ਮੁੱਖ ਮੰਤਰੀ ਵੱਲੋਂ ਮੁਕਤਸਰ ਮੈਰਾਥਨ-2018 ਲਈ ਪੋਸਟਰ ਤੇ ਟੀ-ਸ਼ਰਟ ਰਿਲੀਜ਼

Thursday, Mar 01, 2018 - 08:12 AM (IST)

ਮੁੱਖ ਮੰਤਰੀ ਵੱਲੋਂ ਮੁਕਤਸਰ ਮੈਰਾਥਨ-2018 ਲਈ ਪੋਸਟਰ ਤੇ ਟੀ-ਸ਼ਰਟ ਰਿਲੀਜ਼

ਸ੍ਰੀ ਮੁਕਤਸਰ ਸਾਹਿਬ (ਪਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕਤਸਰ ਮੈਰਾਥਨ-2018 ਸਬੰਧੀ ਅੱਜ ਚੰਡੀਗੜ੍ਹ ਵਿਚ ਇਕ ਪੋਸਟਰ ਅਤੇ ਟੀ-ਸ਼ਰਟ ਰਿਲੀਜ਼ ਕੀਤੀ। ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐੱਸ. ਐੱਸ. ਪੀ. ਸੁਸ਼ੀਲ ਕੁਮਾਰ ਦੀ ਹਾਜ਼ਰੀ 'ਚ ਇਹ ਯਾਦਗਾਰੀ ਨਿਸ਼ਾਨੀਆਂ ਜਾਰੀ ਕੀਤੀਆਂ। ਇਹ ਮੈਰਾਥਨ ਇਸ ਖਿੱਤੇ ਵਿਚ ਮੈਰਾਥਨ ਰੇਸ ਨੂੰ ਮੁੜ ਪ੍ਰਭਾਸ਼ਿਤ ਕਰੇਗੀ। ਜ਼ਿਲਾ ਓਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਜਾ ਰਹੀ ਇਹ ਮੈਰਾਥਨ 18 ਮਾਰਚ ਨੂੰ ਸਵੇਰੇ 7:00 ਵਜੇ ਨਵੀਂ ਅਨਾਜ ਮੰਡੀ, ਗਿੱਦੜਬਾਹਾ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਹਿਰ ਦੇ ਨਾਲ ਲੱਗਦੇ ਚਾਰ ਪਿੰਡਾਂ ਦੇ ਆਲੇ-ਦੁਆਲੇ ਹਰੇ-ਭਰੇ ਇਲਾਕਿਆਂ 'ਚੋਂ ਹੁੰਦੀ ਫਿਰ ਸ਼ੁਰੂਆਤੀ ਸਥਾਨ 'ਤੇ ਆ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਮਾਗਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਥਲੀਟਾਂ ਦੇ ਹਿੱਸਾ ਲੈਣ ਲਈ ਦਰਵਾਜ਼ੇ ਖੋਲ੍ਹੇਗਾ ਅਤੇ ਇਸ ਤੋਂ ਇਲਾਵਾ ਇਹ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪ੍ਰਸ਼ਾਸਨ ਨਾਲ ਰਣਨੀਤਕ ਭਾਈਵਾਲੀ ਨੂੰ ਰੂਪ ਦੇਵੇਗਾ। ਇਸ ਸਮਾਗਮ 'ਚ ਤਿੰਨ ਸ਼੍ਰੇਣੀਆਂ ਵਿਚ 21 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਮੁਕਾਬਲੇਬਾਜ਼ੀ ਦੀ ਰੇਸ ਅਤੇ 5 ਕਿਲੋਮੀਟਰ ਰੇਸ ਸਿਹਤ/ਮਨੋਰੰਜਨ ਵਜੋਂ ਹੋਵੇਗੀ।


Related News