ਨਗਰ ਕੌਂਸਲ ਦੀ ਘਟੀਆ ਕਾਰਜਪ੍ਰਣਾਲੀ ਵਿਰੁੱਧ ਲੋਕਾਂ ਕੀਤਾ ਪ੍ਰਦਰਸ਼ਨ
Tuesday, Jul 10, 2018 - 04:07 AM (IST)
ਖੰਨਾ(ਕਮਲ)-ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਘਿਰੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਘਟੀਆ ਕਾਰਜਪ੍ਰਣਾਲੀ ਤੋਂ ਖੰਨਾ ਸ਼ਹਿਰ ਦੇ ਲੋਕ ਅੱਤ ਦੇ ਦੁੱਖੀ ਹੋ ਚੁੱਕੇ ਹਨ। ਖੰਨਾ ਸ਼ਹਿਰ ’ਚ ਕੌਂਸਲ ਅਧਿਕਾਰੀਆਂ ਦੇ ਰਵੱਈਏ ਨੂੰ ਦੇਖਦੇ ਹੋਏ ਲੋਕਾਂ ਨੇ ਵਿਕਾਸ ਹੋਣ ਦੀ ਉਮੀਦ ਹੀ ਛੱਡ ਦਿੱਤੀ ਹੈ। ਨਗਰ ਕੌਂਸਲ ਦੇ ਨਵੇਂ ਆਏ ਕਾਰਜਸਾਧਕ ਅਧਿਕਾਰੀ ਰਣਬੀਰ ਸਿੰਘ ਵੱਲੋਂ ਵੀ ਖੰਨਾ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਖੰਨਾ ਸ਼ਹਿਰ ਦੇ ਵਿਕਾਸ ਅਤੇ ਸੁਧਾਰ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਉਨ੍ਹਾਂ ਦੇ ਇਹ ਸਾਰੇ ਦਾਅਵੇ ਹਵਾ ਹੋ ਕੇ ਹੀ ਰਹਿ ਗਏ ਹਨ। ਲੋਕਾਂ ਨੂੰ ਅੱਜ ਮੁੱਢਲੀਆਂ ਸਹੁਲਤਾਂ ਲੈਣ ਲਈ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਸ਼ਹਿਰ ਦੇ ਲਾਈਨੋਪਾਰ ਇਲਾਕਾ ਜਿਥੇ ਸੀਵਰੇਜ ਨਾ ਪਏ ਹੋਣ ਦੇ ਬਾਵਜੂਦ ਵੀ ਪਹਿਲਾਂ ਕੌਂਸਲ ਵੱਲੋਂ ਆਰਜੀ ਪ੍ਰਬੰਧ ਕਰਕੇ ਸਡ਼ਕਾਂ ’ਤੇ ਖਡ਼੍ਹੇ ਪਾਣੀ ਨੂੰ ਕੱਢਿਆ ਜਾਂਦਾ ਸੀ ਪਰ ਹੁਣ ਸਡ਼ਕਾਂ ’ਤੇ ਹਰ ਸਮੇਂ ਖਡ਼੍ਹੇ ਗੰਦੇ ਪਾਣੀ ਤੋਂ ਤੰਗ ਆਏ ਲੋਕਾਂ ਵੱਲੋਂ ਅੱਜ ਕੌਂਸਲ ਅਧਿਕਾਰੀਆਂ ਅਤੇ ਖਾਸ ਕਰਕੇ ਕਾਰਜ ਸਾਧਕ ਅਧਿਕਾਰੀ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰ ਦਾ ਲਾਈਨੋਪਾਰ ਇਲਾਕਾ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਅਾਜ਼ਾਦੀ ਤੋਂ ਬਾਅਦ ਅੱਜ ਤੱਕ ਇਸ ਇਲਾਕੇ ਦੇ ਲੋਕ ਮੁੱਢਲੀਆਂ ਸਹਲੂਤਾਂ ਨੂੰ ਵੀ ਤਰਸ ਰਹੇ ਹਨ, ਜਦਕਿ ਨਗਰ ਕੌਂਸਲ ਵੱਲੋਂ ਹਰ ਪ੍ਰਕਾਰ ਦੀਆਂ ਫੀਸਾਂ ਇਨ੍ਹਾਂ ਪਾਸੋਂ ਵਸੂਲੀਆਂ ਜਾਂਦੀਆਂ ਹਨ। ਲਾਈਨੋਪਾਰ ਇਲਾਕਾ ਜਿੱਥੇ ਅੱਜ ਤੱਕ ਸੀਵਰੇਜ ਨਾ ਪਿਆ ਹੋਣ ਕਰਕੇ ਹਰ ਸਮੇਂ ਗੰਦਾ ਪਾਣੀ ਸਡ਼ਕਾਂ ’ਤੇ ਖਡ਼੍ਹਾ ਰਹਿੰਦਾ ਹੈ। ਨਾਲੀਆਂ ਓਵਰ ਫਲੋਅ ਹੋਈਆਂ ਰਹਿੰਦੀਆਂ ਹਨ। ਇਥੋਂ ਤੱਕ ਕਿ ਸਡ਼ਕਾਂ ’ਤੇ ਖਡ਼੍ਹਾ ਪਾਣੀ ਕਈ ਵਾਰ ਤਾਂ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਦਾ ਜਿਉਣਾ ਹੋਇਆ ਦੁੱਭਰ
ਨਗਰ ਕੌਂਸਲ ਦੀ ਘਟੀਆ ਕਾਰਜਪ੍ਰਣਾਲੀ ਕਰਕੇ ਹੁਣ ਇਸ ਇਲਾਕੇ ਦੇ ਲੋਕ ਨਰਕ ਤੋਂ ਵੀ ਭੈਡ਼ੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਚੁੱਕੇ ਹਨ। ਨਾਲੀਆਂ ਅਤੇ ਸਡ਼ਕਾਂ ’ਤੇ ਹਰ ਸਮੇਂ ਪਾਣੀ ਖਡ਼੍ਹਾ ਰਹਿਣ ਕਰਕੇ ਇਨ੍ਹਾਂ ਵਿਚ ਬਹੁਤ ਹੀ ਸੰਘਣੀ ਗਾਰ ਜੰਮ ਗਈ ਹੈ, ਜਿਸ ਨਾਲ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਪਰ ਨਗਰ ਕੌਂਸਲ ਅਧਿਕਾਰੀ ਇਸ ਸਭ ਨੂੰ ਦੇਖਦੇ ਹੋਏ ਕੰਭਕਰਨੀ ਨੀਂਦੇ ਸੁੱਤੇ ਪਏ ਹਨ।
ਗੁਰਦੁਆਰਾ ਸਾਹਿਬ ਅੱਗੇ ਵੀ ਖਡ਼੍ਹਾ ਗੋਡ-ਗੋਡੇ ਪਾਣੀ
ਲਾਈਨੋਪਾਰ ਇਲਾਕੇ ਵਿਚ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਗੁਰੂ ਦੇਗ ਬਹਾਦਰ ਸਾਹਿਬ ਦੇ ਅੱਗੇ ਵੀ ਹਰ ਸਮੇਂ ਪਾਣੀ ਖਡ਼੍ਹਾ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਗੁਰੂ ਘਰ ਜਾ ਕੇ ਮੱਥਾ ਟੇਕਣਾ ਵੀ ਅੌਖਾ ਹੋ ਗਿਆ ਹੈ। ਲੋਕ ਆਪਣੇ ਘਰੋਂ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਆਉਂਦੇ ਹਨ ਪਰ ਜਦੋਂ ਉਹ ਗੁਰਦਆਰਾ ਸਾਹਿਬ ਅੱਗੇ ਪਹੁੰਚਦੇ ਹਨ ਤਾਂ ਗੇਟ ਅੱਗੇ ਖਡ਼੍ਹੇ ਗੰਦੇ ਪਾਣੀ ਵਿਚੋਂ ਲੰਘਣ ਕਰਕੇ ਉਨ੍ਹਾਂ ਦੇ ਕਪਡ਼ੇ ਅਤੇ ਸਰੀਰ ਫਿਰ ਤੋਂ ਗੰਦੇ ਹੋ ਜਾਂਦੇ ਹਨ ਤੇ ਕਈਆਂ ਨੂੰ ਤਾਂ ਬਿਨਾਂ ਮੱਥਾ ਟੇਕੇ ਹੀ ਆਪਣੇ ਘਰਾਂ ਨੂੰ ਵਾਪਸ ਉਦਾਸ ਹੋ ਕੇ ਪਰਤਣਾ ਪੈਂਦਾ ਹੈ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਰਹੀ ਹੈ।
ਕੌਂਸਲ ਅਧਿਕਾਰੀ ਵੱਲੋਂ ਨਹੀਂ ਭੇਜੇ ਜਾਂਦੇ ਟੈਂਕਰ : ਕੌਂਸਲਰ ਕ੍ਰਿਸ਼ਨਪਾਲ
ਕੌਂਸਲਰ ਕ੍ਰਿਸ਼ਨਪਾਲ ਨੇ ਕਿਹਾ ਕਿ ਭਾਵੇਂ ਇਸ ਇਲਾਕੇ ਵਿਚ ਸੀਵਰੇਜ ਨਹੀਂ ਪਿਆ ਹੋਇਆ ਪਰ ਪਹਿਲਾਂ ਕੌਂਸਲ ਵੱਲੋਂ ਇਥੇ ਲੋਡ਼ ਅਨੁਸਾਰ ਟੈਂਕਰ ਭੇਜ ਕੇ ਗੰਦਾ ਪਾਣੀ ਕੱਢਿਆ ਜਾਂਦਾ ਸੀ ਪਰ ਹੁਣ ਇਸ ਇਲਾਕੇ ਵਿਚ ਆਪਣੀ ਮਰਜ਼ੀ ਨਾਲ ਕਦੇ-ਕਦੇ ਕੌਂਸਲ ਦੇ ਅਧਿਕਾਰੀਆਂ ਵੱਲੋਂ ਪਾਣੀ ਕੱਢਣ ਲਈ ਟੈਂਕਰ ਭੇਜੇ ਜਾਂਦੇ ਹਨ ਪਰ ਹੁਣ ਤਾਂ ਪਾਣੀ ਕੱਢਣ ਵਾਲੇ ਟੈਂਕਰ ਕਦੇ ਦੇਖੇ ਹੀ ਨਹੀਂ, ਅਧਿਕਾਰੀਆਂ ਵੱਲੋਂ ਆਪਣੀ ਮਰਜ਼ੀ ਨਾਲ ਕਦੇ 3-4 ਦਿਨਾਂ ਬਾਅਦ ਇਕ ਟੈਂਕਰ ਭੇਜਿਆ ਜਾਂਦਾ ਹੈ। ਕ੍ਰਿਸ਼ਨਪਾਲ ਨੇ ਕਿਹਾ ਕਿ ਕਦੇ-ਕਦੇ ਉਨ੍ਹਾਂ ਵੱਲੋਂ ਇਧਰੋ-ਉਧਰ ਟੈਂਕਰ ਵਾਲੇ ਨੂੰ ਫਡ਼ ਕੇ ਲਿਆਉਣਾ ਪੈਂਦਾ ਹੈ, ਤਾਂ ਜਾ ਕੇ ਕੁੱਝ ਪਾਣੀ ਨਿਕਲਦਾ ਹੈ। ਦੂਜੇ ਦਿਨ ਫਿਰ ਉਹੀ ਹਾਲ ਹੋ ਜਾਂਦਾ ਹੈ। ਕੌਂਸਲਰ ਕ੍ਰਿਸ਼ਨਪਾਲ ਨੇ ਕਿਹਾ ਕਿ ਇਥੇ ਇਕ ਸੀਵਰੇਜ ਦੇ ਢੱਕਣ ਕੋਲ ਕਈ ਦਿਨਾਂ ਦਾ ਪਾਣੀ ਨਿਕਲ ਰਿਹਾ ਹੈ, ਜਿਸ ਨੂੰ ਠੀਕ ਕਰਨ ਬਾਰੇ ਉਨ੍ਹਾਂ ਵੱਲੋਂ ਕੌਂਸਲ ਅਧਿਕਾਰੀਆਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਪਰ ਕੌਂਸਲ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਕਈ ਵਾਰ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਪਰ ਉਨ੍ਹਾਂ ਵੱਲੋਂ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਜਲਦ ਹੀ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ ਵਫਦ
ਕੌਂਸਲਰ ਕ੍ਰਿਸ਼ਨਪਾਲ ਨੇ ਕਿਹਾ ਕਿ ਹੁਣ ਖੰਨਾ ਦੇ ਅਧਿਕਾਰੀਆਂ ਤੋਂ ਉਨ੍ਹਾਂ ਨੂੰ ਕੋਈ ਵੀ ਉਮੀਦ ਨਹੀਂ ਹੈ ਕਿ ਸ਼ਾਇਦ ਉਨ੍ਹਾਂ ਦੀ ਸਮੱਸਿਆ ਦਾ ਇਹ ਹੱਲ ਕਰ ਸਕਣ। ਇਸ ਕਰਕੇ ਹੁਣ ਲਾਈਨੋਪਾਰ ਇਲਾਕੇ ਦੇ ਲੋਕਾਂ ਦਾ ਇਕ ਵਫਦ ਜਲਦ ਹੀ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂੁ ਨੂੰ ਮਿਲੇਗਾ ਅਤੇ ਉਨ੍ਹਾਂ ਕੋਲ ਖੰਨਾ ਦੇ ਅਧਿਕਾਰੀਆਂ ਦੀਆਂ ਆਪਹੁਦਰੀਆਂ ਅਤੇ ਆਪਣੇ ਇਲਾਕੇ ਦੀ ਮਾਡ਼ੀ ਹਾਲਤ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਉਹ ਆਪਣੀ ਹੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦੇਣਗੇ ਤੇ ਲਾਈਨੋਪਾਰ ਇਲਾਕੇ ਦੇ ਲੋਕਾਂ ਦੇ ਨਾਲ ਖਡ਼੍ਹਨਗੇ।
ਇਹ ਸਨ ਹਾਜ਼ਰ
ਮਹਿਲਾ ਕਾਂਗਰਸ ਪੰਜਾਬ ਦੀ ਵਾਇਸ ਪ੍ਰਧਾਨ ਰਜਿੰਦਰ ਕੌਰ ਲਿਬਡ਼ਾ, ਤਾਰਾ ਸਿੰਘ, ਉਜਾਗਰ ਸਿੰਘ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ, ਸੋਹਣ ਸਿੰਘ, ਦੀਦਾਰ ਸਿੰਘ, ਰਾਜੇਸ਼ ਕਮਾਰ, ਦਲਜੀਤ ਕੌਰ, ਮੁਨਸ਼ੀ ਸਿੰਘ, ਸਤਵੰਤ ਸਿੰਘ, ਕੁਲਦੀਪ ਸ਼ਰਮਾ, ਸੰਦੀਪ ਸਿੰਘ ਧਾਮੀ, ਬਾਬਾ ਬੁੱਧ ਸਿੰਘ, ਰਾਜੂ, ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ।
