ਮੁਕਤਸਰ ’ਚ ਡਿੱਗਿਆ ਨਸ਼ੇ ਦੀ ਤਸਕਰੀ ਦਾ ਗ੍ਰਾਫ, ਪਿਛਲੇ 3 ਮਹੀਨਿਆਂ ’ਚ 155 ਮਾਮਲੇ ਦਰਜ

03/13/2020 2:17:15 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) - ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲੇ ਵਿਚ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦੇ ਤਹਿਤ ਆਏ ਦਿਨ ਵੱਡੀ ਮਾਤਰਾ ’ਚ ਵੱਖ-ਵੱਖ ਤਰ੍ਹਾਂ ਦੇ ਨਸ਼ੀਲੇ ਪਦਾਰਥ ਪੁਲਸ ਵਲੋਂ ਬਰਾਮਦ ਕੀਤੇ ਜਾ ਰਹੇ ਹਨ। ਜੇਕਰ ਪਿਛਲੇ ਤਿੰਨ ਮਹੀਨਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਦਸੰਬਰ 2019 ਤੋਂ ਲੈ ਕੇ 10 ਮਾਰਚ 2020 ਤੱਕ ਜ਼ਿਲੇ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਕਰੀਬ 12 ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤੇਜ਼ੀ ਨਾਲ ਬਰਾਮਦਗੀ ਕੀਤੀ ਹੈ। ਇਸ ਬਰਾਮਦਗੀ ’ਚ ਜ਼ਿਆਦਾਤਰ ਸਿੰਥੈਟਿਕ ਨਸ਼ਿਆਂ ਦਾ ਜ਼ਿਕਰ ਆਉਂਦਾ ਹੈ। ਦੇਖਿਆ ਜਾਵੇ ਤਾਂ ਇੰਨ੍ਹਾਂ ਤਿੰਨ ਮਹੀਨਿਆਂ ’ਚ ਬਰਾਮਦ ਨਸ਼ਿਆਂ ਦੀ ਕੀਮਤ ਕਰੀਬ 2 ਲੱਖ 85 ਹਜ਼ਾਰ 700 ਰੁਪਏ ਦੇ ਕਰੀਬ ਬਣਦੀ ਹੈ। ਇਕ ਰਿਪੋਰਟ ਅਨੁਸਾਰ ਉਕਤ ਤਿੰਨ ਮਹੀਨਿਆਂ ਦੌਰਾਨ ਜ਼ਿਲੇ ਭਰ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੁੱਲ 155 ਕੇਸ ਦਰਜ ਕੀਤੇ ਗਏ ਹਨ, ਜਿੰਨ੍ਹਾਂ ਵਿਚ ਜ਼ਿਆਦਾਤਰ ਮਾਮਲਿਆਂ ਦੇ ਦੋਸ਼ੀ ਫੜੇ ਗਏ ਹਨ। ਇਸ ਮਾਮਲੇ ਦੇ ਜੋ ਦੋਸ਼ੀ ਫਰਾਰ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਫੜ੍ਹੇ ਗਏ ਨਸ਼ੀਲੇ ਪਦਾਰਥਾਂ ਵਿਚ ਸਮੈਕ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, ਚਿੱਟੇ ਦੀ ਇੰਜੈਕਸ਼ਨ, ਇਨਟੌਸੀਕੈਨਟ ਪਾਊਡਰ, ਚਰਸ, ਲਿਕਉਡ ਇਨਟੋਕਸੀਅਨ, ਹੈਰੋਇਨ ਤੇ ਹੋਰ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਸ਼ਾਮਲ ਹਨ।

ਜ਼ਿਆਦਾਤਰ ਨੌਜਵਾਨ ਸਿੰਥੈਟਿਕ ਨਸ਼ਿਆਂ ਦੀ ਚਪੇਟ ’ਚ
ਭਾਵੇਂ ਪੁਲਸ ਵਲੋਂ ਦਿਨ-ਬ-ਦਿਨ ਵੱਡੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਜਾ ਰਹੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਫੜ੍ਹੇ ਜਾਣ ਵਾਲੇ ਨਸ਼ਿਆਂ ਵਿਚ ਸਿੰਥੈਟਿਕ ਨਸ਼ਿਆਂ ਦੀ ਬਰਾਮਦਗੀ ਪਾਈ ਜਾਂਦੀ ਹੈ। ਐਨਾ ਹੀ ਨਹੀਂ, ਜ਼ਿਆਦਾਤਰ ਮਾਮਲਿਆਂ ਵਿਚ ਫੜ੍ਹੇ ਜਾਣ ਵਾਲੇ ਤਸਕਰ ਨੌਜਵਾਨ ਵਰਗ ਨਾਲ ਸਬੰਧਿਤ ਹੁੰਦੇ ਹਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਨੌਜਵਾਨ ਸਿੰਥੈਟਿਕ ਨਸ਼ਿਆਂ ਦੀ ਚਪੇਟ ਵਿਚ ਹਨ। ਇਸ ਨੂੰ ਮਾਨਸਿਕ ਸਥਿਤੀ ਕਹਿ ਲਿਆ ਜਾਵੇ ਜਾਂ ਫ਼ਿਰ ਕੁਝ ਹੋਰ ਪਰ ਇਹ ਗੱਲ ਸੱਚ ਹੈ ਕਿ ਨੌਜਵਾਨਾਂ ਤੋਂ ਲੈ ਬਜ਼ੁਰਗ ਤਕ ਸਿੰਥੈਟਿਕ ਨਸ਼ਿਆਂ ਦਾ ਸੇਵਨ ਕਰਦੇ ਹਨ। ਹੋਰਨਾਂ ਨਸ਼ਿਆਂ ਦੇ ਮੁਕਾਬਲੇ ਸਿੰਥੈਟਿਕ ਨਸ਼ੇ ਸਸਤੇ ਮਿਲਦੇ ਹਨ ਅਤੇ ਇੰਨ੍ਹਾਂ ਦੀ ਵਿਕਰੀ ਰੀ ਛੁਪੇ ਹੁੰਦੀ ਹੈ।
 
ਕੀ ਕਹਿਣਾ ਹੈ ਜ਼ਿਲਾ ਪੁਲਸ ਮੁਖੀ ਦਾ
ਇਸ ਸਬੰਧੀ ਜਦੋਂ ਜ਼ਿਲੇ ਦੇ ਐੱਸ.ਐੱਸ.ਪੀ. ਰਾਜਬਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨਸ਼ਿਆਂ ਖ਼ਿਲਾਫ਼ ਪੂਰੀ ਤਰ੍ਹਾਂ ਚੌਕਸੀ ਨਾਲ ਕੰਮ ਕਰ ਰਹੀ ਹੈ। ਪੁਲਸ ਵਲੋਂ ਸ਼ਹਿਰ ਦੀਆਂ ਸਾਰੀਆਂ ਹੱਦਾਂ, ਖ਼ਾਸਕਰ ਪੰਜਾਬ ਤੋਂ ਬਾਹਰ ਜਾਂਦੇ ਰਸਤਿਆਂ ’ਤੇ ਨਾਕੇ ਲਗਾ ਵਾਹਨਾਂ ਦੀ ਸਖਤੀ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਬਾਹਰੀ ਸੂਬਿਆਂ ਤੋਂ ਆਉਣ ਵਾਲਾ ਨਸ਼ਾ ਬਰਾਮਦ ਕੀਤਾ ਗਿਆ ਹੈ। ਐੱਸ.ਐੱਸ.ਪੀ. ਨੇ ਕਿਹਾ ਕਿ ਜ਼ਿਲੇ ਅੰਦਰ ਸਖਤੀ ਹੋਰ ਵਧਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਮੁਕਤਸਰ ਜ਼ਿਲੇ ’ਚੋਂ ਨਸ਼ਿਆਂ ਦਾ ਗ੍ਰਾਫ ਬਿਲਕੁਲ ਖ਼ਤਮ ਹੋ ਜਾਵੇਗਾ।


rajwinder kaur

Content Editor

Related News