ਕਤਲ ਦੇ ਦੋਸ਼ ''ਚ 2 ਸਕੇ ਭਰਾਵਾਂ ਸਮੇਤ 4 ਨੂੰ ਉਮਰ ਕੈਦ
Wednesday, Jan 08, 2020 - 06:18 PM (IST)
ਮਾਨਸਾ (ਸੰਦੀਪ ਮਿੱਤਲ) : ਜ਼ਿਲਾ ਮਾਨਸਾ ਦੀ ਅਦਾਲਤ ਵੱਲੋਂ ਨੌਜਵਾਨ ਦੇ ਕਤਲ ਕੇਸ ਦੀ ਸੁਣਵਾਈ ਕਰਦਿਆਂ ਦੋ ਸਕੇ ਭਰਾਵਾਂ ਸਮੇਤ ਚਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 28 ਨਵੰਬਰ 2014 ਨੂੰ ਕਸਬਾ ਭੀਖੀ ਵਿਖੇ ਸ਼ਾਮ ਦੇ ਸਮੇਂ ਬਾਜ਼ਾਰ 'ਚ ਆਪਣੀ ਮਾਤਾ ਨਾਲ ਸਬਜ਼ੀ ਖਰੀਦਣ ਆਏ ਇਕ ਨੌਜਵਾਨ ਸਿਮਰਪ੍ਰੀਤ ਸਿੰਘ ਉਰਫ਼ ਮੋਨੂ ਦਾ ਆਪਸੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਇਸ ਸਬੰਧੀ ਮ੍ਰਿਤਕ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ 'ਤੇ ਥਾਣਾ ਭੀਖੀ ਦੀ ਪੁਲਸ ਨੇ ਪ੍ਰਿਤਪਾਲ ਸਿੰਘ ਅਤੇ ਹਰਦੀਪ ਸਿੰਘ ਪੁੱਤਰਾਨ ਨਿਹਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀਆਨ ਭੀਖੀ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲ੍ਹਣ ਦੀ ਅਦਾਲਤ ਵੱਲੋਂ ਉਕਤ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ।