ਨਿਗਮ ਦੀ ਦਾਦਾਗਿਰੀ : ਐਡਮਿਸ਼ਨ ਦੀ ਸਿਫਾਰਿਸ਼ ਨਾ ਮੰਨਣ ''ਤੇ ਸਕੂਲ ਅੱਗੇ ਸੁੱਟਿਆ ਕੂੜਾ

02/17/2018 3:59:32 AM

ਬਠਿੰਡਾ(ਵਰਮਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ-ਸ਼ੋਰ ਨਾਲ ਸਵੱਛਤਾ ਅਭਿਆਨ ਚਲਾਇਆ ਹੋਇਆ ਹੈ, ਜਦਕਿ ਪੂਰੇ ਦੇਸ਼ 'ਚ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਪਰ ਨਗਰ ਨਿਗਮ 'ਚ ਤਾਇਨਾਤ ਇਕ ਅਧਿਕਾਰੀ ਨੇ ਸ਼ਹਿਰ ਦੇ ਇਕ ਵੱਡੇ ਸਕੂਲ ਅੱਗੇ ਇਸ ਲਈ ਕੂੜਾ ਸੁੱਟਵਾ ਦਿੱਤਾ ਕਿਉਂਕਿ ਉਨ੍ਹਾਂ ਨੇ ਉਕਤ ਅਧਿਕਾਰੀ ਦੀ ਐਡਮਿਸ਼ਨ ਸਬੰਧੀ ਸਿਫਾਰਿਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਹੀ ਨਹੀਂ ਸਕੂਲ ਦੇ ਬਾਹਰ ਸਫਾਈ ਵਾਲੀ ਮਸ਼ੀਨ ਵੀ ਤਾਇਨਾਤ ਕਰ ਦਿੱਤੀ, ਜਿਸ ਨਾਲ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਇਆ ਤੇ ਪਾਰਕਿੰਗ ਸਥਾਨ 'ਚ ਖੜ੍ਹੀਆਂ ਗੱਡੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿਚ ਛੁੱਟੀ ਦੌਰਾਨ ਬੱਚੇ ਜਦੋਂ ਬਾਹਰ ਨਿਕਲਦੇ ਹਨ ਤਾਂ ਬਦਬੂ ਕਾਰਨ ਉਹ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਇਹ ਸਕੂਲ ਈਸਾਈ ਮਿਸ਼ਨਰੀ ਵੱਲੋਂ ਚਲਾਇਆ ਜਾ ਰਿਹਾ ਹੈ ਜਦਕਿ ਸ਼ਹਿਰ ਦਾ ਸਭ ਤੋਂ ਵੱਡਾ ਤੇ ਪੁਰਾਣਾ ਸਕੂਲ ਹੈ, ਜਿਸ ਦੀ ਐਡਮਿਸ਼ਨ ਲਈ ਮੰਤਰੀਆਂ ਤੱਕ ਦੀ ਸਿਫਾਰਿਸ਼ ਨੂੰ ਵੀ ਦਰ-ਕਿਨਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਐਡਮਿਸ਼ਨ ਸਬੰਧੀ ਸਕੂਲ ਦੇ ਆਪਣੇ ਹੀ ਸਖ਼ਤ ਨਿਯਮ ਹਨ ਤੇ ਐਡਮਿਸ਼ਨ 'ਚ ਪਾਰਦਰਸ਼ਿਤਾ ਵੀ ਲਾਈ ਜਾਂਦੀ ਹੈ ਅਤੇ ਰਿਜ਼ਲਟ ਨੂੰ ਇੰਟਰਨੈਟ 'ਤੇ ਜਨਤਕ ਕੀਤਾ ਜਾਂਦਾ ਹੈ। ਸਕੂਲ ਦੀ ਪ੍ਰਿੰਸੀਪਲ ਵੀਨੂ ਡਿਸੂਜ਼ਾ ਨੇ ਦੱਸਿਆ ਕਿ ਦੀਵਾਰਾਂ ਨਾਲ ਕੁਝ ਲੋਕਾਂ ਨੇ ਜਾਣਬੁੱਝ ਕੇ ਗੰਦਗੀ ਸੁੱਟੀ। ਇਸ ਸਬੰਧੀ ਐੱਸ. ਡੀ. ਐੱਮ. ਬਠਿੰਡਾ ਨੂੰ ਵੀ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਵੱਛਤਾ ਅਭਿਆਨ 'ਚ ਵਧ-ਚੜ੍ਹ ਕੇ ਹਿੱਸਾ ਲਿਆ ਗਿਆ ਹੈ ਅਤੇ ਬੱਚਿਆਂ ਨੂੰ ਵੀ ਇਸ ਦਾ ਸਬਕ ਸਿਖਾਇਆ ਗਿਆ। ਸਕੂਲ 'ਚ ਪੜ੍ਹਦੇ ਇਕ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਗਮ ਦੀ ਸਫਾਈ ਵਾਲੀ ਗੱਡੀ ਨੂੰ ਰਸਤੇ 'ਚ ਖੜ੍ਹਾ ਕਰ ਦਿੱਤਾ ਗਿਆ ਹੈ ਜਿਸ ਨਾਲ ਆਉਣ-ਜਾਣ 'ਚ ਅਸੁਵਿਧਾ ਹੋ ਰਹੀ ਹੈ। ਅਜਿਹਾ ਹੀ ਹੋਰ ਬੱਚਿਆਂ ਦੇ ਮਾਪਿਆਂ ਨੇ ਵੀ ਦੋਸ਼ ਲਾਇਆ ਅਤੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਅਜਿਹਾ ਕੰਮ ਸ਼ੋਭਾ ਨਹੀਂ ਦਿੰਦਾ।
ਸਵੱਛਤਾ ਅਭਿਆਨ ਤਹਿਤ ਮੀਡੀਆ ਦੀਆਂ ਸੁਰਖੀਆਂ ਨੂੰ ਇਕੱਠਾ ਕਰਨ ਵਾਲੀ ਜ਼ਿਲੇ ਦੀ ਐੱਸ. ਡੀ. ਐੱਮ. ਸਾਕਸ਼ੀ ਸਾਹਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸਕੂਲ ਦਾ ਪੱਤਰ ਜ਼ਰੂਰ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਕਾਰਵਾਈ ਲਈ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਸੀ। ਤਿੰਨ ਦਿਨ ਬਾਅਦ ਵੀ ਗੰਦਗੀ ਨਾ ਚੁੱਕੇ ਜਾਣ ਸਬੰਧੀ ਪੁੱਛੇ ਗਏ ਜਵਾਬ ਵਿਚ ਐੱਸ. ਡੀ. ਐੱਮ. ਨੇ ਕਿਹਾ ਕਿ ਜਲਦ ਹੀ ਗੰਦਗੀ ਨੂੰ ਉਥੋਂ ਚੁਕਵਾ ਦਿੱਤਾ ਜਾਵੇਗਾ। ਡੀ. ਸੀ. ਦੀਪਰਵਾ ਲਾਕਰਾ ਨੇ ਇਸ ਸਬੰਧੀ ਦੱਸਿਆ ਕਿ ਇਹ ਗਲਤ ਧਾਰਨਾ ਹੈ, ਇਸ ਦੀ ਜਾਂਚ ਕਰਵਾਈ ਜਾਵੇਗੀ, ਇਸ ਦੇ ਪਿੱਛੇ ਕੌਣ ਹੈ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਨੂੰ ਇਸ ਸਬੰਧੀ ਕਾਰਵਾਈ ਕਰਨ ਤੇ ਗੰਦਗੀ ਚੁੱਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਵੀ ਮੁਲਜ਼ਮ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


Related News