ਲੁੱਟਾਂ ਖੋਹਾਂ ਤੇ ਇਰਾਦਾ ਕਤਲ ''ਚ ਭਗੌੜੇ ਪਤੀ-ਪਤਨੀ ਗ੍ਰਿਫਤਾਰ

01/12/2019 5:36:33 PM

ਸੰਗਰੂਰ (ਬੇਦੀ, ਜਨੂਹਾ, ਬਾਵਾ) : ਪੁਲਸ ਨੇ ਲੁੱਟਾਂ-ਖੋਹਾਂ ਅਤੇ ਇਰਾਦਾ ਕਤਲ ਦੇ ਮੁਕੱਦਮਿਆਂ ਵਿਚ ਭਗੌੜੇ ਦੋਸ਼ੀ ਪਤੀ-ਪਤਨੀ  ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਕਾਬੂ ਕੀਤਾ ਹੈ ਜਦਕਿ ਇਕ ਦੇਸੀ ਕੱਟਾ ਤੇ 2 ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮਿਤੀ 23.12.2018 ਨੂੰ ਜਗਤਾਰ ਸਿੰਘ ਉਰਫ਼ ਭੋਲਾ ਪੁੱਤਰ ਗੁਰਦੇਵ ਸਿੰਘ ਵਾਸੀ ਭੰਗੂਆਂ ਪੱਤੀ ਮਹਿਲਾਂ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ 23.12.2018 ਨੂੰ ਵਕਤ ਕਰੀਬ ਸ਼ਾਮ 6.50 ਵਜੇ ਕਰਮਜੀਤ ਸਿੰਘ ਉਰਫ਼ ਕਾਲੀ ਪੁੱਤਰ ਬਲਕਰਨ ਸਿੰਘ ਵਾਸੀ ਬੀਹਲਾ ਜੋ ਕਿ ਮੁਦੱਈ ਦੇ ਗੁਆਂਢ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਸ਼ਰਾਬ ਪੀ ਕੇ ਆਪਣੀ ਘਰਵਾਲੀ ਪ੍ਰਭਜੀਤ ਕੌਰ ਸਮੇਤ ਮੁਦੱਈ ਨੂੰ ਗਾਲੀ-ਗਲੋਚ ਕਰਨ ਲੱਗ ਪਏ ਜਦੋਂ ਮੁਦੱਈ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਲੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਮੁਦੱਈ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਦਾਗ ਦਿੱਤੇ ਤੇ ਮੌਕੇ ਤੋਂ ਹਥਿਆਰ ਸਮੇਤ ਫਰਾਰ ਹੋ ਗਿਆ। ਇਸ ਸਬੰਧੀ ਅਸਲਾ ਐਕਟ ਤਹਿਤ ਥਾਣਾ ਛਾਂਜਲੀ 'ਚ ਮੁਕੱਦਮਾ ਦਰਜ ਵੀ ਕਰਵਾਇਆ ਗਿਆ। 
ਉਕਤ ਮੁਕੱਦਮੇ ਦੇ ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਲੀ ਨੇ ਸਮੇਤ ਦੋ ਨਾ ਮਾਲੂਮ ਵਿਅਕਤੀਆਂ 'ਤੇ ਮਿਤੀ 23.12.2018 ਦੀ ਹੀ ਰਾਤ ਨੂੰ ਕਰੀਬ 7.15 ਵਜੇ ਅੰਤਰਜਾਮੀ ਪੁੱਤਰ ਗੁਰਦਿਆਲ ਸਿੰਘ ਵਾਸੀ ਖਡਿਆਲ ਰੋਡ ਮਹਿਲਾਂ ਨੂੰ ਬਾਹੱਦ ਪਿੰਡ ਮਹਿਲਾਂ ਘੇਰ ਕੇ ਪਿਸਤੌਲ ਦੇ ਨੌਕ 'ਤੇ ਉਸਦਾ ਮੋਟਰਸਾਇਕਲ ਖੋਹ ਲਿਆ ਅਤੇ ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਲੀ ਉਕਤ ਨੇ ਆਪਣੇ ਪਿਸਤੌਲ ਨਾਲ ਇਕ ਫਾਇਰ ਵੀ ਕੀਤਾ। 
ਉਪਰੋਕਤ ਮੁਕੱਦਮਿਆਂ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵਿਲੀਅਮ ਜੇਜੀ ਪੀ.ਪੀ.ਐਸ. ਉਪ ਕਪਤਾਨ ਪੁਲਸ ਸਬ ਡਵੀਜ਼ਨ ਦਿੜਬਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਮੁੱਖ ਅਫ਼ਸਰ ਥਾਣਾ ਛਾਜਲੀ ਅਤੇ ਥਾਣੇਦਾਰ ਹੀਰਾ ਸਿੰਘ ਇੰਚਾਰਜ ਚੌਂਕੀ ਮਹਿਲਾਂ ਦੀਆਂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ।
ਪੁਲਸ ਪਾਰਟੀ 'ਤੇ ਵੀ ਕੀਤੇ ਫਾਇਰ
ਡਾ. ਗਰਗ ਨੇ ਅੱਗੇ ਦੱਸਿਆ ਕਿ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਲਈ ਪਿੰਡ ਮਹਿਲਾਂ ਤੋਂ ਨਾਗਰੀ ਜਾ ਰਹੇ ਸੀ ਤਾਂ ਸ਼ਾਮ 4.30 ਵਜੇ ਬਾਹੱਦ ਨਾਗਰੀ ਪਿੰਡ ਨੇੜੇ ਕਰਮਜੀਤ ਸਿੰਘ ਉਰਫ਼ ਕਾਲੀ, ਹਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੰਬਰੀ ਮੋਟਰਸਾਇਕਲ 'ਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਣਾ ਚਾਹਿਆ ਤਾਂ ਉਕਤ ਦਾ ਮੋਟਰਸਾਇਕਲ ਸਲਿੱਪ ਹੋ ਗਿਆ। ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਲੀ, ਹਰਪ੍ਰੀਤ ਸਿੰਘ ਉਕਤ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਪੁਲਸ 'ਤੇ ਫਾਇਰ ਕਰ ਦਿੱਤੇ ਅਤੇ ਇਹ ਸਾਰੇ ਵਿਅਕਤੀ ਫਾਇਰ ਕਰਦੇ ਹੋਏ ਖੇਤਾਂ ਵੱਲ ਨੂੰ ਭੱਜ ਗਏ ਜਿਸ ਸਬੰਧੀ ਇਕ ਹੋਰ ਮਾਮਲਾ ਅਸਲਾ ਐਕਟ ਤਹਿਤ ਥਾਣਾ ਛਾਂਜਲੀ 'ਚ ਦਰਜ ਕੀਤੀ ਗਿਆ ਹੈ। 
ਦੌਰਾਨੇ ਤਫਤੀਸ਼ ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਲੀ, ਪ੍ਰਭਜੀਤ ਕੌਰ ਉਕਤ 11-01-2019 ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚ ਇਕ ਪਿਸਤੌਲ ਦੇਸੀ ਤੇ ਸਮੇਤ 2 ਕਾਰਤੂਸ ਜ਼ਿੰਦਾ ਬਰਾਮਦ ਕਰਾਏ। ਇਸ ਤੋਂ ਇਲਾਵਾ ਇਨ੍ਹਾਂ ਦੇ ਸਾਥੀ ਜਗਦੀਪ ਸਿੰਘ ਪੁੱਤਰ ਗਮਦੂਰ ਸਿੰਘ ਨੂੰ ਮੁਕੱਦਮਾ 'ਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਹਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਉਕਤਾਨ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Related News