ਨਗਰ-ਨਿਗਮ ਹਾਊਸ ਦੀ ਪਲੇਠੀ ਮੀਟਿੰਗ ਅੱਜ
Monday, Mar 05, 2018 - 11:09 AM (IST)

ਜਲੰਧਰ(ਖੁਰਾਣਾ)— ਨਗਰ-ਨਿਗਮ ਦਾ ਗਠਨ ਹੋਏ 3 ਮਹੀਨੇ ਹੋਣ ਵਾਲੇ ਹਨ ਪਰ ਨਿਗਮ ਹਾਊਸ ਦੀ ਪਲੇਠੀ ਮੀਟਿੰਗ ਅੱਜ ਯਾਨੀ ਸੋਮਵਾਰ ਨੂੰ ਹੋਣ ਜਾ ਰਹੀ ਹੈ। ਸੱਤਾ ਪੱਖ ਦੀ ਰਣਨੀਤੀ ਬਣਾਉਣ ਲਈ ਕਾਂਗਰਸੀ ਕੌਂਸਲਰਾਂ ਦੀ ਮੀਟਿੰਗ ਐਤਵਾਰ ਦੇਰ ਰਾਤ ਮੇਅਰ ਹਾਊਸ 'ਚ ਮੇਅਰ ਜਗਦੀਸ਼ ਰਾਜ ਰਾਜਾ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਸ਼ਹਿਰ ਦੇ ਚਾਰੋਂ ਵਿਧਾਇਕ ਮੌਜੂਦ ਸਨ। ਮੇਅਰ ਜਗਦੀਸ਼ ਰਾਜਾ ਅਤੇ ਕਾਂਗਰਸ ਦੇ ਚਾਰੋਂ ਵਿਧਾਇਕਾਂ ਨੇ ਕਾਂਗਰਸੀ ਕੌਂਸਲਰਾਂ ਦੀ ਗੁੱਸਾ ਐਤਵਾਰ ਹੀ ਸ਼ਾਂਤ ਕਰ ਦਿੱਤਾ। ਹਾਊਸ ਦੀ ਮੀਟਿੰਗ 'ਚ ਕਾਂਗਰਸੀ ਕੌਂਸਲਰ ਸਿਰਫ ਪਾਸ ਹੈ, ਪਾਸ ਹੈ ਕਹਿ ਕੇ ਹੀ ਮੇਜ਼ ਥਪ ਥਪਾਉਣਗੇ।
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਸ਼ਹਿਰ 'ਚ ਸੀਵਰੇਜ ਪ੍ਰਬੰਧ ਠੀਕ ਕਰਨ ਦਾ ਮੁੱਦਾ ਚੁੱਕਿਆ ਅਤੇ ਪੀਣ ਵਾਲੇ ਸਾਫ ਪਾਣੀ ਹਰ ਮੁਹੱਲੇ 'ਚ ਪਹੁੰਚਾਉਣ ਲਈ ਮੇਅਰ ਜਗਦੀਸ਼ ਰਾਜਾ ਅੱਗੇ ਪ੍ਰਸਤਾਵ ਰੱਖਿਆ। ਕਈ ਕੌਂਸਲਰ ਮੀਟਿੰਗ 'ਚ ਸ਼ਾਮਲ ਨਹੀਂ ਹੋਏ। ਕਿਹਾ ਜਾ ਰਿਹਾ ਹੈ ਕਿ ਉਹ ਕਈ ਮੁੱਦਿਆਂ ਨੂੰ ਲੈ ਕੇ ਨਾਰਾਜ਼ ਸਨ ਕਿਉਂਕਿ ਏਜੰਡਾ ਤਿਆਰ ਕਰਦੇ ਸਮੇਂ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਮੀਟਿੰਗ ਦੌਰਾਨ ਕੌਂਸਲਰ ਜ਼ਿਆਦਾਤਰ ਸਫਾਈ ਅਤੇ ਸੀਵਰੇਜ ਦੀ ਸਮੱਸਿਆ ਤੋਂ ਨਾਖੁਸ਼ ਨਜ਼ਰ ਆਏ ਪਰ ਉਨ੍ਹਾਂ ਨੂੰ ਨਸੀਹਤ ਦਿੱਤੀ ਗਈ ਕਿ ਉਹ ਹਾਊਸ 'ਚ ਨਾਰਾਜ਼ਗੀ ਭਰੇ ਮਾਮਲੇ ਉਠਾਉਣ ਦੀ ਬਜਾਏ ਵਿਕਾਸ ਦੇ ਕੰਮਾਂ 'ਚ ਸਹਿਯੋਗ ਕਰਨ ਅਤੇ ਜਲਦੀ ਸਫਾਈ ਸਬੰਧੀ ਸਿਸਟਮ ਬਣਾ ਦਿੱਤਾ ਜਾਵੇਗਾ। ਇਸ ਦੌਰਾਨ ਕੌਂਸਲਰਾਂ ਨੂੰ ਨਿਗਮ ਦੀ ਵਿੱਤੀ ਹਾਲਤ ਬਾਰੇ ਵੀ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਦੇ ਵਾਰਡਾਂ ਦੇ ਕੰਮਾਂ ਦੇ ਐਸਟੀਮੇਟ 1-2 ਮਹੀਨੇ ਬਾਅਦ ਫੰਡ ਦਾ ਇੰਤਜ਼ਾਮ ਹੋਣ 'ਤੇ ਬਣਾ ਦਿੱਤੇ ਜਾਣਗੇ।
ਕਾਂਗਰਸੀ ਵਿਧਾਇਕ ਪਰਗਟ ਸਿੰਘ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਬਾਵਾ ਹੈਨਰੀ ਸ਼ਾਮਲ ਹੋਏ, ਜਿਨ੍ਹਾਂ ਨੇ ਕੌਂਸਲਰਾਂ ਨੂੰ ਸਖਤੀ ਨਾਲ ਹਦਾਇਤਾਂ ਕੀਤੀਆਂ ਕਿ ਉਹ ਪਾਰਟੀ ਦੀ ਇਕਜੁੱਟਤਾ ਦਿਖਾਉਣ ਲਈ ਕੰਮ ਕਰਨ। 80 ਵਾਰਡਾਂ ਵਾਲੇ ਹਾਊਸ 'ਚ ਕਾਂਗਰਸ ਦੇ 65 ਕੌਂਸਲਰ ਹਨ। ਇਸ ਹਾਊਸ 'ਚ 45 ਔਰਤਾਂ ਕੌਂਸਲਰ ਹਨ। ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ 'ਚ ਫੈਸਲਾ ਲਿਆ ਕਿ ਕੌਂਸਲਰ ਪਰਮਜੀਤ ਸਿੰਘ ਰੇਰੂ ਪਾਰਟੀ ਦੇ ਆਗੂ ਹੋਣਗੇ। ਉੱਪ ਨੇਤਾ ਜਸਪਾਲ ਕੌਰ ਭਾਟੀਆ ਨੂੰ ਚੁਣਿਆ ਗਿਆ ਹੈ। ਭਾਜਪਾ ਨੇ ਵੀ ਕੌਂਸਲਰ ਗਰੁੱਪ ਦਾ ਆਗੂ ਮਨਜਿੰਦਰ ਸਿੰਘ ਚੱਠਾ ਨੂੰ ਬਣਾਇਆ। ਐਟਵੋਕੇਟ ਸੁਸ਼ੀਲ ਸ਼ਰਮਾ ਨੂੰ ਉੱਪ ਨੇਤਾ ਚੁਣਿਆ ਗਿਆ।
ਇਸ ਦੌਰਾਨ ਇਕ ਵਿਧਾਇਕ ਨੇ ਅਨੁਸ਼ਾਸਨ ਦਾ ਹਵਾਲਾ ਦਿੰਦੇ ਹੋਏ ਕੌਂਸਲਰ ਪਤੀਆਂ ਨੂੰ ਅਪੀਲ ਕਰ ਦਿੱਤੀ ਕਿ ਉਹ ਬੈਠਕ 'ਚ ਨਾ ਆਉਣ ਤਾਂਕਿ ਉਥੇ ਵੱਧ ਭੀੜ ਨਾ ਹੋਵੇ। ਇਸ ਵਿਧਾਇਕ ਨੇ ਮੀਡੀਆ ਫੋਟੋਗ੍ਰਾਫਰ ਰੋਂ ਨੂੰ ਵੀ ਸਦਨ ਤੋਂ ਬਾਹਰ ਰੱਖਣ ਦੀ ਗੱਲ ਕਹੀ। ਹੁਣ ਦੇਖਣਾ ਇਹ ਹੈ ਕਿ ਇਸ ਵਿਧਾਇਕ ਦੀ ਨਸੀਹਤ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਂਦਾ ਹੈ।