ਸਬਮਰਸੀਬਲ ਪੰਪਾਂ ਦੇ ਨਾਲ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਦੀ ਵੀ ਹੋਵੇਗੀ ਚੈਕਿੰਗ

Tuesday, Jul 03, 2018 - 05:14 AM (IST)

ਸਬਮਰਸੀਬਲ ਪੰਪਾਂ ਦੇ ਨਾਲ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਦੀ ਵੀ ਹੋਵੇਗੀ ਚੈਕਿੰਗ

ਲੁਧਿਆਣਾ(ਹਿਤੇਸ਼)-ਨਗਰ ਨਿਗਮ ਪ੍ਰਸ਼ਾਸਨ ਨੇ ਡਿਸਪੋਜ਼ਲ ਚਾਰਜਿਜ਼ ਦੀ ਚੋਰੀ ਰੋਕਣ ਬਾਰੇ ਚਲਾਈ ਡੋਰ-ਟੂ-ਡੋਰ ਚੈਕਿੰਗ ਸਬੰਧੀ ਮੁਹਿੰਮ ਨੂੰ ਸਫਲਤਾ ਮਿਲਣ ਦੇ ਮੱਦੇਨਜ਼ਰ ਉਸ ’ਚ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਨੂੰ ਫਡ਼ਨ ਦਾ ਪਹਿਲੂ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮਹਾਨਗਰ ’ਚ ਵੱਡੀ  ਗਿਣਤੀ ਵਿਚ ਨਾਜਾਇਜ਼ ਸਬਮਰਸੀਬਲ ਪੰਪ ਚੱਲ ਰਹੇ ਹਨ, ਜਿਨ੍ਹਾਂ ਨੇ ਨਾ ਤਾਂ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਲਈ ਹੋਈ ਅਤੇ ਨਾ ਹੀ ਰੈਗੂਲਰ ਬਿੱਲ ਦੇ ਰਹੇ ਹਨ, ਜਿਸ ਨਾਲ ਰੈਵੇਨਿਊ ਦਾ ਭਾਰੀ ਨੁਕਸਾਨ ਹੋਣ ਦੇ ਮੱਦੇਨਜ਼ਰ ਮੇਅਰ ਨੇ ਡੋਰ-ਟੂ-ਡੋਰ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸ ਮੁਹਿੰਮ ਤਹਿਤ ਹੁਣ ਤੱਕ 11 ਹਜ਼ਾਰ ਤੋਂ ਜ਼ਿਆਦਾ ਨਾਜਾਇਜ਼ ਸਬਮਰਸੀਬਲ ਪੰਪਾਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ’ਚੋਂ ਕਾਫੀ ਕੁਨੈਕਸ਼ਨ ਰੈਗੂਲਰ ਕਰਨ ਦੇ   ਬਦਲੇ 4.65 ਕਰੋਡ਼ ਦੀ ਵਸੂਲੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਲੋਕਾਂ ਦੀ ਰਿਕਵਰੀ ਕਰਨ ਲਈ ਬਿੱਲ ਬਣਾ ਕੇ ਭੇਜਣ ਦੀ ਤਿਆਰੀ ਚੱਲ ਰਹੀ ਹੈ। 
 ਇਸ ਮੁਹਿੰਮ ਦੇ 30 ਜੂਨ ਤੱਕ ਆਏ ਨਤੀਜਿਆਂ ਨੂੰ ਰੀਵਿਊ ਕਰਨ ਬਾਰੇ ਬੁਲਾਈ ਮੀਟਿੰਗ ’ਚ ਮੇਅਰ ਬਲਕਾਰ ਸੰਧੂ ਨੇ ਜਿਥੇ ਚੈਕਿੰਗ ਡਰਾਈਵ ਨੂੰ 15 ਜੁਲਾਈ ਤੱਕ ਜਾਰੀ ਰੱਖਣ ਲਈ ਕਿਹਾ ਹੈ, ਉਥੇ ਇਸ ਦੌਰਾਨ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨ ਅਤੇ ਬਿੱਲ ਨਾ ਦੇਣ ਵਾਲਿਆਂ ਨੂੰ ਫਡ਼ਨ ਦੇ ਆਦੇਸ਼ ਦਿੱਤੇ ਹਨ। 
ਫੈਸਲੇ ਲਈ ਇਹ ਦਿੱਤੀ ਗਈ ਦਲੀਲ
 ਸਬਮਰਸੀਬਲ ਪੰਪਾਂ ਦੇ ਨਾਲ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਦੀ ਚੈਕਿੰਗ ਇਥੇ ਸਾਥ ਕਰਨ ਦਾ ਫੈਸਲਾ ਲੈਣ ਲਈ ਇਹ ਦਲੀਲ ਦਿੱਤੀ ਗਈ ਹੈ ਕਿ ਜਦ ਡਿਸਪੋਜ਼ਲ ਚਾਰਜਿਜ਼ ਦੀ ਅਦਾਇਗੀ ਬਾਰੇ ਪਤਾ ਕਰਨ ਲਈ ਮੁਲਾਜ਼ਮ ਨੇ ਇਕ ਯੂਨਿਟ ’ਤੇ ਵਿਜ਼ਟ ਕਰਨਾ ਹੈ ਤਾਂ ਇਹ ਡਿਟੇਲ ਵੀ ਲੈ ਕੇ ਆਵੇ ਕਿ ਜੇਕਰ ਉਥੇ ਪਾਣੀ-ਸੀਵਰੇਜ ਦਾ ਕੁਨੈਕਸ਼ਨ ਚੱਲ ਰਿਹਾ ਹੈ ਤਾਂ ਉਸ ਦੀ ਮਨਜ਼ੂਰੀ ਹੋਣ  ਤੋਂ ਇਲਾਵਾ ਬਿੱਲ ਦਿੱਤਾ ਜਾ ਰਿਹਾ ਹੈ ਜਾਂ ਨਹੀਂ। 
ਇਸ ਸਮੇਂ ਇਹ ਹਨ ਹਾਲਾਤ 
 ਜੇਕਰ ਪਾਣੀ-ਸੀਵਰੇਜ ਦੇ ਕੁਨੈਕਸ਼ਨਾਂ ਨੂੰ ਲੈ ਕੇ ਇਸ ਸਮੇਂ ਦੇ ਹਾਲਾਤ ਦੀ ਗੱਲ ਕਰੀਏ ਤਾਂ ਨਗਰ ਨਿਗਮ ਵਲੋਂ ਸੈਟੇਲਾਈਟ ਪਿਕਚਰ ਲੈ ਕੇ ਮਾਰਕ ਕੀਤੇ ਗਏ 4 ਲੱਖ ਯੂਨਿਟਾਂ ’ਚੋਂ ਅੱਧੇ ਲੋਕਾਂ ਨੇ ਪਾਣੀ-ਸੀਵਰੇਜ ਦੇ ਬਿੱਲ ਤਾਂ ਕੀ ਦੇਣੇ ਹਨ, ਕੁਨੈਕਸ਼ਨ ਹੀ ਮਨਜ਼ੂਰ ਨਹੀਂ ਕਰਵਾਏ। ਉਸ ਦੇ ਬਾਅਦ ਬਚੇ ਕੁਨੈਕਸ਼ਨਾਂ ’ਚੋਂ ਅੱਧੇ ਲੋਕ 125 ਗਜ਼ ਤੱਕ ਦੇ ਰਿਹਾਇਸ਼ੀ ਯੂਨਿਟਾਂ ’ਤੇ ਮੁਆਫੀ ਦਾ ਲਾਭ ਲੈ ਰਹੇ ਹਨ। 
 ਚੈਕਿੰਗ ਦਾ ਇਹ ਹੋਵੇਗਾ ਫਾਇਦਾ
 ਚੈਕਿੰਗ ਵਿਚ ਇਹ ਗੱਲ ਸਾਹਮਣੇ ਆ ਜਾਵੇਗੀ ਕਿ ਪਾਣੀ-ਸੀਵਰੇਜ ਦੇ ਕਿੰਨੇ ਕੁਨੈਕਸ਼ਨ ਨਾਜਾਇਜ਼ ਰੂਪ ਵਿਚ ਚੱਲ ਰਹੇ ਹਨ ਅਤੇ ਕਿੰਨੇ ਲੋਕ ਪਾਣੀ-ਸੀਵਰੇਜ ਦੀ ਸੁਵਿਧਾ ਦਾ ਪ੍ਰਯੋਗ ਕਰਨ ਦੇ ਬਾਵਜੂਦ ਬਿੱਲ ਨਹੀਂ ਜਮ੍ਹਾ ਕਰਵਾ ਰਹੇ ਹਨ, ਜਿਨਾਂ ਤੋਂ ਵਸੂਲੀ ਲਈ ਨੋਟਿਸ ਭੇਜੇ ਜਾਣਗੇ, ਜਿਨ੍ਹਾਂ ਨੋਟਿਸਾਂ ’ਚ ਬਕਾਏ ਦੀ ਅਦਾਇਗੀ ਨਾ ਹੋਣ ਦੀ ਹਾਲਤ ਵਿਚ ਕੁਨੈਕਸ਼ਨ ਕੱਟਣ ਦੀ ਚਿਤਾਵਨੀ ਦਿੱਤੀ ਜਾਵੇਗੀ। 
ਗਲਤ ਜਾਣਕਾਰੀ ਦੇਣ ਵਾਲੇ ਵੀ ਹੋਣਗੇ ਬੇਨਕਾਬ 
ਇਸ ਸਮੇਂ ਬਹੁਤ ਲੋਕਾਂ ਵਲੋਂ ਇੰਡਸਟਰੀਅਲ ਅਤੇ ਕਮਰਸ਼ੀਅਲ ਯੂਜ਼ਸ ਦੇ ਲਈ ਪਾਣੀ ਸੀਵਰੇਜ ਦਾ ਪ੍ਰਯੋਗ ਕਰਨ ਦੇ ਬਾਵਜੂਦ ਉਸ ਦੇ ਬਦਲੇ ਰਿਹਾਇਸ਼ੀ ਦਰਾਂ ’ਤੇ ਬਿੱਲ ਦਿੱਤੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਚੈਕਿੰਗ ਦੇ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਪਾਣੀ ਸੀਵਰੇਜ ਦੀ ਵਰਤੋਂ ਕਿਸ ਕੰਮ ਦੇ ਲਈ ਹੋ ਰਹੀ ਹੈ ਅਤੇ ਬਿੱਲ ਕਿਸ ਕੈਟਾਗਿਰੀ ’ਚ ਦਿੱਤਾ ਜਾ ਰਿਹਾ ਹੈ। ਉਸ ’ਤੇ ਬਿੱਲ ਦਾ ਟੈਰਿਫ ਬਦਲਣ ਦੀ ਕਾਰਵਾਈ ਹੋਵੇਗੀ।


Related News