ਮੁਕੇਰੀਆਂ ਉੱਪ ਚੋਣ ''ਚ ਉਮੀਦਵਾਰ ਸਰਗਰਮ ਪਰ ਵੋਟਰ ਖਾਮੋਸ਼

Monday, Oct 07, 2019 - 01:57 PM (IST)

ਮੁਕੇਰੀਆਂ ਉੱਪ ਚੋਣ ''ਚ ਉਮੀਦਵਾਰ ਸਰਗਰਮ ਪਰ ਵੋਟਰ ਖਾਮੋਸ਼

ਮੁਕੇਰੀਆਂ (ਨਾਗਲਾ, ਝਾਵਰ)— ਮੁਕੇਰੀਆਂ ਵਿਧਾਨ ਸਭਾ ਦੀ ਉੱਪ ਚੋਣ ਜ਼ੋਰ ਫੜਦੀ ਜਾ ਰਹੀ ਹੈ। ਕਾਂਗਰਸ ਦੀ ਉਮੀਦਵਾਰ ਇੰਦੂ ਬਾਲਾ ਆਪਣੇ ਸਵਰਗੀ ਪਤੀ ਰਜਨੀਸ਼ ਕੁਮਾਰ ਬੱਬੀ ਵੱਲੋਂ ਹਲਕੇ 'ਚ ਕਰਵਾਏ ਗਏ ਵਿਕਾਸ ਕੰਮਾਂ ਦਾ ਚੋਣ ਮੀਟਿੰਗਾਂ 'ਚ ਸਹਾਰਾ ਲੈ ਰਹੀ ਹੈ। ਜਦਕਿ ਭਾਜਪਾ ਦੇ ਉਮੀਦਵਾਰ ਜੰਗੀ ਲਾਲ ਮਹਾਜਨ, ਬੀਤੇ 10 ਸਾਲਾਂ ਤੋਂ ਇਸ ਹਲਕੇ 'ਚ ਰੁਕੇ ਵਿਕਾਸ ਦੇ ਕੰਮਾਂ, ਹਾਜੀਪੁਰ ਖੇਤਰ 'ਚ ਵੱਡੇ ਪੱਧਰ 'ਤੇ ਹੋ ਰਹੀ ਮਾਈਨਿੰਗ, ਸਿਵਲ ਹਸਪਤਾਲ ਦਾ ਅਪਗ੍ਰੇਡ ਨਾ ਹੋਣਾ ਆਦਿ ਮੁੱਦੇ ਲੈ ਕੇ ਚੱਲ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਗੁਰਧਿਆਨ ਸਿੰਘ ਅਕਾਲੀ ਦਲ ਖੇਮੇ 'ਚ ਸੰਨ੍ਹ ਲਾਉਣ 'ਚ ਜੁਟੇ ਹੋਏ ਹਨ।

ਕਾਂਗਰਸ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਕਰਨੀ ਸੈਨਾ ਪੰਜਾਬ ਦੇ ਪ੍ਰਧਾਨ ਨਿਰੋਤਮ ਸਿੰਘ ਸਾਬਾ ਚਲਾ ਰਹੇ ਹਨ, ਜਦੋਂਕਿ ਭਾਜਪਾ ਦੀ ਚੋਣ ਮੁਹਿੰਮ ਸਾਬਕਾ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ 'ਚ ਚੱਲ ਰਹੀ ਹੈ ਅਤੇ 'ਆਪ' ਦੀ ਚੋਣ ਮੁਹਿੰਮ 'ਚ ਭਗਵੰਤ ਮਾਨ ਵੀ ਸ਼ਾਮਲ ਹੋ ਰਹੇ ਹਨ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਲਈ ਜ਼ੋਰ ਤਾਂ ਲਗਾਉਣ ਲੱਗੇ ਹਨ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਵੋਟਰ ਖਾਮੋਸ਼ ਹੈ।


author

shivani attri

Content Editor

Related News