ਗੈਂਗਸਟਰ ਲਾਰੈਂਸ ਬਿਸ਼ਨੋਈ ਅਦਾਲਤ 'ਚ ਪੇਸ਼, ਮੁਕਤਸਰ ਪੁਲਸ ਨੂੰ ਮਿਲਿਆ 6 ਦਿਨਾਂ ਦਾ ਰਿਮਾਂਡ

Thursday, Dec 08, 2022 - 12:35 PM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ਅਦਾਲਤ 'ਚ ਪੇਸ਼, ਮੁਕਤਸਰ ਪੁਲਸ ਨੂੰ ਮਿਲਿਆ 6 ਦਿਨਾਂ ਦਾ ਰਿਮਾਂਡ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਦੇਰ ਰਾਤ ਮੁਕਤਸਰ ਪੁਲਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਮੁਕਤਸਰ ਸਾਹਿਬ ਲੈ ਕੇ ਪਹੁੰਚੀ, ਜਿਸਨੂੰ ਕਿ ਅੱਜ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸ ਦੇਈਏ ਕਿ ਪੁਲਸ ਨੇ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਟਰਾਂਜਿਟ ਰਿਮਾਂਡ 'ਤੇ ਲਿਆਂਦਾ ਹੈ। ਮਾਣਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ ਛੇ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਹੁਣ ਲਾਰੈਂਸ ਨੂੰ 13 ਦਸੰਬਰ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਕਤਸਰ ਪੁਲਿਸ ਬਿਸ਼ਨੋਈ ਨੂੰ 2021 ਦੇ ਇਕ ਫਿਰੌਤੀ ਦੇ ਮਾਮਲੇ ਸਬੰਧੀ ਪੁੱਛਗਿੱਛ ਕਰਨ ਲਈ ਲੈ ਕੇ ਆਈ ਹੈ। 

ਇਹ ਵੀ ਪੜ੍ਹੋ- ਮਲੋਟ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਠੇਕੇਦਾਰ ਦਾ ਬੇਰਹਿਮੀ ਨਾਲ ਕਤਲ

ਜ਼ਿਕਰਯੋਗ ਹੈ ਕਿ 22 ਮਾਰਚ 2021 ਨੂੰ ਮੁਕਤਸਰ ਦੇ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕਿਸੇ ਵਿਅਕਤੀ ਵੱਲੋਂ ਉਸ ਨੂੰ ਲਗਾਤਾਰ 3 ਨੰਬਰਾਂ ਤੋਂ ਫੋਨ ਕਰਕੇ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਉਸ ਨੇ ਮੰਗ ਪੂਰੀ ਨਾ ਕੀਤੀ ਤਾਂ ਉਹ ਉਸਦੇ ਮੁੰਡੇ ਨੂੰ ਮਾਰ ਦੇਣਗੇ। ਉਕਤ ਵਿਅਕਤੀ ਨੇ ਬਿਆਨਾਂ 'ਚ ਕਿਹਾ ਕਿ ਫੋਨ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਸੀ ਅਤੇ ਉਸ ਨੂੰ ਕਹਿ ਰਿਹਾ ਸੀ ਕਿ ਉਹ 23 ਮਾਰਚ ਨੂੰ ਪੇਸ਼ੀ ਭੁਗਤਣ ਲਈ ਫਰੀਦਕੋਟ ਆ ਰਿਹਾ ਹੈ , ਉਸ ਤੋਂ ਪਹਿਲਾ ਉਸਨੂੰ ਫਿਰੌਤੀ ਦਿੱਤੀ ਜਾਵੇ। ਇਸ ਸਬੰਧੀ ਪੁਲਿਸ ਨੇ ਉਸ ਸਮੇਂ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 387, 506 ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ- ਬੇਅਦਬੀ ਦੇ ਦੋਸ਼ਾਂ 'ਚ ਘਿਰੇ ਡੇਰਾ ਪ੍ਰੇਮੀਆਂ ਨੂੰ ਸਤਾਉਣ ਲੱਗਾ ਡਰ, ਸੁਰੱਖਿਆ ਕਾਰਨਾਂ ਕਰਕੇ ਅਦਾਲਤ 'ਚ ਨਹੀਂ ਹੋਏ ਪੇਸ਼

ਇਸ ਮਾਮਲੇ ਵਿਚ ਦਮਨਪ੍ਰੀਤ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਹੁਣ ਜ਼ਮਾਨਤ 'ਤੇ ਹੈ ਅਤੇ ਹੁਣ ਲਾਰੈਂਸ ਬਿਸ਼ਨੋਈ ਨੂੰ ਪੁਲਸ ਪੁੱਛਗਿੱਛ ਲਈ ਲੈ ਕੇ ਆਈ ਹੈ। ਦੱਸਣਯੋਗ ਹੈ ਕਿ ਇਸੇ ਮਾਮਲੇ ਵਿਚ ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਉਧਰ ਲਾਰੈਂਸ ਦੇ ਵਕੀਲ ਸਤਨਾਮ ਸਿੰਘ ਧੀਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਸਮੇਂ ਇਹ ਫਿਰੌਤੀ ਮੰਗਣ ਦੀ ਗੱਲ ਹੋ ਰਹੀ ਹੈ, ਉਸ ਸਮੇਂ ਲਾਰੈਂਸ ਇਕ ਮਾਮਲੇ 'ਚ ਹਾਈ ਸਕਿਓਰਿਟੀ ਜੇਲ੍ਹ ਵਿਚ ਸੀ। ਐਡਵੋਕੇਟ ਸਤਨਾਮ ਸਿੰਘ ਧੀਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸਮੇਤ ਹੋਰ ਮਾਮਲਿਆਂ ਵਿਚ ਪੁਲਸ ਕੋਲ ਲਾਰੈਂਸ ਵਿਰੁੱਧ ਕੋਈ ਭਰੋਸੇਯੋਗ ਸਬੂਤ ਨਹੀਂ ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News