ਕਤਲ ਕਰਕੇ ਫਰਾਰ ਹੋਇਆ ਮੁਲਜ਼ਮ 2 ਦਿਨ ਬਾਅਦ ਨੰਗਲ ਪੁਲਸ ਅੜਿੱਕੇ
Friday, Sep 10, 2021 - 05:58 PM (IST)
ਨੰਗਲ (ਗੁਰਭਾਗ) : ਨੰਗਲ ਪੁਲਸ ਵੱਲੋਂ ਪਿੰਡ ਨਾਨਗਰਾਂ ਵਿਖੇ ਆਪਣੀ ਪਤਨੀ ਦਾ ਕਤਲ ਕਰਕੇ ਫਰਾਰ ਹੋ ਜਾਣੇ ਪ੍ਰਵਾਸੀ ਵਿਅਕਤੀ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ। ਪ੍ਰੈਸ ਨੋਟ ਜਾਰੀ ਕਰਦਿਆਂ ਨੰਗਲ ਥਾਣਾ ਮੁਖੀ ਪਵਨ ਚੌਧਰੀ ਨੇ ਕਿਹਾ ਕਿ 8 ਸਤੰਬਰ ਨੂੰ ਇਕ ਡਾਕਟਰੀ ਰੁੱਕਾ, ਰੀਮਾ ਪਤਨੀ ਰਾਈਮਲ, ਵਾਸੀ ਪਿੰਡ ਸਰਬਾ, ਜ਼ਿਲ੍ਹਾ ਬੇਤੀਆਂ, ਬਿਹਾਰ, ਹਾਲ ਵਾਸੀ ਪਿੰਡ ਨਾਨਗਰਾਂ, ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਦਾ ਮ੍ਰਿਤਕ ਹਾਲਤ ਵਿਚ ਬੀਬੀਐੱਮਬੀ ਹਸਪਤਾਲ ਨੰਗਲ ਤੋਂ ਪ੍ਰਾਪਤ ਹੋਇਆ ਸੀ। ਜਿਸਦੇ ਸਬੰਧ ਵਿਚ ਇੰਸਪੈਕਟਰ ਪਵਨ ਕੁਮਾਰ ਦੀ ਪੁਲਸ ਪਾਰਟੀ ਮੌਕੇ ਤੇ ਪੁੱਜੀ ਤੇ ਮ੍ਰਿਤਕ ਦੀ ਮੌਤ ਸਬੰਧੀ ਪੜਤਾਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਾਕਿਰ ਮੀਆਂ ਪੁੱਤਰ ਨਾਸੂਲਾ ਮੈਨ, ਪਿੰਡ ਸਹਿਲਾਲਾ, ਬਿਹਾਰ ਦੇ ਬਿਆਨ ਤੇ ਮੁਕੱਦਮਾ ਨੰਬਰ 137 ਧਾਰਾ 302 ਆਈਪੀਸੀ ਅਧੀਨ, ਰੀਮਾ ਦੇ ਪਤੀ ਰਾਈਮਲ ਦੇ ਖ਼ਿਲਾਫ਼ ਦਰਜ ਕੀਤਾ ਗਿਆ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਸਖ਼ਤ ਹਿਦਾਇਤਾਂ ਮਿਲੀਆਂ ਸਨ ਕਿ ਉਕਤ ਦੋਸ਼ੀ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਜਿਸਦੇ ਸਬੰਧ ਵਿਚ ਅਜਿੰਦਰ ਸਿੰਘ ਕਪਤਾਨ ਪੁਲਸ ਡਿਟੇਕਟਿਵ ਰੂਪਨਗਰ ਅਤੇ ਉਪ ਕਪਤਾਨ ਪੁਲਸ ਸਭ ਡਵੀਜਨ ਨੰਗਲ ਰਮਿੰਦਰ ਸਿੰਘ ਕਾਹਲੋ ਦੀ ਨਿਗਰਾਨੀ ਵਿਚ ਇੰਸ. ਪਵਨ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਕਤ ਦੋਸ਼ੀ ਨੰਗਲ ਏਰੀਆ ‘ਚੋਂ ਹੀ ਫੜਿਆ ਗਿਆ ਹੈ। ਜਿਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਬੋਲਟ ਲੋਹਾ ਵੀ ਬਰਾਮਦ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਮਗਰੋਂ ਕਤਲ ਦਾ ਕਾਰਨ ਦੋਸ਼ੀ ਵੱਲੋਂ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਨਾ ਸੀ। ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।