ਜਲੰਧਰ ਦੀ ਮਸ਼ਹੂਰ ਸਵੀਟ ਸ਼ਾਪ ਸਣੇ ਇਨ੍ਹਾਂ ਗੈਰ-ਕਾਨੂੰਨੀ ਨਿਰਮਾਣਾਂ ''ਤੇ ਨਿਗਮ ਨੇ ਕੱਸਿਆ ਸ਼ਿਕੰਜਾ
Saturday, Mar 29, 2025 - 01:02 PM (IST)

ਜਲੰਧਰ (ਖੁਰਾਣਾ)–ਸ਼ਹਿਰ ਵਿਚ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਉਸਾਰੀਆਂ ਦੀ ਸਮੱਸਿਆ ਵਧਦੀ ਜਾ ਰਹੀ ਸੀ ਪਰ ਹੁਣ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਇਸ ’ਤੇ ਸਖ਼ਤੀ ਨਾਲ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੱਛਮੀ ਵਿਧਾਨ ਸਭਾ ਹਲਕੇ ਵਿਚ ਨਾਜਾਇਜ਼ ਉਸਾਰੀਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਢਾਹੁਣ ਦੀ ਮੁਹਿੰਮ ਤੇਜ਼ ਹੋ ਗਈ ਹੈ। ਸ਼ੁੱਕਰਵਾਰ ਨਗਰ ਨਿਗਮ ਦੀ ਟੀਮ ਨੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਕਾਰਵਾਈ ਕਰਦੇ ਹੋਏ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ। ਨਗਰ ਨਿਗਮ ਦੀ ਟੀਮ ਨੇ ਬਸਤੀ ਪੀਰਦਾਦ ਇਲਾਕੇ ਵਿਚ ਐੱਮ. ਐੱਸ. ਫਾਰਮ ਰੋਡ ’ਤੇ ਸਥਿਤ ਪਾਰਸ ਅਸਟੇਟ ਵਿਚ ਧੜਾਧੜ ਬਣ ਰਹੀਆਂ ਕੋਠੀਆਂ ’ਤੇ ਕਾਰਵਾਈ ਕੀਤੀ। ਪਤਾ ਲੱਗਾ ਕਿ ਇਨ੍ਹਾਂ ਕੋਠੀਆਂ ਦੀ ਉਸਾਰੀ ਨੂੰ ਨਾਜਾਇਜ਼ ਦੱਸਦੇ ਹੋਏ ਉਨ੍ਹਾਂ ਬਾਰੇ ਵਿਚ ਲੋਕਲ ਬਾਡੀਜ਼ ਦੇ ਵਿਜੀਲੈਂਸ ਸੈੱਲ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਨਗਰ ਨਿਗਮ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ: 65 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਗ਼ਰੀਬਾਂ ਦੇ ਸੜੇ ਆਸ਼ਿਆਨੇ
ਬੀਤੇ ਦਿਨ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਿਚ ਨਿਗਮ ਟੀਮ ਨੇ ਪਾਰਸ ਅਸਟੇਟ ਵਿਚ ਬਣ ਰਹੀਆਂ ਕਈ ਕੋਠੀਆਂ ਨੂੰ ਨੋਟਿਸ ਜਾਰੀ ਕੀਤੇ ਅਤੇ ਸਬੰਧਤ ਦਸਤਾਵੇਜ਼ ਤਲਬ ਕੀਤੇ। ਨਿਗਮ ਦੀ ਇਸ ਕਾਰਵਾਈ ਨਾਲ ਇਲਾਕੇ ਦੇ ਪ੍ਰਾਪਰਟੀ ਡੀਲਰਾਂ ਵਿਚ ਹੰਗਾਮਾ ਮਚ ਗਿਆ ਹੈ ਕਿਉਂਕਿ ਲੰਮੇ ਸਮੇਂ ਤੋਂ ਇਥੇ ਨਾਜਾਇਜ਼ ਉਸਾਰੀਆਂ ’ਤੇ ਕੋਈ ਕਾਰਵਾਈ ਨਹੀਂ ਹੋਈ ਸੀ। ਇਸ ਦੇ ਇਲਾਵਾ ਨਿਗਮ ਟੀਮ ਨੇ ਤਿਲਕ ਨਗਰ ਰੋਡ ’ਤੇ ਨਾਖਾਂ ਵਾਲੇ ਬਾਗ ਨੂੰ ਜਾਂਦੀ ਸੜਕ ਕਿਨਾਰੇ ਬਣੇ ਇਕ ਨਾਜਾਇਜ਼ ਕਮਰਸ਼ੀਅਲ ਕੰਪਲੈਕਸ ਨੂੰ ਵੀ ਢਹਿ-ਢੇਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਕੰਪਲੈਕਸ ਦੀ ਉਸਾਰੀ ਪਿਛਲੇ ਹਫ਼ਤੇ ਹੀ ਪੂਰੀ ਕੀਤੀ ਗਈ ਸੀ ਪਰ ਇਹ ਹਾਈ ਟੈਨਸ਼ਨ ਤਾਰਾਂ ਦੇ ਹੇਠਾਂ ਬਣਿਆ ਹੋਣ ਕਾਰਨ ਬੇਹੱਦ ਖ਼ਤਰਨਾਕ ਮੰਨਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਜਲੰਧਰ ਦੀ ਪਾਰਕ 'ਚ ਜ਼ਬਰਦਸਤ ਧਮਾਕਾ ! ਤੀਜੀ ਜਮਾਤ ਦੇ ਵਿਦਿਆਰਥੀ 'ਤੇ ਡਿੱਗੀ ਬਿਜਲੀ, ਫਿਰ...
ਕਾਰਵਾਈ ਦੌਰਾਨ ਕੋਈ ਵਿਰੋਧ ਨਹੀਂ ਹੋਇਆ। ਨਗਰ ਨਿਗਮ ਦੀ ਟੀਮ ਨੇ ਸ਼ਹਿਨਾਈ ਪੈਲੇਸ ਨੇੜੇ ਚੱਲ ਰਹੀ ਇਕ ਨਾਜਾਇਜ਼ ਕਮਰਸ਼ੀਅਲ ਉਸਾਰੀ ਨੂੰ ਵੀ ਨੋਟਿਸ ਜਾਰੀ ਕੀਤਾ, ਨਾਲ ਹੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਾਲ ਲੱਗਦੇ ਰਤਨ ਨਗਰ ਵਿਚ ਨਾਜਾਇਜ਼ ਢੰਗ ਨਾਲ ਖੜ੍ਹੀ ਕੀਤੀ ਗਈ 15 ਦੁਕਾਨਾਂ ਵਾਲੀ ਮਾਰਕੀਟ ਨੂੰ ਵੀ ਨੋਟਿਸ ਦਿੱਤਾ ਗਿਆ। ਬਸਤੀ ਬਾਵਾ ਖੇਲ ਵਿਚ ਇਕ ਹੋਰ ਨਾਜਾਇਜ਼ ਮਾਰਕੀਟ ਨੂੰ ਵੀ ਨੋਟਿਸ ਦਿੱਤਾ ਗਿਆ। ਇਸ ਤੋਂ ਇਲਾਵਾ ਝੰਡੀਆਂ ਵਾਲਾ ਪੀਰ ਚੌਂਕ ਵਿਚ ਦਿਲਬਾਗ ਸਵੀਟਸ ਦੀ ਉਪਰਲੀ ਮੰਜ਼ਿਲ ’ਤੇ ਹੋਈ ਨਾਜਾਇਜ਼ ਉਸਾਰੀ ’ਤੇ ਵੀ ਕਾਰਵਾਈ ਕੀਤੀ ਗਈ ਅਤੇ ਨੋਟਿਸ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ: ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਫਿਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ
ਪਿੰਡ ਗਾਖਲ ’ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ, ਨਗਰ ਨਿਗਮ ਨੇ ਨੋਟਿਸ ਕੀਤਾ ਜਾਰੀ
ਪੱਛਮੀ ਵਿਧਾਨ ਸਭਾ ਹਲਕੇ ਅਧੀਨ ਪਿੰਡ ਗਾਖਲ ਵਿਚ ਇਨ੍ਹੀਂ ਦਿਨੀਂ ਨਾਜਾਇਜ਼ ਢੰਗ ਨਾਲ ਇਕ ਕਾਲੋਨੀ ਕੱਟੀ ਜਾ ਰਹੀ ਸੀ, ਜਿਸ ਖ਼ਿਲਾਫ਼ ਨਗਰ ਨਿਗਮ ਨੇ ਸਖ਼ਤ ਕਦਮ ਚੁੱਕਿਆ। ਇਸ ਕਾਲੋਨੀ ਵਿਚ ਸੜਕਾਂ ਦੇ ਨਿਰਮਾਣ ਅਤੇ ਪਲਾਟਿੰਗ ਦਾ ਕੰਮ ਪੂਰਾ ਹੋ ਚੁੱਕਾ ਸੀ ਪਰ ਇਸ ਬਾਬਤ ਨਗਰ ਨਿਗਮ ਤੋਂ ਮਨਜ਼ੂਰੀ ਨਹੀਂ ਲਈ ਗਈ ਸੀ। ਇਸ ਨਾਜਾਇਜ਼ ਕਾਲੋਨੀ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚ ਰਿਹਾ ਸੀ। ਨਗਰ ਨਿਗਮ ਨੇ ਇਸ ਕਾਲੋਨੀ ਦੇ ਨਿਰਮਾਣ ਕਾਰਜ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਅਤੇ ਸਬੰਧਤ ਧਿਰ ਨੂੰ ਨੋਟਿਸ ਜਾਰੀ ਕੀਤਾ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਨਿਗਮ ਇਸ ਨਾਜਾਇਜ਼ ਕਾਲੋਨੀ ਖ਼ਿਲਾਫ਼ ਡਿੱਚ ਮਸ਼ੀਨ ਨਾਲ ਕਾਰਵਾਈ ਕਰ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 1100 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਵੱਡੀ ਖ਼ਬਰ, ਮੰਤਰੀ ਸੌਂਦ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e