18 ਮਾਰਚ ਨੂੰ ਗਿਦੜਬਾਹਾ ਵਿਖੇ ਹੋਵੇਗੀ ''ਮੁਕਤਸਰ ਮੈਰਾਥਨ''

Tuesday, Mar 13, 2018 - 05:48 PM (IST)

 ਜਲਾਲਾਬਾਦ (ਸੇਤੀਆ)— ਗਿਦੜਬਾਹਾ ਵਿਖੇ 18 ਮਾਰਚ ਨੂੰ ਹੋਣ ਜਾ ਰਹੀ 'ਮੁਕਤਸਰ ਮੈਰਾਥਨ' ਦੀ ਮਹੱਤਤਾ ਨੂੰ ਲੈ ਕੇ ਜ਼ਿਲੇ ਅੰਦਰ ਸਥਾਨਕ ਸਰਕਾਰੀ ਐੱਮ. ਆਰ. ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪ੍ਰੋਮੋ ਰਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਮੋ ਰਨ 'ਚ ਬੱਚਿਆਂ, ਨੌਜਵਾਨਾਂ, ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ 'ਚ ਭਾਰੀ ਮਾਤਰਾ 'ਚ ਉਤਸ਼ਾਹ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਮੁਕਤਸਰ ਮੈਰਾਥਨ 'ਚ ਜੇਤੂ ਰਹਿਣ ਵਾਲੇ ਨੌਜਵਾਨਾਂ ਨੂੰ 13 ਲੱਖ ਦੇ ਇਨਾਮ ਵੀ ਦਿੱਤੇ ਜਾਣਗੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਜ਼ਿਲਾ ਪੁਲਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੁਧਲ, ਐੱਸ. ਪੀ(ਐਚ) ਵਿਨੋਦ ਚੌਧਰੀ, ਸਹਾਇਕ ਕਮਿਸ਼ਨਰ(ਜਨਰਲ) ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ(ਅੰਡਰ ਟ੍ਰੇਨਿੰਗ) ਸ.ਰਣਦੀਪ ਸਿੰਘ ਅਹੀਰ, ਜ਼ਿਲਾ ਫੂਡ ਕੰਟਰੋਲ ਗੀਤਾ ਬਿਸੰਬੂ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜ਼ਿਲਾ ਖੇਡ ਅਫਸਰ ਸ. ਬਲਵੰਤ ਸਿੰਘ, ਇਵੈਂਟ ਕੰਸਲਟੈਂਟ ਸਿਧਾਰਥ ਚੌਧਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਕੂਲੀ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਵੱਲੋਂ ਵੀ ਦੌੜ ਲਗਾਈ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਬੁਰੀ ਆਦਤ ਤੋਂ ਦੂਰ ਲਿਜਾਣ ਲਈ ਸੂਬਾ ਸਰਕਾਰ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਸਦਕਾ ਇਹ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ।ਪ੍ਰੋਮੋ ਰਨ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਗਿਦੜਬਾਹਾ ਵਿਖੇ ਹੋਣ ਵਾਲੀ ਮੁਕਤਸਰ ਮੈਰਾਥਨ 'ਚ ਵੱਧ ਚੜ੍ਹ ਦੇ ਹਿੱਸਾ ਲਿਆ ਜਾਵੇ। 
ਜ਼ਿਲਾ ਪੁਲਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਇਸ ਸਮਾਗਮ ਦੇ ਨਾਲ-ਨਾਲ 23 ਮਾਰਚ ਨੂੰ ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦਿਵਸ ਮੌਕੇ ਜ਼ਿਲੇ ਅੰਦਰ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦੌਰਾਨ ਡਰੱਗ ਏਬਊਜ ਪ੍ਰੀਵੈਨਸ਼ਨ ਆਫੀਸਰ(ਡੈਪੋ) ਫਾਰਮ ਭਰੇ ਜਾਣਗੇ, ਜਿਸ 'ਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਜ਼ਿਲਾ ਵਾਸੀਆਂ ਅਤੇ ਹਰ ਇਕ ਵਿਅਕਤੀ ਨੂੰ ਡੈਪੋ ਬਣਨ ਲਈ ਕਿਹਾ ਗਿਆ ਹੈ। ਇਹ ਫਾਰਮ ਸੇਵਾ ਕੇਂਦਰ ਜਾਂ ਸਾਂਝ ਕੇਂਦਰ 'ਚੋਂ ਮਿਲਣਗੇ ਅਤੇ 20 ਮਾਰਚ ਤੱਕ ਇਥੇ ਹੀ ਜਮ੍ਹਾ ਹੋਣਗੇ। ਇਸ 'ਚ ਜੋ ਵਿਅਕਤੀ ਡੈਪੋ ਬਣੇਗਾ ਉਹ ਨਾ ਹੀ ਖੁਦ ਨਸ਼ਾ ਕਰੇਗਾ ਅਤੇ ਲੋਕਾਂ ਨੂੰ ਨਸ਼ਾ ਨਾ ਕਰਨ ਲਈ ਜਾਗਰੂਕ ਕਰੇਗਾ।


Related News