MSP ਵਾਲੇ ਕਾਨੂੰਨਾਂ ’ਤੇ ਕਮੇਟੀ ਬਣਾ ਠੰਡੇ ਬਸਤੇ ’ਚ ਪਾਉਣ ਦਾ ਇਰਾਦਾ ਤਾਂ ਨਹੀਂ ਸਰਕਾਰ ਦਾ?

Friday, Jan 22, 2021 - 11:26 AM (IST)

MSP ਵਾਲੇ ਕਾਨੂੰਨਾਂ ’ਤੇ ਕਮੇਟੀ ਬਣਾ ਠੰਡੇ ਬਸਤੇ ’ਚ ਪਾਉਣ ਦਾ ਇਰਾਦਾ ਤਾਂ ਨਹੀਂ ਸਰਕਾਰ ਦਾ?

ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੰਡਿਆਲਾ ਗੁਰੂ (ਗਹਿਰੀ) ਰੇਲ ਰੋਕੋ ਨੂੰ ਸੰਬੋਧਨ ਕਰਦਿਆਂ ਰਣਬੀਰ ਸਿੰਘ ਰਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਲਿਆਂਦੇ ਗਏ ਹਨ, ਉਨ੍ਹਾਂ ’ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਕਮੇਟੀ ਬਣਾਉਣ ਦੀ ਤਜਵੀਜ਼ ਬਹੁਤ ਵਾਰੀ ਰੱਦ ਕਰ ਚੁੱਕੇ ਹਾਂ। ਦੁਬਾਰਾ ਕਮੇਟੀ ਬਹਾਲੀ ਦਾ ਸਰਕਾਰ ਰਾਹ ਨਹੀਂ ਕੱਢ ਰਹੀ। ਐੱਮ. ਐੱਸ. ਪੀ. ਦੀ ਗਰੰਟੀ ਵਾਲੇ ਕਾਨੂੰਨਾਂ ’ਤੇ ਕਮੇਟੀ ਬਣਾ ਕੇ ਇਸ ਨੂੰ ਠੰਡੇ ਬਸਤੇ ਵਿਚ ਪਾਉਣ ਦਾ ਇਰਾਦਾ ਤਾਂ ਨਹੀਂ ਸਰਕਾਰ ਦਾ? ਇਹ ਪ੍ਰਸਤਾਵ ਕਿਸਾਨ ਧਿਰਾਂ ’ਚ ਫੁੱਟ ਪਾਉਣ ਲਈ ਤਾਂ ਨਹੀਂ ਲਿਆਂਦਾ? ਅੰਦੋਲਨ ਨੂੰ ਖ਼ਤਮ ਕਰ ਕੇ ਕਾਨੂੰਨ ਲਾਗੂ ਕਰਨ ਦੇ ਮਨਸੇ ਤਾਂ ਨਹੀਂ ਪਾਲ ਰਹੀ ਸਰਕਾਰ?

ਉਨ੍ਹਾਂ ਕਿਹਾ ਕਿ ਜੰਗੀ ਪੱਧਰ ’ਤੇ ਹਜ਼ਾਰਾਂ ਟਰੈਕਟਰ-ਟਰਾਲੀਆਂ ਦਿੱਲੀ ਮੋਰਚੇ ’ਚ ਪਹੁੰਚ ਚੁੱਕੇ ਹਨ ਅਤੇ ਪੰਜਾਬ ਤੋਂ ਲੱਖਾਂ ਟਰੈਕਟਰ-ਟਰਾਲੀਆਂ 26 ਜਨਵਰੀ ਦੀ ਪਰੇਡ ’ਚ ਸ਼ਾਮਲ ਹੋਣਗੀਆਂ। ਇਸ ਮੌਕੇ ਬਲਰਾਜ ਸਿੰਘ ਸੇਰੋਂ, ਗੁਰਿੰਦਰਬੀਰ ਸਿੰਘ ਕੱਸੋਆਣਾ, ਗੁਰਜੰਟ ਸਿੰਘ ਲਹਿਰਾ, ਭੁਪਿੰਦਰ ਸਿੰਘ ਹਰਾਜ, ਮੱਖਣ ਸਿੰਘ ਵਾੜਾ, ਮਨਜਿੰਦਰ ਸਿੰਘ ਬੂਲੇ, ਗੁਰਜੀਤ ਸਿੰਘ ਸ਼ੇਰਪੁਰ ਅਤੇ ਜਸਵੰਤ ਸਿੰਘ ਝਤਰਾ ਆਦਿ ਆਗੂ ਹਾਜ਼ਰ ਸਨ।

ਗਣਤੰਤਰ ਦਿਹਾੜੇ ’ਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਹੋਏਗਾ ਵੱਡਾ ਟਰੈਕਟਰ ਮਾਰਚ
ਸੰਯੁਕਤ ਮੋਰਚੇ ਦੇ ਸੱਦੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ 26 ਜਨਵਰੀ ਦੀ ਟਰੈਕਟਰ ਰੈਲੀ ਸਬੰਧੀ ਨਿੱਜਰਪੁਰਾ ਟੋਲ ਪਲਾਜ਼ੇ ’ਤੇ ਮੀਟਿੰਗ ਹੋਈ, ਜਿੱਥੇ ਜਥੇਬੰਦੀ ਵੱਲੋਂ ਪਹਿਲਾਂ ਤੋਂ ਚਲਾਇਆ ਜਾ ਰਿਹਾ ਧਰਨਾ 111ਵੇਂ ਦਿਨ ’ਚ ਦਾਖ਼ਲ ਹੋ ਗਿਆ ਅਤੇ 25ਵੇਂ ਦਿਨ ’ਚ ਭੁੱਖ ਹੜਤਾਲ ਪਹੁੰਚ ਗਈ। ਅੱਜ ਦੀ ਭੁੱਖ ਹੜਤਾਲ ਜਰਮਨਜੀਤ ਸਿੰਘ, ਅਰਸ਼ਦੀਪ ਸਿੰਘ, ਮਨਦੀਪ ਸਿੰਘ, ਭਵਦੀਪ ਸਿੰਘ ਅਤੇ ਨਵਜੋਤ ਸਿੰਘ ਰਾਮਪੁਰਾ ਨੇ ਰੱਖ ਕੇ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਹਰਦੀਪ ਸਿੰਘ ਝੀਤੇ, ਗੱਜਣ ਸਿੰਘ ਰਾਮਪੁਰਾ, ਦਰਸ਼ਨ ਸਿੰਘ ਭੋਲਾ ਇੱਬਣ, ਕੁਲਦੀਪ ਸਿੰਘ ਨਿੱਝਰਪੁਰਾ ਅਤੇ ਗੁਰਪ੍ਰੀਤ ਸਿੰਘ ਖਾਨਕੋਟ ਨੇ ਕੀਤੀ। ਕਿਸਾਨ ਆਗੂਆਂ ਕਿਹਾ ਕਿ ਲੰਮੇ ਸਮੇਂ ਤੋਂ ਸੰਯੁਕਤ ਮੋਰਚੇ ਵੱਲੋਂ ਦਿੱਲੀ ’ਚ ਚਲਾਏ ਜਾ ਰਹੇ ਅੰਦੋਲਨ ਅਤੇ ਕੀਤੀ ਜਾ ਰਹੀ 26 ਜਨਵਰੀ ਦੀ ਟਰੈਕਟਰ ਪਰੇਡ ਦੇ ਸਮਰਥਨ ’ਚ ਅੰਮ੍ਰਿਤਸਰ ਜ਼ਿਲ੍ਹੇ ’ਚ 26 ਜਨਵਰੀ ਨੂੰ ਸ਼ਾਂਤਮਈ ਵੱਡਾ ਟਰੈਕਟਰ ਮਾਰਚ ਕਰ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਅਤੇ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਅਤੇ ਦੂਜੇ ਸੂਬਿਆਂ ਦੀਆਂ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਵਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਪਰ ਜਥੇਬੰਦੀਆਂ ਕਿਸੇ ਵੀ ਕੀਮਤ ’ਤੇ ਕਬਜ਼ਾ ਨਹੀਂ ਹੋਣ ਦੇਣਗੀਆ।


author

rajwinder kaur

Content Editor

Related News