ਮਜੀਠੀਆ ਦੇ ਸਿਆਸੀ ਸਲਾਹਕਾਰ ਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ''ਚ ਖੜਕੀ
Friday, Dec 08, 2017 - 06:47 AM (IST)
ਅੰਮ੍ਰਿਤਸਰ (ਛੀਨਾ) - ਗੁਰੂ ਨਗਰੀ ਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਤੇ ਜ਼ਿਲਾ ਅਕਾਲੀ ਜਥਾ ਬਾਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ 'ਚ ਖੂਬ ਖੜਕੀ ਹੈ, ਜਿਸ ਨਾਲ ਸਰਦ ਰੁੱਤ 'ਚ ਹੀ ਅੰਮ੍ਰਿਤਸਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਜਿਥੋਂ ਪਹਿਲਾਂ ਕੌਂਸਲਰ ਬਣੇ ਸਨ ਉਹ ਵਾਰਡ ਮਹਿਲਾ ਰਿਜ਼ਰਵ ਹੋਣ ਕਾਰਨ ਉਨ੍ਹਾਂ ਵਾਰਡ-62 ਤੋਂ ਦਾਅਵੇਦਾਰੀ ਕਰ ਦਿੱਤੀ, ਜਿਹੜੀ ਕਿ ਭਾਜਪਾ ਦੇ ਕੋਟੇ 'ਚ ਸੀ, ਜਿਸ ਨੂੰ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਨੇ ਜੋੜ-ਤੋੜ ਕਰਦਿਆਂ ਅਕਾਲੀ ਦਲ ਦੇ ਕੋਟੇ 'ਚ ਪਵਾ ਲਿਆ ਤੇ ਢੋਟ ਨੂੰ ਉਕਤ ਵਾਰਡ 'ਚੋਂ ਟਿਕਟ ਦੇਣ ਦੀ ਤਿਆਰੀ ਵੀ ਹੋ ਗਈ ਪਰ ਐਨ ਮੌਕੇ 'ਤੇ ਤਲਬੀਰ ਗਿੱਲ ਦੇ ਖਾਸਮਖਾਸ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਢੋਟ ਨੂੰ ਟਿਕਟ ਦੇਣ ਦਾ ਜ਼ੋਰਦਾਰ ਵਿਰੋਧ ਕਰ ਦਿੱਤਾ, ਜਿਸ ਨੂੰ ਲੈ ਕੇ ਗਿੱਲ ਤੇ ਟਿੱਕਾ 'ਚ ਕਾਫੀ ਤਲਖਬਾਜ਼ੀ ਵੀ ਹੋਈ।
ਤਲਬੀਰ ਗਿੱਲ ਨੇ ਦਲੀਲ ਦਿੱਤੀ ਸੀ ਕਿ ਵਾਰਡ-62 'ਚ ਵੱਡੀ ਗਿਣਤੀ 'ਚ ਸਿੱਖ ਵੋਟਰ ਹਨ ਤੇ ਸਿੱਖ ਕੌਮ ਦੇ ਵੱਡੇ ਪੱਧਰ 'ਤੇ ਮਸਲੇ ਉਠਾਉਣ ਵਾਲਾ ਢੋਟ ਇਸ ਵਾਰਡ 'ਚੋਂ ਸੀਟ ਕੱਢਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਪਰ ਸ਼ਹਿਰੀ ਪ੍ਰਧਾਨ ਟਿੱਕਾ ਦੇ ਵਿਰੋਧ ਕਾਰਨ ਢੋਟ ਦੀ ਅਖੀਰ ਵਾਰਡ-62 'ਚੋਂ ਟਿਕਟ ਕੱਟ ਕੇ ਉਸ 'ਤੇ ਵਾਰਡ-63 'ਚੋਂ ਚੋਣ ਲੜਨ ਲਈ ਦਬਾਅ ਬਣਾਇਆ ਗਿਆ, ਜਿਸ ਲਈ ਢੋਟ ਬਿਲਕੁਲ ਸਹਿਮਤ ਨਹੀਂ ਸੀ ਪਰ ਇਸ ਘਟਨਾਚੱਕਰ ਦੌਰਾਨ ਇਕ ਦੂਜੇ ਲਈ ਘਿਉ-ਖਿਚੜੀ ਸਮਝੇ ਜਾਣ ਵਾਲੇ ਤਲਬੀਰ ਗਿੱਲ ਤੇ ਟਿੱਕਾ ਦਰਮਿਆਨ ਵੀ ਦੂਰੀਆਂ ਪੈਦਾ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਦੱਖਣੀ ਤੋਂ ਚੋਣ ਲੜ ਕੇ ਤੀਜਾ ਸਥਾਨ ਹਾਸਲ ਕਰਨ ਵਾਲੇ ਟਿੱਕਾ ਨੂੰ ਦੁਬਾਰਾ ਸ਼ਹਿਰੀ ਪ੍ਰਧਾਨ ਬਣਾਉਣ 'ਚ ਮਾਝੇ ਦੀ ਸਿਆਸਤ ਵਿਚ ਵੱਡਾ ਰੁਤਬਾ ਰੱਖਣ ਵਾਲੇ ਤਲਬੀਰ ਗਿੱਲ ਦਾ ਵੀ ਵੱਡਾ ਰੋਲ ਹੈ ਪਰ ਗਿੱਲ ਖਿਲਾਫ ਜਾਣ ਨਾਲ ਹੁਣ ਆਉਣ ਵਾਲੇ ਦਿਨਾਂ 'ਚ ਅੰਮ੍ਰਿਤਸਰ ਦੀ ਸਿਆਸਤ 'ਚ ਵੀ ਪੂਰੀ ਹਲਚਲ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼ਹਿਰੀ ਪ੍ਰਧਾਨ ਟਿੱਕਾ ਵੱਲੋਂ ਭਾਵੇਂ ਇਸ ਮਸਲੇ ਨੂੰ ਅਫਵਾਹਾਂ ਦਾ ਰੂਪ ਕਰਾਰ ਦਿੱਤਾ ਜਾ ਰਿਹਾ ਹੈ ਪਰ ਇਸ ਵਿਵਾਦ ਦੀ ਚਰਚਾ ਪੂਰੇ ਮਾਝੇ ਵਿਚ ਫੈਲ ਗਈ ਹੈ।
