ਨਾਰਥ ਹਲਕੇ ਦੇ ਕਈ ਸੀਨੀਅਰ ਕੌਂਸਲਰਾਂ ਦੀ ਅਣਦੇਖੀ ਪੈਦਾ ਕਰ ਸਕਦੀ ਹੈ ਬਗਾਵਤ
Sunday, Jan 28, 2018 - 05:25 PM (IST)

ਜਲੰਧਰ (ਰਵਿੰਦਰ ਸ਼ਰਮਾ)— ਲੰਬੇ ਸਮੇਂ ਦੀ ਉਡੀਕ ਦੇ ਬਾਅਦ ਸ਼ਹਿਰ ਨੂੰ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਗਏ ਹਨ। ਵੈਸਟ ਹਲਕੇ ਤੋਂ ਜਿੱਥੇ ਦੋ-ਦੋ ਆਗੂਆਂ ਨੂੰ ਨਿਗਮ ਸਦਨ ਦੇ ਪਹਿਲੇ ਤਿੰਨ ਅਹੁਦਿਆਂ 'ਚ ਦੋ ਅਹਿਮ ਅਹੁਦੇ ਨਸੀਬ ਹੋਏ ਹਨ, ਉਥੇ ਨਾਰਥ ਹਲਕੇ ਦੇ ਕਈ ਸੀਨੀਅਰ ਕੌਂਸਲਰਾਂ ਦੀ ਅਣਦੇਖੀ ਪਾਰਟੀ ਅੰਦਰ ਬਗਾਵਤ ਪੈਦਾ ਕਰ ਸਕਦੀ ਹੈ। ਨਾਰਥ ਹਲਕੇ ਦੇ ਕੌਂਸਲਰ ਨਾ ਸਿਰਫ ਖੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ ਬਲਕਿ ਉਹ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨਾਲ ਵੀ ਨਾਰਾਜ਼ ਚੱਲ ਰਹੇ ਹਨ।
ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਨਾਰਥ ਹਲਕੇ ਦੀ ਹਮੇਸ਼ਾ ਤੋਂ ਹਲਕੇ ਦੀ ਲੀਡਰਸ਼ਿਪ ਨੇ ਅਣਦੇਖੀ ਕੀਤੀ ਹੈ ਅਤੇ ਉਨ੍ਹਾਂ ਦੀ ਗੱਲ ਨੂੰ ਕਦੇ ਵੀ ਹਾਈਕਮਾਨ ਤਕ ਸਹੀ ਤਰੀਕੇ ਨਾਲ ਨਹੀਂ ਪਹੁੰਚਾਇਆ ਗਿਆ। ਅੰਦਰ ਹੀ ਅੰਦਰ ਸੁਲਗ ਰਹੀ ਇਹ ਅੱਗ ਕਦੇ ਵੀ ਜਵਾਲਾ ਦਾ ਰੂਪ ਲੈ ਸਕਦੀ ਹੈ।
ਗੌਰਤਲਬ ਹੈ ਕਿ ਨਾਰਥ ਹਲਕੇ ਦੇ 85 ਫੀਸਦੀ ਕਾਂਗਰਸ ਕੌਂਸਲਰ ਜਿੱਤ ਕੇ ਨਿਗਮ ਸਦਨ ਹਾਊਸ 'ਚ ਪਹੁੰਚੇ ਸਨ। ਇਨ੍ਹਾਂ 'ਚੋਂ ਗਿਆਨ ਸੋਢੀ ਤਾਂ ਅਜਿਹੇ ਕੌਂਸਲਰ ਸਨ, ਜੋ ਪੰਜਵੀਂ ਵਾਰ ਨਿਗਮ ਸਦਨ 'ਚ ਪਹੁੰਚੇ ਸਨ ਪਰ ਇਨ੍ਹਾਂ ਦੇ ਨਾਂ 'ਤੇ ਇਕ ਵਾਰ ਵੀ ਪਹਿਲੇ ਤਿੰਨ ਅਹੁਦਿਆਂ ਲਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ। ਗਿਆਨ ਸੋਢੀ ਦੇ ਸਮਰਥਕ ਕਹਿੰਦੇ ਹਨ ਕਿ ਉਂਝ ਤਾਂ ਉਹ ਮੇਅਰ ਅਹੁਦੇ ਲਈ ਉਚਿੱਤ ਸਨ ਪਰ ਪਾਰਟੀ ਹਾਈਕਮਾਨ ਨੇ ਤਾਂ ਉਨ੍ਹਾਂ ਨੂੰ ਡਿਪਟੀ ਮੇਅਰ ਤਕ ਬਣਾਉਣਾ ਜ਼ਰੂਰੀ ਨਹੀਂ ਸਮਝਿਆ। ਇਸ ਦੇ ਇਲਾਵਾ ਦੇਸ ਰਾਜ ਜੱਸਲ ਅਤੇ ਨਿਰਮਲ ਸਿੰਘ ਨਿੰਮਾ ਵੀ ਇਲਾਕੇ ਦੇ ਅਜਿਹੇ ਚਿਹਰੇ ਸਨ, ਜੋ ਸਾਫ ਸੁਥਰੇ ਅਕਸ ਅਤੇ ਲਗਾਤਾਰ ਜਨਤਾ ਦਾ ਦਿਲ ਜਿੱਤ ਕੇ ਨਿਗਮ ਹਾਊਸ 'ਚ ਪਹੁੰਚੇ ਸਨ ਪਰ ਇਨ੍ਹਾਂ ਦੇ ਨਾਵਾਂ 'ਤੇ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ। ਇਸ ਦੇ ਇਲਾਵਾ ਦੋ-ਦੋ ਵਾਰ ਜਿੱਤਣ ਵਾਲੇ ਕੌਂਸਲਰਾਂ ਦੀ ਗਿਣਤੀ ਤਾਂ ਕਾਫੀ ਸੀ ਪਰ ਨਾਰਥ ਹਲਕੇ ਦੇ ਹੱਥ ਬਿਲਕੁਲ ਖਾਲੀ ਰਹੇ। ਇਸ ਲਈ ਹਲਕੇ ਦੇ ਕੌਂਸਲਰ ਆਪਣੇ ਹਲਕੇ ਦੇ ਕੌਂਸਲਰ ਹਲਕੇ ਦੀ ਲੀਡਰਸ਼ਿਪ ਨੂੰ ਹੀ ਦੋਸ਼ੀ ਠਹਿਰਾਅ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੈਨਰੀ ਪਰਿਵਾਰ ਨੇ ਕਦੇ ਨਹੀਂ ਚਾਹਿਆ ਕਿ ਇਲਾਕੇ 'ਚ ਦੂਜਾ ਆਗੂ ਮਜ਼ਬੂਤ ਹੋ ਕੇ ਉਭਰੇ। ਇਹੀ ਕਾਰਨ ਰਿਹਾ ਕਿ ਚਾਰ ਵਾਰ ਜਾਂ ਪੰਜ ਵਾਰ ਜਿੱਤਣ ਵਾਲੇ ਕੌਂਸਲਰਾਂ ਦੀ ਸਹੀ ਤਰੀਕੇ ਨਾਲ ਹਾਈਕਮਾਨ ਦੇ ਸਾਹਮਣੇ ਪੈਰਵੀ ਨਹੀਂ ਕੀਤੀ ਗਈ ਜਦਕਿ ਇਨ੍ਹਾਂ ਕੌਂਸਲਰਾਂ ਨੇ ਨਾ ਸਿਰਫ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਬਾਵਾ ਹੈਨਰੀ ਨੂੰ ਟਿਕਟ ਹਾਈਕਮਾਨ ਤੋਂ ਦਿਵਾਈ ਸੀ ਸਗੋਂ ਰਿਕਾਰਡਤੋੜ ਵੋਟਾਂ ਨਾਲ ਜਿੱਤ ਵੀ ਦਿਵਾਈ ਸੀ। ਨਾਰਥ ਹਲਕੇ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਹੋਣ ਨਾਲ ਕੌਂਸਲਰਾਂ ਦਾ ਇਹ ਗੁੱਸਾ ਆਉਣ ਵਾਲੇ ਦਿਨਾਂ 'ਚ ਹਲਕਾ ਵਿਧਾਇਕ ਸਮੇਤ ਪਾਰਟੀ ਹਾਈਕਮਾਨ 'ਤੇ ਵੀ ਫੁੱਟ ਸਕਦਾ ਹੈ।
ਉਥੇ ਕੈਂਟ ਹਲਕੇ ਨੂੰ ਤਾਂ ਨਜ਼ਰਅੰਦਾਜ਼ ਕੀਤਾ ਹੀ ਗਿਆ ਸਗੋਂ ਉਥੇ ਚਾਰ ਵਾਰ ਕੌਂਸਲਰ ਬਣੇ ਸੀਨੀਅਰ ਆਗੂ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਬਲਰਾਜ ਠਾਕੁਰ ਨੂੰ ਵੀ ਹਾਈਕਮਾਨ ਨੇ ਕੋਈ ਤਵੱਜੋਂ ਨਹੀਂ ਦਿੱਤੀ ਜਦਕਿ ਹਕੀਕਤ ਇਹ ਸੀ ਕਿ ਬਲਰਾਜ ਠਾਕੁਰ ਦਾ ਚੰਗਾ ਅਕਸ ਅਤੇ ਜਨਤਾ ਵਿਚਾਲੇ ਪਂੈਠ ਦੇ ਕਾਰਨ ਹੀ ਕੈਂਟ ਅਤੇ ਵੈਸਟ ਹਲਕੇ ਦੀਆਂ ਕਾਫੀ ਸੀਟਾਂ 'ਤੇ ਪਾਰਟੀ ਨੂੰ ਜਿੱਤ ਨਸੀਬ ਹੋਈ। ਬਲਰਾਜ ਠਾਕੁਰ ਨੂੰ ਪੂਰੀ ਉਮੀਦ ਸੀ ਕਿ ਹਲਕਾ ਵਿਧਾਇਕ ਪ੍ਰਗਟ ਸਿੰਘ ਉਸ ਲਈ ਮਜ਼ਬੂਤੀ ਨਾਲ ਹਾਈਕਮਾਨ ਦੇ ਸਾਹਮਣੇ ਖੜ੍ਹੇ ਹੋਣਗੇ ਅਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਦੇ ਸਾਹਮਣੇ ਉਨ੍ਹਾਂ ਦੀ ਗੱਲ ਨੂੰ ਰੱਖਣਗੇ ਪਰ ਆਖਰੀ ਪਲ ਤਕ ਪ੍ਰਗਟ ਸਿੰਘ ਦੀਆਂ ਖੁਦ ਦੀ ਮੇਅਰ ਅਹੁਦੇ 'ਤੇ ਬੈਠਣ ਦੀਆਂ ਉਮੀਦਾਂ ਕਾਇਮ ਰਹੀਆਂ ਅਤੇ ਉਹ ਬਲਰਾਜ ਠਾਕੁਰ ਲਈ ਇਕ ਵਾਰ ਵੀ ਮੂੰਹ ਨਹੀਂ ਖੋਲ੍ਹ ਪਾਏ। ਜਦਕਿ ਇਸੇ ਬਲਰਾਜ ਠਾਕੁਰ ਨੇ ਵਿਧਾਨ ਸਭਾ ਚੋਣਾਂ 'ਚ ਪ੍ਰਗਟ ਸਿੰਘ ਲਈ ਦਿਨ ਰਾਤ ਇਕ ਕਰ ਦਿੱਤਾ ਸੀ।
ਬਲਰਾਜ ਠਾਕੁਰ ਨੂੰ ਨਜ਼ਰਅੰਦਾਜ਼ ਕਰਨਾ ਆਉਣ ਵਾਲੇ ਦਿਨਾਂ 'ਚ ਕੈਂਟ ਹਲਕੇ 'ਚ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਥੇ ਵੈਸਟ ਹਲਕੇ 'ਤੇ ਜਿਸ ਤਰ੍ਹਾਂ ਨਾਲ ਹਾਈਕਮਾਨ ਨੇ ਦੋ ਅਹੁਦੇ ਦਿੱਤੇ ਹਨ, ਉਸ ਨਾਲ ਆਉਣ ਵਾਲੇ ਦਿਨਾਂ 'ਚ ਇਸ ਹਲਕੇ ਦੇ ਸਮੀਕਰਨ ਵੀ ਬੇਹੱਦ ਬਦਲ ਸਕਦੇ ਹਨ। ਕੁਲ ਮਿਲਾ ਕੇ ਕੌਂਸਲਰਾਂ ਦਾ ਇਕ ਤਬਕਾ ਜਿੱਥੇ ਹਾਈਕਮਾਨ ਦੇ ਫੈਸਲੇ 'ਤੇ ਚੁੱਪੀ ਸਾਧੇ ਹੋਏ ਹੈ ਉਥੇ ਹੀ ਇਕ ਤਬਕਾ ਅਜਿਹਾ ਵੀ ਹੈ ਜੋ ਤੇਲ ਅਤੇ ਤੇਲ ਦੀ ਧਾਰ ਦੇਖ ਕੇ ਅੱਗੇ ਦੀ ਰਣਨੀਤੀ ਨੂੰ ਤੈਅ ਕਰੇਗਾ।
ਵਿਧਾਇਕਾਂ ਦੀਆਂ ਪਤਨੀਆਂ ਨੂੰ ਨਹੀਂ ਮਿਲੀ ਅਹਿਮੀਅਤ : ਵਿਧਾਇਕਾਂ ਨੇ ਆਪਣੀ ਪਤਨੀਆਂ ਨੂੰ ਚੋਣ ਮੈਦਾਨ 'ਚ ਉਤਾਰ ਕੇ ਇਕ ਸੰਕੇਤ ਤਾਂ ਜ਼ਰੂਰ ਦਿੱਤਾ ਸੀ ਕਿ ਕਿਤੇ ਨਾ ਕਿਤੇ ਮੇਅਰ ਅਹੁਦੇ ਦੀ ਕੁਰਸੀ ਦੀ ਲਾਲਸਾ ਉਨ੍ਹਾਂ ਅੰਦਰ ਰਹੀ ਹੈ। ਇਨ੍ਹਾਂ 'ਚ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਅਤੇ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਸਨ। ਦੋਵਾਂ ਨੇ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ ਅਤੇ ਦੋਵਾਂ ਨੇ ਵੱਡੇ ਮਾਰਜਨ ਨਾਲ ਜਿੱਤ ਵੀ ਪ੍ਰਾਪਤ ਕੀਤੀ। ਹਾਲਾਂਕਿ ਬੇਰੀ ਤਾਂ ਕੁਝ ਘੱਟ ਪਰ ਰਿੰਕੂ ਕੁਝ ਜ਼ਿਆਦਾ ਹੀ ਆਪਣੀ ਪਤਨੀ ਨੂੰ ਮੇਅਰ ਬਣਾਉਣ ਲਈ ਉਤਸ਼ਾਹਤ ਨਜ਼ਰ ਆਏ ਪਰ ਹਾਈਕਮਾਨ ਨੇ ਇਸ ਗੱਲ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ।