ਨਾਜਾਇਜ਼ ਕਬਜ਼ਿਆਂ ''ਤੇ ਨਿਗਮ ਹੋਇਆ ਸਖ਼ਤ, ਚਲਾਇਆ ਬੁਲਡੋਜ਼ਰ

Wednesday, Jan 03, 2018 - 07:16 AM (IST)

ਨਾਜਾਇਜ਼ ਕਬਜ਼ਿਆਂ ''ਤੇ ਨਿਗਮ ਹੋਇਆ ਸਖ਼ਤ, ਚਲਾਇਆ ਬੁਲਡੋਜ਼ਰ

ਬਠਿੰਡਾ(ਪਰਮਿੰਦਰ)-ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ 'ਤੇ ਸਖ਼ਤ ਕਾਰਵਾਈ ਕਰਦਿਆਂ ਉਕਤ ਕਬਜ਼ਿਆਂ 'ਤੇ ਬੁਲਡੋਜ਼ਰ ਚਲਾ ਦਿੱਤਾ। ਨਿਗਮ ਦੀ ਟੀਮ ਨੇ ਗਾਂਧੀ ਮਾਰਕੀਟ ਅਤੇ ਮੱਛੀ ਮਾਰਕੀਟ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਬਜ਼ੇ ਆਵਾਜਾਈ ਵਿਚ ਰੁਕਾਵਟ ਪੈਦਾ ਕਰਦੇ ਹਨ, ਜਿਸ ਕਾਰਨ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਤਹਿ-ਬਾਜ਼ਾਰੀ ਸ਼ਾਖਾ ਦੇ ਇੰਸਪੈਕਟਰ ਗੁਰਦੀਪ ਸਿੰਘ, ਜੇ. ਈ. ਪਵਨ ਕੁਮਾਰ ਤੋਂ ਇਲਾਵਾ ਟਰੈਫਿਕ ਪੁਲਸ ਪਰਮਿੰਦਰ ਸਿੰਘ ਨੇ ਗਾਂਧੀ ਮਾਰਕੀਟ ਵਿਚ ਦਬਿਸ਼ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕੁਝ ਦੁਕਾਨਦਾਰਾਂ ਵੱਲੋਂ ਕੱਢੀਆਂ ਗਈਆਂ ਦੀਵਾਰਾਂ ਢਾਹ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਕ ਇਲੈਕਟ੍ਰੋਨਿਕਸ ਦੁਕਾਨ ਮਾਲਕ ਨੇ ਫੁੱਟਪਾਥ 'ਤੇ ਦੀਵਾਰ ਕੱਢ ਕੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਹਟਾਇਆ ਗਿਆ। ਇਸ ਦੇ ਨਾਲ ਹੀ ਨਿਗਮ ਦੀ ਟੀਮ ਨੇ ਮੱਛੀ ਮਾਰਕੀਟ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਬਣਾਏ ਗਏ ਵੱਡੇ ਥੜ੍ਹਿਆਂ ਨੂੰ ਵੀ ਜੇ. ਸੀ. ਬੀ. ਦੀ ਮਦਦ ਨਾਲ ਢਾਹ ਦਿੱਤਾ। ਸੜਕਾਂ ਦੇ ਕਿਨਾਰਿਆਂ ਤੋਂ ਨਾਜਾਇਜ਼ ਅੱਡਿਆਂ ਤੇ ਰੇਹੜੀਆਂ ਆਦਿ ਨੂੰ ਵੀ ਹਟਵਾ ਦਿੱਤਾ ਗਿਆ ਹੈ ਤਾਂ ਕਿ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਰੇਲਵੇ ਰੋਡ 'ਤੇ ਵੀ ਟੀਮ ਨੇ ਕੁਝ ਅਸਥਾਈ ਅੱਡਿਆਂ ਨੂੰ ਹਟਵਾ ਕੇ ਸੜਕ ਖੁੱਲ੍ਹਵਾਈ ਗਈ।


Related News