ਵਾਰਡ ਨੰਬਰ 53 ਦੇ ਮੁਗਲਾਂ ਢਿੱਕੀ ਮੁਹੱਲੇ ਦੇ ਮਕਾਨਾਂ ''ਚ ਤਰੇੜਾਂ ਆਉਣ ਨਾਲ ਲੋਕ ਦਹਿਸ਼ਤ ''ਚ

Thursday, Feb 08, 2018 - 06:28 AM (IST)

ਵਾਰਡ ਨੰਬਰ 53 ਦੇ ਮੁਗਲਾਂ ਢਿੱਕੀ ਮੁਹੱਲੇ ਦੇ ਮਕਾਨਾਂ ''ਚ ਤਰੇੜਾਂ ਆਉਣ ਨਾਲ ਲੋਕ ਦਹਿਸ਼ਤ ''ਚ

ਜਲੰਧਰ(ਚੋਪੜਾ)- ਵਾਰਡ ਨੰ. 53 ਅਧੀਨ ਆਉਂਦੀ ਮੁਗਲਾਂ ਢਿੱਕੀ , ਖਿੰਗਰਾਂ ਗੇਟ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਘਰਾਂ ਵਿਚ ਆਈਆਂ ਤਰੇੜਾਂ ਵੱਡੀਆਂ ਹੋ ਜਾਣ ਕਾਰਨ ਇਨ੍ਹਾਂ ਮਕਾਨਾਂ ਦੇ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਅੱਜ ਨਾਰਥ ਹਲਕੇ ਦੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਨਗਰ ਨਿਗਮ ਦੇ ਬੀ. ਐਂਡ ਆਰ.  ਵਿਭਾਗ ਦੇ ਐਕਸੀਅਨ ਅਸ਼ਵਨੀ ਚੌਧਰੀ, ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਸਿਮਰਨਜੀਤ ਸਿੰਘ ਤੇ ਨਰਿੰਦਰ ਸਿੰਘ ਜੇ. ਈ. ਨਾਲ ਇਲਾਕੇ ਦਾ  ਦੌਰਾ  ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਛੱਤਾਂ 'ਤੇ  ਛੋਟੀਆਂ -ਛੋਟੀਆਂ ਤਰੇੜਾਂ ਆਈਆਂ ਪਰ ਬਾਅਦ ਵਿਚ ਇਹ ਤਰੇੜਾਂ ਫਰਸ਼, ਕੰਧਾਂ ਤੇ ਗਲੀਆਂ ਵਿਚ ਵੀ ਨਜ਼ਰ ਆਉਣ ਲੱਗੀਆਂ। ਉਨ੍ਹਾਂ ਕਿਹਾ ਕਿ ਤਰੇੜਾਂ ਲਗਾਤਾਰ ਖਤਰਨਾਕ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ ਜਿਸ ਕਾਰਨ ਇਲਾਕਾ ਵਾਸੀ ਦਹਿਸ਼ਤ ਵਿਚ ਹਨ। ਲੋਕਾਂ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਘਰਾਂ ਵਿਚ ਸੌਣ ਤੋਂ ਵੀ ਡਰਨ ਲੱਗੇ ਹਨ। ਵਿਧਾਇਕ ਹੈਨਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਤੁਰੰਤ ਤਰੇੜਾਂ ਆਉਣ ਦੇ ਕਾਰਨ ਲੱਭਣ ਲਈ ਕਿਹਾ। ਉਨ੍ਹਾਂ ਕਿਹਾ ਪਹਿਲਾਂ ਫਾਲਟ ਲੱਭ ਕੇ ਉਸਨੂੰ ਠੀਕ ਕੀਤਾ ਜਾਵੇ ਤਾਂ ਜੋ ਮਕਾਨਾਂ ਦੀ ਰਿਪੇਅਰ ਹੋਣ ਤੋਂ ਬਾਅਦ ਇਸਦਾ ਪੱਕਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰ ਕੋਲੋਂ ਮੁਆਵਜ਼ਾ ਦਿਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੌਂਸਲਰ ਪਤੀ ਸਲਿਲ ਬਾਹਰੀ, ਦੀਪਕ ਮੋਦੀ, ਟੋਨੀ ਸ਼ਾਰਦਾ, ਅਵਤਾਰ ਸਿੰਘ, ਬਲਵੰਤ ਨਾਗਪਾਲ, ਸਤੀਸ਼ ਜੌਨੀ, ਮੁਕੇਸ਼ ਭੱਲਾ, ਰਮਿਤ ਦੱਤਾ, ਵਿਸ਼ਾਲ ਸ਼ਰਮਾ, ਜੋਗਿੰਦਰ ਸਿੰਘ, ਸ਼ੀਲਾ ਦੇਵੀ, ਮੀਨਾ ਰਾਣੀ, ਗੀਤਾ ਰਾਣੀ ਤੇ ਹੋਰ ਵੀ ਮੌਜੂਦ ਸਨ।  
ਸੀਵਰੇਜ ਤੇ ਵਾਟਰ ਸਪਲਾਈ ਪਾਈਪਾਂ ਦੀ ਹੋਵੇਗੀ ਜਾਂਚ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੱਧਰ 'ਤੇ ਆਈਆਂ ਤਰੇੜਾਂ ਦਾ ਵੱਡਾ ਕਾਰਨ ਸੀਵਰੇਜ ਤੇ ਵਾਟਰ ਸਪਲਾਈ ਪਾਈਪਾਂ ਵਿਚ ਲੀਕੇਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਲਾਕੇ ਵਿਚ ਪਾਈ ਪਾਈਪ ਲਾਈਨ ਦੀ ਜਾਂਚ ਕੀਤੀ ਜਾਵੇਗੀ  ਕਿ ਕਿਤੇ ਰਿਸਾਅ ਹੋਣ ਨਾਲ ਪਾਣੀ ਘਰਾਂ ਦੀ ਨੀਹਾਂ ਤੇ ਜ਼ਮੀਨ ਵਿਚ ਤਾਂ ਨਹੀਂ ਜਾ ਰਿਹਾ ਜਿਸ ਨਾਲ ਜ਼ਮੀਨ ਧਸਣ ਦੇ ਕਾਰਨ ਤਰੇੜਾਂ ਪੈ ਰਹੀਆਂ ਹੋਣ। 


Related News