ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਰਾਜਨੀਤੀ ''ਚ ਵੱਡਾ ਧਮਾਕਾ

Saturday, Feb 03, 2018 - 06:34 AM (IST)

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਰਾਜਨੀਤੀ ''ਚ ਵੱਡਾ ਧਮਾਕਾ

ਵਰਕਰਾਂ ਦੇ ਝਗੜੇ ਨੂੰ ਲੈ ਕੇ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਤੇ ਇੰਚਾਰਜ ਬਰਾੜ ਹੋਏ ਸਸਪੈਂਡ
ਲੁਧਿਆਣਾ(ਹਿਤੇਸ਼, ਰਿੰਕੂ)-ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਰਾਜਨੀਤੀ 'ਚ ਵੱਡਾ ਧਮਾਕਾ ਹੋਇਆ ਹੈ, ਜਿਸ ਦੇ ਤਹਿਤ ਬੀਤੇ ਦਿਨੀਂ ਹੋਏ ਵਰਕਰਾਂ ਦੇ ਝਗੜੇ ਨੂੰ ਲੈ ਕੇ ਹਾਈਕਮਾਨ ਨੇ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਅਤੇ ਇੰਚਾਰਜ ਕਮਲਜੀਤ ਬਰਾੜ ਨੂੰ ਸਸਪੈਂਡ ਕਰ ਦਿੱਤਾ ਹੈ, ਜਦੋਂਕਿ ਜਗਰਾਓਂ ਦੇ ਪ੍ਰਧਾਨ ਹਰਮਨ ਗਾਲਿਬ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਖਿਲਾਫ 27 ਜਨਵਰੀ ਨੂੰ ਸਰਕਟ ਹਾਊਸ ਵਿਚ ਹੋਈ ਮੀਟਿੰਗ ਤੋਂ ਬਾਅਦ ਆਰਤੀ ਚੌਕ ਵਿਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਸਮੇਂ ਨੌਜਵਾਨ ਕਾਂਗਰਸੀ ਵਰਕਰਾਂ ਦੇ ਦੋ ਗੁੱਟ ਭਿੜ ਪਏ ਸਨ, ਜਿਸ ਨੂੰ ਲੈ ਕੇ ਪ੍ਰਧਾਨ ਰਾਜੀਵ ਰਾਜਾ ਅਤੇ ਲੁਧਿਆਣਾ ਦੇ ਇੰਚਾਰਜ ਕਮਲਜੀਤ ਬਰਾੜ ਨੇ ਇਕ ਦੂਜੇ 'ਤੇ ਝਗੜੇ ਦੀ ਸ਼ੁਰੂਆਤ ਕਰਨ ਦੇ ਦੋਸ਼ ਲਾਏ। ਹਾਲਾਂਕਿ ਇਹ ਸਭ ਕੁੱਝ ਪੰਜਾਬ ਪ੍ਰਧਾਨ ਅਮਰਪ੍ਰੀਤ ਲਾਲੀ ਦੀ ਮੌਜੂਦਗੀ ਵਿਚ ਹੋਇਆ। ਫਿਰ ਵੀ ਸਾਰੀਆਂ ਧਿਰਾਂ ਨੇ ਹਾਈਕਮਾਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ, ਜਿਸ ਨੂੰ ਲੈ ਕੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਪਾਰਟੀ ਨੇ ਰਾਜਾ ਅਤੇ ਬਰਾੜ ਨੂੰ ਇਕ ਮਹੀਨੇ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ, ਜਦੋਂਕਿ ਜਗਰਾਓਂ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਇਸ ਝਗੜੇ 'ਚ ਜ਼ਖ਼ਮੀ ਹੋਏ ਵਾਈਸ ਪ੍ਰਧਾਨ ਨੂੰ ਦੇ ਦਿੱਤੀ ਗਈ ਹੈ।
ਬਰਾੜ ਤੇ ਗਾਲਿਬ ਖਿਲਾਫ ਪੁਲਸ 'ਚ ਵੀ ਚੱਲ ਰਿਹਾ ਹੈ ਕੇਸ
ਇਸ ਝਗੜੇ ਵਿਚ ਰਾਜਾ ਗੁੱਟ ਨਾਲ ਸਬੰਧਤ ਚੇਤਨ ਥਾਪਰ ਅਤੇ ਸਾਜਨ ਮਲਹੋਤਰਾ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਡਵੀਜ਼ਨ ਨੰ.5 ਵਿਚ ਕਮਲਜੀਤ ਬਰਾੜ ਤੋਂ ਇਲਾਵਾ ਹਰਮਨ ਗਾਲਿਬ ਅਤੇ ਲੱਕੀ ਸੰਧੂ ਖਿਲਾਫ ਕੇਸ ਦਰਜ ਕੀਤਾ ਗਿਆ, ਜਿਸ ਦੇ ਸਬੂਤ ਵਜੋਂ ਰਾਜਾ ਗੁੱਟ ਨੇ ਪੁਲਸ ਨੂੰ ਝਗੜੇ ਦੀ ਰਿਕਾਰਡਿੰਗ ਦੇ ਨਾਲ ਬਾਕੀ ਦੋਸ਼ੀਆਂ ਦੀ ਲਿਸਟ ਵੀ ਸੌਂਪੀ ਪਰ ਉਨ੍ਹਾਂ ਨੂੰ ਫੜਨ ਦੇ ਨਾਂ 'ਤੇ ਪੁਲਸ ਵਲੋਂ ਛਾਪੇਮਾਰੀ ਕਰਨ ਦੀ ਗੱਲ ਹੀ ਕਹੀ ਜਾਂਦੀ ਰਹੀ।
ਕਾਫੀ ਦੇਰ ਤੋਂ ਸੁਲਗ ਰਹੀ ਸੀ ਗੁੱਟਬਾਜ਼ੀ ਦੀ ਚੰਗਿਆੜੀ
ਯੁਵਾ ਕਾਂਗਰਸ ਦੀ ਗੁੱਟਬਾਜ਼ੀ ਦਾ ਆਗਾਜ਼ ਜ਼ਿਲਾ ਪ੍ਰਧਾਨ ਦੀ ਚੋਣ ਸਮੇਂ ਹੀ ਹੋ ਗਿਆ ਸੀ। ਜਦੋਂ ਐੱਮ. ਪੀ. ਰਵਨੀਤ ਬਿੱਟੂ ਅਤੇ ਉਨ੍ਹਾਂ ਦੇ ਕਰੀਬੀ ਵਿਧਾਇਕਾਂ ਨੇ ਰਾਜੀਵ ਰਾਜਾ ਦਾ ਸਾਥ ਦਿੱਤਾ ਅਤੇ ਮਨੀਸ਼ ਤਿਵਾੜੀ ਗਰੁੱਪ ਨੇ ਸੰਨੀ ਕੈਂਥ ਦੀ ਮਦਦ ਕੀਤੀ। ਇਸ ਲੜਾਈ ਵਿਚ ਚਾਹੇ ਰਾਜਾ ਦੀ ਜਿੱਤ ਹੋਈ ਪਰ ਉਸ ਤੋਂ ਬਾਅਦ ਤੋਂ ਹੀ ਯੂਥ ਕਾਂਗਰਸ ਦੀਆਂ ਗਤੀਵਿਧੀਆਂ ਕਈ ਗੁੱਟਾਂ ਵਿਚ ਵੰਡੀਆਂ ਗਈਆਂ, ਜਿਸ ਤਹਿਤ ਪੰਜਾਬ ਪ੍ਰਧਾਨ ਤੋਂ ਇਲਾਵਾ ਬਰਾੜ ਵਲੋਂ ਰਾਜਾ ਦੇ ਵਿਰੋਧੀ ਗੁੱਟ ਦਾ ਸਾਥ ਦਿੱਤਾ ਜਾਂਦਾ ਰਿਹਾ ਹੈ, ਜਿਸ ਕਾਰਨ ਸੁਲਗ ਰਹੀ ਚੰਗਿਆੜੀ ਨੇ ਪਿਛਲੇ ਦਿਨੀਂ ਲੜਾਈ ਦਾ ਰੂਪ ਲੈ ਲਿਆ, ਜਿਸ ਵਿਚ ਆਪ ਰਾਜਾ ਨੇ ਬਰਾੜ ਗਰੁੱਪ ਦੇ ਕੁੱਝ ਮੈਂਬਰਾਂ ਵੱਲੋਂ ਧੱਕਾ ਮੁੱਕੀ ਕਰਨ ਦਾ ਦੋਸ਼ ਲਾਇਆ ਸੀ।
ਹਾਈਕਮਾਨ ਦੀ ਘੁਰਕੀ ਤੋਂ ਬਾਅਦ ਸਮਝੌਤੇ ਦੇ ਯਤਨ ਵੀ ਹੋਏ ਤੇਜ਼
ਕਮਲਜੀਤ ਬਰਾੜ ਬਾਘਾਪੁਰਾਣਾ ਦੇ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਦੇ ਬੇਟੇ ਹਨ, ਜਿਨ੍ਹਾਂ ਵਲੋਂ ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਚੰਡੀਗੜ੍ਹ ਤੋਂ ਸਿਫਾਰਸ਼ ਲਗਵਾਉਣ ਸਮੇਤ ਇਨਕੁਆਰੀ ਤੱਕ ਮਾਰਕ ਕਰਵਾਉਣ ਦੀ ਚਰਚਾ ਸੁਣਨ ਨੂੰ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਸਮਝੌਤੇ ਦੇ ਯਤਨ ਵੀ ਤੇਜ਼ ਕਰ ਦਿੱਤੇ ਗਏ ਸਨ, ਜਿਸ ਦੇ ਤਹਿਤ ਦੋਵਾਂ ਧਿਰਾਂ ਵਿਚ ਕਈ ਮੀਟਿੰਗਾਂ ਦਾ ਦੌਰ ਹੋ ਚੁੱਕਾ ਹੈ ਅਤੇ ਹਾਈਕਮਾਨ ਨੇ ਵੀ ਉਨ੍ਹਾਂ ਨੂੰ ਰਾਜ਼ੀਨਾਮੇ ਦਾ ਸੁਨੇਹਾ ਦਿੱਤਾ ਹੈ।
ਨਿਗਮ ਚੋਣਾਂ 'ਚ ਕੌਣ ਸੰਭਾਲੇਗਾ ਯੁਵਾ ਕਾਂਗਰਸ ਦੀ ਕਮਾਨ
ਯੁਵਾ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਨੂੰ ਸਸਪੈਂਡ ਕਰਨ ਦਾ ਫੈਸਲਾ ਉਸ ਸਮੇਂ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਹੀ ਨਗਰ ਨਿਗਮ ਚੋਣਾਂ ਦੀ ਤਰੀਕ ਐਲਾਨੀ ਗਈ ਹੈ। ਇਸ ਦੌਰ ਵਿਚ ਯੂਥ ਕਾਂਗਰਸ ਦੀ ਕਮਾਨ ਕੌਣ ਸੰਭਾਲੇਗਾ, ਇਸ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ। ਜਦੋਂਕਿ ਨਗਰ ਨਿਗਮ ਚੋਣਾਂ 'ਚ ਕਈ ਯੁਵਾ ਕਾਂਗਰਸੀ ਟਿਕਟ ਮੰਗ ਰਹੇ ਹਨ ਅਤੇ ਦੂਜੇ ਉਮੀਦਵਾਰਾਂ ਨੂੰ ਵੀ ਯੂਥ ਕਾਂਗਰਸ ਦੀ ਮਦਦ ਦੀ ਲੋੜ ਰਹੇਗੀ।


Related News