ਰੇਡ ਕਰ ਕੇ ਫੜੇ 5.5 ਮੀਟ੍ਰਿਕ ਟਨ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ

Saturday, Jun 16, 2018 - 04:47 AM (IST)

ਰੇਡ ਕਰ ਕੇ ਫੜੇ 5.5 ਮੀਟ੍ਰਿਕ ਟਨ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ

ਲੁਧਿਆਣਾ(ਬਹਿਲ)-ਪੰਜਾਬ ਵਿਚ ਪਾਬੰਦੀਸ਼ੁਦਾ ਰੀ-ਸਾਈਕਲ ਕੀਤੇ ਹੋਏ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖ਼ਤ ਰੁਖ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਸਬੰਧ ਵਿਚ ਅੱਜ ਪ੍ਰਦੂਸ਼ਣ ਰੋਕਥਾਮ ਵਿਭਾਗ ਦੇ ਚੀਫ ਇੰਜੀਨੀਅਰ ਪ੍ਰਦੀਪ ਗੁਪਤਾ ਦੀ ਅਗਵਾਈ 'ਚ ਬੋਰਡ ਦੇ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ 5 ਟੀਮਾਂ ਨੇ ਸਾਂਝੇ ਰੂਪ 'ਚ ਲੁਧਿਆਣਾ ਦੇ ਟਰਾਂਸਪੋਰਟ ਨਗਰ ਸਥਿਤ ਵੱਖ-ਵੱਖ ਟਰਾਂਸਪੋਰਟ ਕੰਪਨੀਆਂ 'ਤੇ ਰੇਡ ਕਰ ਕੇ ਰੀ-ਸਾਈਕਲ ਕੀਤਾ ਹੋਇਆ ਪਲਾਸਟਿਕ ਦੇ ਲਿਫਾਫਿਆਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਚੀਫ ਇੰਜੀਨੀਅਰ ਪ੍ਰਦੀਪ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਾਸਟਿਕ ਦੇ ਪਾਬੰਦੀਸ਼ੁਦਾ ਲਿਫਾਫਿਆਂ ਦੀ ਦਰਾਮਦ ਕਰਨ ਵਾਲੇ ਲੁਧਿਆਣਾ ਦੇ ਕੁੱਝ ਟਰਾਂਸਪੋਰਟਰ ਘਰਾਣਿਆਂ 'ਤੇ ਅੱਜ ਛਾਪਾ ਮਾਰਿਆ ਹੈ। ਇਸ ਮਾਰੇ ਗਏ ਛਾਪੇ ਦੌਰਾਨ ਪੰਜਾਬ-ਗੁਜਰਾਤ ਅਤੇ ਗੁਜਰਾਤ-ਪੰਜਾਬ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਕੰਪਲੈਕਸ ਤੋਂ 5.5 ਮੀਟ੍ਰਿਕ ਟਨ ਰੀ-ਸਾਈਕਲ ਪਲਾਸਟਿਕ ਦੇ ਲਿਫਾਫਿਆਂ ਦੀ ਇਕ ਵੱਡੀ ਖੇਪ ਬਰਾਮਦ ਹੋਈ ਹੈ, ਜੋ ਕਿ ਮਹਾਨਗਰ ਲੁਧਿਆਣਾ ਵਿਚ ਸਪਲਾਈ ਕੀਤੀ ਜਾਣੀ ਸੀ। ਪ੍ਰਦੀਪ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਨੂੰ ਮੌਕੇ 'ਤੇ ਹੀ ਬਰਾਮਦ ਕਰ ਕੇ ਜ਼ਬਤ ਕਰ ਲਿਆ ਹੈ। ਇਕ ਅੰਦਾਜ਼ੇ ਮੁਤਾਬਕ ਇਸ ਮਾਲ ਦੀ ਕੀਮਤ ਕਰੀਬ 8 ਲੱਖ ਰੁਪਏ ਦੱਸੀ ਜਾ ਰਹੀ ਹੈ।  ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਸਾਲ 2016 ਤੋਂ ਰੀ-ਸਾਈਕਲ ਕੀਤੇ ਹੋਏ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਅਤੇ ਪੀ. ਪੀ. ਸੀ. ਬੀ. ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪਹਿਲਾਂ ਹੀ ਕੰਪੋਸਟ ਬੈਗਾਂ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੋਇਆ ਹੈ। ਇਸ ਦੇ ਬਾਵਜੂਦ ਵੱਡੇ ਪੱਧਰ 'ਤੇ ਕਈ ਟ੍ਰੇਡਰ ਅਤੇ ਡਿਸਟ੍ਰੀਬਿਊਟਰ ਹੁਣ ਵੀ ਪਾਬੰਦੀਸ਼ੁਦਾ ਪਲਾਸਟਿਕ ਬੈਗ ਦੂਜੇ ਰਾਜਾਂ ਤੋਂ ਭੇਜ ਰਹੇ ਹਨ ਜੋ ਕਿ ਗੈਰ-ਕਾਨੂੰਨੀ ਹੈ। ਪ੍ਰਦੀਪ ਗੁਪਤਾ ਨੇ ਕਿਹਾ ਕਿ ਅੱਜ ਰੇਡ ਦੌਰਾਨ ਫੜੇ ਗਏ ਦੋਸ਼ੀਆਂ ਖਿਲਾਫ ਪ੍ਰਦੂਸ਼ਣ ਰੋਕਥਾਮ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ


Related News