ਨਗਰ ਨਿਗਮ ਦੇ ਅਧਿਕਾਰੀਆਂ ਨੇ ਸਰਕਾਰੀ ਰੇਹੜੀ ਮਾਰਕੀਟ ਨੂੰ ਬਣਾ ਦਿੱਤਾ ਕਬਾੜਖਾਨਾ

Monday, Mar 05, 2018 - 03:55 AM (IST)

ਨਗਰ ਨਿਗਮ ਦੇ ਅਧਿਕਾਰੀਆਂ ਨੇ ਸਰਕਾਰੀ ਰੇਹੜੀ ਮਾਰਕੀਟ ਨੂੰ ਬਣਾ ਦਿੱਤਾ ਕਬਾੜਖਾਨਾ

ਅੰਮ੍ਰਿਤਸਰ,  (ਰਮਨ)-  ਗੁਰੂ ਨਗਰੀ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਾ ਚੁੱਕਾ ਹੈ, ਜਿਸ ਲਈ ਨਿਗਮ ਕਰਮਚਾਰੀ ਹੀ ਜ਼ਿੰਮੇਵਾਰ ਹਨ। ਨਗਰ ਨਿਗਮ ਦੀ ਰੇਹੜੀ ਮਾਰਕੀਟ ਕਬਾੜਖਾਨਾ  ਦਾ ਰੂਪ ਧਾਰਨ ਕਰ ਚੁੱਕੀ ਹੈ। ਰੇਹੜੀ ਮਾਰਕੀਟ ਪ੍ਰਾਜੈਕਟ ਸ਼ਹਿਰ 'ਚ ਲੱਗਣ ਵਾਲੀਆਂ ਰੇਹੜੀਆਂ ਨੂੰ ਹਟਾਉਣ ਲਈ ਸ਼ੁਰੂ ਕੀਤਾ ਗਿਆ ਸੀ ਪਰ ਨਿਗਮ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਦੀ ਕਾਲੀ ਕਮਾਈ ਬੰਦ ਹੋਣ ਦੇ ਚੱਕਰ 'ਚ ਨਿਗਮ ਦੀ ਆਪਣੀ ਰੇਹੜੀ ਮਾਰਕੀਟ ਚੱਲਣ ਤੋਂ ਪਹਿਲਾਂ ਢੇਰ ਹੋ ਚੁੱਕੀ ਹੈ।
ਨਿਗਮ ਦੀ ਰੇਹੜੀ ਮਾਰਕੀਟ ਦਾ ਸ਼ੁਭ ਆਰੰਭ 26 ਸਤੰਬਰ 2010 ਨੂੰ ਉਦੋਂ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ, ਮੇਅਰ ਸ਼ਵੇਤ ਮਲਿਕ ਤੇ ਵਿਧਾਇਕ ਅਨਿਲ ਜੋਸ਼ੀ ਨੇ ਕੀਤਾ ਸੀ ਪਰ ਰੇਹੜੀ ਮਾਰਕੀਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਇਸ ਦੀ ਸੁੱਧ ਨਹੀਂ ਲਈ। ਰੇਹੜੀ ਮਾਰਕੀਟ ਦੇ ਕੁਝ ਕਦਮਾਂ ਦੀ ਦੂਰੀ 'ਤੇ ਅਜੇ ਵੀ ਫਲਾਂ ਦੀਆਂ ਰੇਹੜੀਆਂ ਲੱਗਦੀਆਂ ਹਨ। ਹੁਣ ਦੇਖਣਾ ਇਹ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ 'ਤੇ ਕੀ ਕਰਦੇ ਹਨ।
ਸ਼ਹਿਰ ਦੀਆਂ ਸੜਕਾਂ 'ਤੇ ਲੱਗੀਆਂ ਹਜ਼ਾਰਾਂ ਰੇਹੜੀਆਂ ਦਿਨੋ-ਦਿਨ ਦੁਕਾਨਾਂ ਦਾ ਰੂਪ ਧਾਰ ਰਹੀਆਂ ਹਨ, ਜੋ ਨਿਗਮ ਕਰਮਚਾਰੀਆਂ ਦੀ ਸ਼ਹਿ 'ਤੇ ਲੱਗਦੀਆਂ ਹਨ। ਰੇਹੜੀ ਵਾਲੇ ਖੁਦ ਕਹਿੰਦੇ ਹਨ ਕਿ ਰੇਹੜੀ ਦੇ ਹਿਸਾਬ ਨਾਲ ਪੈਸੇ ਨਿਗਮ ਕਰਮਚਾਰੀ ਲੈ ਕੇ ਜਾਂਦੇ ਹਨ, ਕੋਈ 300 ਰੁਪਏ ਪ੍ਰਤੀ ਮਹੀਨਾ ਤਾਂ ਕੋਈ 500 ਰੁਪਏ। ਸਾਲਾਂ ਤੋਂ ਲੈਂਡ ਵਿਭਾਗ 'ਚ ਟਰੱਕਾਂ 'ਤੇ ਸਾਮਾਨ ਚੁੱਕਣ ਲਈ ਲੱਗੇ ਡਿਊਟੀ ਵਾਲੇ ਕਰਮਚਾਰੀ ਰੇਹੜੀ-ਫੜ੍ਹੀ ਵਾਲਿਆਂ ਨਾਲ ਸੈਟਿੰਗ ਕਰ ਲੈਂਦੇ ਹਨ, ਜਿਸ ਨਾਲ ਜਦੋਂ ਵੀ ਕਦੇ ਨਿਗਮ ਦਾ ਟਰੱਕ ਕਾਰਵਾਈ ਲਈ ਨਿਕਲਦਾ ਹੈ ਤਾਂ ਇਨ੍ਹਾਂ ਨੂੰ ਫੋਨ ਚਲਾ ਜਾਂਦਾ ਹੈ ਤੇ ਇਹ ਥੋੜ੍ਹੀ ਦੇਰ ਲਈ ਉਥੋਂ ਆਪਣੀ ਰੇਹੜੀ ਹਟਾ ਲੈਂਦੇ ਹਨ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਫਿਰ ਲਾ ਲੈਂਦੇ ਹਨ, ਜਿਸ ਕਰ ਕੇ ਸਾਰੇ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹੋਏ ਪਏ ਹਨ।
ਨਿਊ ਰਿਆਲਟੋ ਰੋਡ 'ਤੇ ਲੱਗੀਆਂ ਰਹਿੰਦੀਆਂ ਹਨ ਫਲਾਂ ਦੀਆਂ ਰੇਹੜੀਆਂ
ਸ਼ਹਿਰ 'ਚ ਇਕ ਰੇਹੜੀ ਮਾਰਕੀਟ ਵੀ ਬਣੀ ਹੋਈ ਹੈ ਪਰ ਉਥੇ ਕੋਈ ਰੇਹੜੀ ਨਹੀਂ ਲਾਉਂਦਾ। ਰੇਹੜੀ ਮਾਰਕੀਟ ਵਰਗਾ ਮਾਹੌਲ ਨਿਊ ਰਿਆਲਟੋ ਰੋਡ 'ਤੇ ਦੇਖਣ ਨੂੰ ਮਿਲ ਜਾਂਦਾ ਹੈ ਕਿਉਂਕਿ ਉਥੇ ਫਲਾਂ ਦੀਆਂ ਕਈ ਰੇਹੜੀਆਂ ਲੱਗੀਆਂ ਹੁੰਦੀਆਂ ਹਨ। ਜਦੋਂ ਕਦੇ ਉਥੇ ਨਿਗਮ ਟੀਮ ਨੇ ਆਉਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅਤੇ ਸਾਰੇ ਆਪਣੀਆਂ ਰੇਹੜੀਆਂ ਕੁਝ ਦੇਰ ਲਈ ਹਟਾ ਲੈਂਦੇ ਹਨ, ਜਿਸ ਨਾਲ ਕਾਰਵਾਈ ਦੇ ਨਾਂ 'ਤੇ ਖਾਨਾਪੂਰਤੀ ਹੁੰਦੀ ਹੈ।
ਜੋ ਨਹੀਂ ਦਿੰਦੇ ਮਹੀਨਾ, ਉਨ੍ਹਾਂ ਦਾ ਹੀ ਚੁੱਕਿਆ ਜਾਂਦੈ ਸਾਮਾਨ
ਸ਼ਹਿਰ 'ਚ ਜੋ ਰੇਹੜੀ ਲਾਉਣ ਵਾਲਾ ਪੈਸੇ ਨਹੀਂ ਦਿੰਦਾ, ਉਨ੍ਹਾਂ ਦਾ ਸਾਮਾਨ ਚੁੱਕ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਨਿਗਮ ਦਫਤਰ 'ਚ ਸਾਮਾਨ ਦੇਣ ਲਈ ਚੱਕਰ ਕਟਵਾਏ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਮਜਬੂਰਨ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਹਨ।
ਕਿਵੇਂ ਚੱਲ ਰਹੀਆਂ ਹਨ ਪ੍ਰਾਈਵੇਟ ਰੇਹੜੀ ਮਾਰਕੀਟਾਂ
ਸ਼ਹਿਰ 'ਚ ਰਣਜੀਤ ਐਵੀਨਿਊ ਏ, ਬੀ ਬਲਾਕ ਵਿਚ ਰੇਹੜੀ ਮਾਰਕੀਟ ਬਣੀ ਹੋਈ ਹੈ, ਰੇਹੜੀ ਵਾਲਿਆਂ ਤੋਂ ਕੁਝ ਕਰਮਚਾਰੀ ਮਹੀਨੇ ਦੇ ਪੈਸੇ ਲੈ ਕੇ ਜਾਂਦੇ ਹਨ। ਉਥੇ ਹੀ ਸ਼ਹਿਰ 'ਚ ਅਜਿਹੀਆਂ ਹੋਰ ਵੀ ਕਈ ਥਾਵਾਂ ਹਨ, ਜਿਥੇ ਰੇਹੜੀ ਮਾਰਕੀਟਾਂ ਬਣੀਆਂ ਹੋਈਆਂ ਹਨ ਅਤੇ ਕਰਮਚਾਰੀ ਪੈਸੇ ਠੱਗ ਰਹੇ ਹਨ, ਜੇਕਰ ਇਹੀ ਪੈਸੇ ਨਿਗਮ ਦੇ ਗੱਲੇ ਵਿਚ ਆਉਣ ਤਾਂ ਨਿਗਮ ਦੀ ਹਾਲਤ ਕਾਫੀ ਸੁਧਰ ਸਕਦੀ ਹੈ ਪਰ ਕਰਮਚਾਰੀ ਤਨਖਾਹ ਲਈ ਤਾਂ ਕਾਫੀ ਗਿੜਗਿੜਾਉਂਦੇ ਹਨ ਪਰ ਨਿਗਮ ਦੀ ਵਿੱਤੀ ਹਾਲਤ ਬਾਰੇ ਕਦੇ ਨਹੀਂ ਸੋਚਦੇ।


Related News