ਨਗਰ ਕੌਂਸਲ ਨੇ ਕਾਰੋਬਾਰੀਆਂ ਵੱਲੋਂ ਬਣਵਾਈਆਂ ਜਾ ਰਹੀਆਂ ਦੁਕਾਨਾਂ ਢਾਹੀਆਂ

02/10/2018 7:34:58 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਆਈ. ਟੀ. ਆਈ. ਚੌਕ ਨੇੜੇ ਗਰਚਾ ਰੋਡ 'ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕੁਝ ਵਪਾਰੀਆਂ ਵੱਲੋਂ ਬਣਵਾਈਆਂ ਜਾ ਰਹੀਆਂ ਦੁਕਾਨਾਂ ਦਾ ਨਿਰਮਾਣ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨੇ ਭਾਰੀ ਪੁਲਸ ਫੋਰਸ ਨੂੰ ਲੈ ਕੇ ਰੁਕਵਾ ਦਿੱਤਾ। ਨਗਰ ਕੌਂਸਲ ਦੇ ਕਰਮਚਾਰੀਆਂ ਨੇ ਉਕਤ ਉਸਾਰੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਤਾਂ ਇਕ ਦੋ ਦੁਕਾਨਦਾਰਾਂ ਦੀ ਨਗਰ ਕੌਂਸਲ ਦੇ ਈ.ਓ. ਨਾਲ ਬਹਿਸ ਵੀ ਹੋ ਗਈ। ਨਗਰ ਕੌਂਸਲ ਦੀ ਇਸ ਕਾਰਵਾਈ ਕਾਰਨ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਕਾਲੋਨਾਈਜ਼ਰ ਪਿਆਰਾ ਲਾਲ ਰਾਏਸਰੀਆ ਨੇ ਕਿਹਾ ਕਿ ਉਹ ਨਗਰ ਕੌਂਸਲ 'ਚ ਪੈਸੇ ਭਰਨ ਲਈ ਤਿਆਰ ਹਨ। ਅਜੇ ਤਾਂ ਉਨ੍ਹਾਂ ਨੇ ਦੁਕਾਨਾਂ ਦਾ ਨਿਰਮਾਣ ਵੀ ਸ਼ੁਰੂ ਨਹੀਂ ਕੀਤਾ ਸੀ। ਸਿਰਫ ਦੁਕਾਨਾਂ ਦੀਆਂ ਨੀਹਾਂ ਹੀ ਭਰ ਰਹੇ ਸਨ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਆ ਕੇ ਨੀਹਾਂ ਤੋੜ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏੇ ਦਾ ਨੁਕਸਾਨ ਹੋ ਗਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਸ਼ਹਿਰ 'ਚ ਸਭ ਕੁਝ ਕਾਨੂੰਨ ਅਨੁਸਾਰ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਪੈਸੇ ਭਰਨ ਲਈ ਤਿਆਰ ਹਨ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਪੈਸੇ ਨਹੀਂ ਭਰਵਾਏ ਸਨ ਕਿ ਜਦੋਂ ਸਰਕਾਰ ਦੀ ਨਵੀਂ ਪਾਲਸੀ ਆਵੇਗੀ ਤਾਂ ਪੈਸੇ ਭਰਵਾ ਲਏ ਜਾਣਗੇ। 
ਨਕਸ਼ੇ ਪਾਸ ਨਹੀਂ ਸਨ, ਇਸ ਲਈ ਢਾਹਿਆ ਨਿਰਮਾਣ ਨੂੰ : ਈ. ਓ.
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ.ਓ. ਪਰਮਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੁਕਾਨ ਦਾ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ। ਇਸ ਲਈ ਅਸੀਂ ਇਸ ਨਿਰਮਾਣ ਨੂੰ ਢਾਹ ਦਿੱਤਾ। 


Related News