦਾ ਸ਼ੱਕ ਸੁਖਦੇਵ ਸਿੰਘ ਅਤੇ ਉਸ ਦੇ ਨਾਮਾਲੂਮ ਸਾਥੀਆਂ 'ਤੇ ਜ਼ਾਹਰ ਕਰਨ ਦੇ ਚੱਲਦਿਆਂ ਪੁਲਸ ਵਲੋਂ ਸੁਖਦੇਵ ਸਿੰਘ ਅਤੇ ਉਸ ਦੇ ਨਾਮਾਲੂਮ ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਪੁਲਸ ਵਲੋਂ ਮ੍ਰਿਤਕਾ ਪਰਮਜੀਤ ਕੌਰ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।


Gurminder Singh

Content Editor

Related News