ਲੋਕਾਂ ਨੇ ਗੰਦੇ ਪਾਣੀ ’ਚ ਲੇਟ ਕੇ ਕੀਤਾ ਪ੍ਰਦਰਸ਼ਨ
Sunday, Jul 29, 2018 - 01:57 AM (IST)
ਬਠਿੰਡਾ(ਸੁਖਵਿੰਦਰ)-ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਗੁਰੂ ਨਾਨਕ ਪੁਰਾ ਵਾਸੀਅਾਂ ਵੱਲੋਂ ਗੰਦੇ ਪਾਣੀ ’ਚ ਲੇਟ ਕੇ ਨਗਰ-ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਗਰ ਨਿਗਮ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦਿਆ ਕਾਂਗਰਸੀ ਆਗੂ ਚਰਨਜੀਤ ਸਿੰਘ ਭੋਲਾ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਨਗਰ-ਨਿਗਮ ਦੇ ਅਧਿਕਾਰੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਮਾਮਲੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਇਲਾਕੇ ’ਚ ਦੋ ਕੌਸਲਰਾਂ ਦੀ ਵੀ ਰਿਹਾਇਸ ਹੈ, ਫਿਰ ਵੀ ਮੁਹੱਲੇ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਰਿਹਾਇਸੀ ਇਲਾਕੇ ਵਿਚ ਡੇਅਰੀਆਂ ਹੋਣ ਕਾਰਨ ਸਾਰਾ ਗੋਬਰ ਸੀਵਰੇਜ ਵਿਚ ਜਾ ਰਿਹਾ ਹੈ ਜਿਸ ਕਾਰਨ ਸੀਵਰੇਜ ਆਏ ਦਿਨ ਬੰਦ ਹੋ ਰਹੇ ਪਰ ਨਿਗਮ ਦੇ ਅਧਿਕਾਰੀ ਉਕਤ ਡੇਅਰੀ ਮਾਲਕਾਂ ਨੂੰ ਮਾਮੂਲੀ ਜੁਰਮਾਨਾ ਕਰਕੇ ਆਪਣਾ ਪੱਲਾ ਛੁਡਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਸੀਵਰੇਜ ਓਵਰਫਲੋਅ ਹੋਣ ਕਾਰਨ ਸ਼ਹੀਦ ਜਰਨੈਲ ਸਿੰਘ ਵਾਲੀ ਗਲੀ ’ਚ ਗੰਦਾ ਪਾਣੀ ਪੂਰੀ ਤਰ੍ਹਾਂ ਭਰ ਗਿਆ। ਇਸ ਕਾਰਨ ਗੁਰੁਦਆਰਾ ਸਾਹਿਬ, ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰੋਸ ਵਿਚ ਆਏ ਲੋਕਾਂ ਵੱਲੋਂ ਗੰਦੇ ਪਾਣੀ ’ਚ ਲੇਟ ਕੇ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਰਾਜੇਸ਼ ਕੁਮਾਰ ਵਾਰਡ ਪ੍ਰਧਾਨ, ਜੋਗਿੰਦਰ ਸਿੰਘ, ਅਮੀਰ ਸਿੰਘ, ਗੁਰਦੇਵ ਸਿੰਘ, ਰਾਮ ਸਿੰਘ ਆਦਿ ਮੌਜੂਦ ਸਨ।
