550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਨਗਰ ਪ੍ਰੀਸ਼ਦ ਕਪੂਰਥਲਾ ਬਣਿਆ ਨਗਰ ਨਿਗਮ!

09/14/2019 10:32:33 AM

ਕਪੂਰਥਲਾ (ਮਹਾਜਨ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਨਗਰ ਪ੍ਰੀਸ਼ਦ ਕਪੂਰਥਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਹੈ। ਜਿਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਆਗਾਮੀ ਕੁਝ ਹੀ ਦਿਨਾਂ 'ਚ ਨਗਰ ਨਿਗਮ ਦਾ ਕਮਿਸ਼ਨਰ ਲੱਗ ਜਾਵੇਗਾ। ਜਿਸ ਨਾਲ ਨਗਰ ਨਿਗਮ ਦਾ ਕੰਮ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 2 ਮਾਰਚ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਪੂਰਥਲਾ, ਅਬੋਹਰ ਅਤੇ ਬਟਾਲਾ ਨਗਰ ਪ੍ਰੀਸ਼ਦ ਨੂੰ ਅਪਗ੍ਰੇਡ ਕਰਕੇ ਨਗਰ ਨਿਗਮ ਬਣਾਉਣ ਦਾ ਐਲਾਨ ਕੀਤਾ ਸੀ ਪਰ ਦੇਸ਼ 'ਚ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਨਗਰ ਨਿਗਮ ਬਣਾਉਣ ਦਾ ਕੰਮ ਠੰਡੇ ਬਸਤੇ 'ਚ ਚਲਾ ਗਿਆ ਸੀ। ਹੁਣ ਨੋਟੀਫਿਕੇਸ਼ਨ ਦੀ ਕਾਪੀ ਜਾਰੀ ਹੋਣ ਤੋਂ ਬਾਅਦ ਨਗਰ ਨਿਗਮ ਬਣਨ 'ਚ ਹਲਚਲ ਸ਼ੁਰੂ ਹੋ ਗਈ ਹੈ।

ਕੀ ਹੋਵੇਗਾ ਦਾਇਰਾ ਨਗਰ ਨਿਗਮ ਦਾ?
ਨਗਰ ਨਿਗਮ ਬਣਨ ਨਾਲ ਇਥੇ ਮੇਅਰ ਦਾ ਅਹੁਦਾ ਵੀ ਹੋ ਜਾਵੇਗਾ। ਜਿਸ ਨਾਲ ਨਗਰ ਨਿਗਮ ਨੂੰ ਗ੍ਰਾਂਟ ਮਿਲਣ 'ਚ ਆਸਾਨੀ ਹੁੰਦੀ ਹੈ।

ਕੀ ਹੋਵੇਗਾ ਸਟਾਫ?
ਮੇਅਰ ਦੇ ਨਾਲ ਕਮਿਸ਼ਨਰ, ਵਧੀਕ ਕਮਿਸ਼ਨਰ, ਐੱਮ. ਈ., ਐਕਸੀਅਨ ਉਪ ਕੰਟਰੋਲਰ ਵਿੱਤ ਅਤੇ ਲੇਖਾਕਾਰ, ਐੱਸ. ਡੀ. ਓ ਦੀਆਂ 2 ਪੋਸਟਾਂ ਅਤੇ ਜੇ. ਈ. ਈ. ਦੀਆਂ 4 ਪੋਸਟਾਂ ਹੋਣਗੀਆ।

ਹੁਣ ਹੋਣਗੇ 50 ਵਾਰਡ
ਨਗਰ ਪ੍ਰੀਸ਼ਦ ਕਪੂਰਥਲਾ ਦੇ 29 ਵਾਰਡ ਹਨ, ਜਦੋਂ ਇਹ ਨਗਰ ਨਿਗਮ ਬਣ ਜਾਵੇਗਾ ਉਦੋਂ ਇਸਦੇ 29 ਤੋਂ 50 ਵਾਰਡ ਹੋਣਗੇ। ਨਿਗਮ ਬਣਨ ਨਾਲ ਸ਼ਹਿਰ ਦੇ ਦੀਪ ਨਗਰ, ਡਿਫੈਂਸ ਕਾਲੋਨੀ ਅਤੇ ਹੋਰ ਬਾਹਰੀ ਖੇਤਰਾਂ ਨੂੰ ਨਗਰ ਨਿਗਮ 'ਚ ਮਿਲਾਇਆ ਜਾਵੇਗਾ। ਵਿਭਾਗ ਅਨੁਸਾਰ ਨੇੜੇ ਦੇ ਅਜਿਹੇ ਪਿੰਡਾਂ ਨੂੰ ਲਿਆਂਦਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪਿੰਡ ਬਹੂਈ, ਬਰਿੰਦਰਪੁਰ, ਨੂਰਪੁਰ, ਕਾਦੂਪੁਰ, ਡੋਗਰਾਂਵਾਲ ਅਤੇ ਨਵਾਂ ਪਿੰਡ ਭੱਠੇ ਆਦਿ ਨੂੰ ਨਿਗਮ 'ਚ ਮਿਲਾਉਣ ਦੀ ਸੰਭਾਵਨਾ ਬਣੀ ਹੋਈ ਹੈ।

ਨਗਰ ਨਿਗਮ ਬਣਨ 'ਤੇ ਇਨ੍ਹਾਂ ਕੰਮਾਂ 'ਤੇ ਰਹੇਗਾ ਧਿਆਨ
ਸੜਕ, ਪਾਣੀ, ਸਟ੍ਰੀਟ ਲਾਈਟ, ਆਵਾਜਾਈ, ਸਵੱਛਤਾ, ਜਨਤਕ ਸ਼ੌਚਾਲਿਆ, ਸਮਾਰਟ ਸਿਟੀ ਪ੍ਰੋਜੈਕਟ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਜਾਰੀ ਹੋ ਸਕਦੀਆਂ ਹਨ। ਨਿਗਮ ਦੀ ਸੀਮਾ 'ਚ ਆਉਣ ਨਾਲ ਇਨ੍ਹਾਂ ਖੇਤਰਾਂ 'ਚ ਪ੍ਰਾਪਰਟੀ ਦੇ ਰੇਟ ਵਧਣ ਦੀ ਸੰਭਾਵਨਾ ਹੈ।

ਨਗਰ ਨਿਗਮ ਬਣਨ ਨਾਲ ਨਗਰ ਪ੍ਰੀਸ਼ਦ ਹੋਵੇਗੀ ਭੰਗ
ਪੰਜਾਬ ਦੇ ਤਿੰਨ ਖੇਤਰਾਂ ਅਬੋਹਰ, ਬਟਾਲਾ ਅਤੇ ਕਪੂਰਥਲਾ ਨੂੰ ਨਗਰ ਪ੍ਰੀਸ਼ਦ ਤੋਂ ਨਗਰ ਨਿਗਮ ਬਣਾਉਣ ਨਾਲ ਨਗਰ ਪ੍ਰੀਸ਼ਦ ਪ੍ਰਧਾਨ ਅਤੇ ਕੌਂਸਲਰਾਂ ਦੀਆਂ ਪਾਵਰਾਂ ਖਤਮ ਹੋ ਗਈਆਂ ਹਨ। ਹੁਣ ਨਗਰ ਨਿਗਮ ਦੇ ਕਮਿਸ਼ਨਰ ਦੇ ਆਉਣ ਤੋਂ ਬਾਅਦ ਨਗਰ ਨਿਗਮ ਦਾ ਕੰਮ ਸੁਚਾਰੂ ਢੰਗ ਨਾਲ ਹੋਣ ਤੋਂ ਬਾਅਦ ਨਗਰ ਨਿਗਮ ਚੋਣ ਦੀਆਂ ਤਿਆਰੀਆਂ ਅਤੇ ਵਾਰਡਬੰਦੀ ਦਾ ਕੰਮ ਸ਼ੁਰੂ ਹੋ ਜਾਵੇਗਾ।

ਲੋਕਾਂ ਨੂੰ ਬਿਹਤਰ ਸਹੂਲਤਾਂ ਦਿਵਾਉਣਾ ਸਰਕਾਰ ਦਾ ਪਹਿਲਾ ਟੀਚਾ : ਵਿਧਾਇਕ ਰਾਣਾ ਗੁਰਜੀਤ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਕਪੂਰਥਲਾ ਨੂੰ ਨਗਰ ਨਿਗਮ ਦਾ ਦਰਜਾ ਦੇ ਕੇ ਸਨਮਾਨ ਪ੍ਰਦਾਨ ਕੀਤਾ ਹੈ। ਨਗਰ ਨਿਗਮ ਬਣਨ ਨਾਲ ਸ਼ਹਿਰ 'ਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਹੋਣਗੇ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਬਿਹਤਰ ਸਹੂਲਤਾਂ ਦਿਵਾਉਣਾ ਸਰਕਾਰ ਦਾ ਪਹਿਲਾ ਟੀਚਾ ਹੈ।


shivani attri

Content Editor

Related News