ਘਰ-ਘਰ ਨਾ ਸਹੀ ਇਕ ਘਰ ਛੱਡ ਕੇ ਹੀ ਨੌਕਰੀ ਦੇ ਦਿਓ : ਭਗਵੰਤ ਮਾਨ

04/25/2019 2:31:26 PM

ਸਾਦਿਕ (ਪਰਮਜੀਤ, ਦੀਪਕ)- ''ਪਹਿਲਾਂ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਤੇ ਫਿਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰ ਕੇ ਕਾਂਗਰਸ ਨੇ ਸੱਤਾ ਹਾਸਲ ਕੀਤੀ ਪਰ ਅਸੀਂ ਕਹਿੰਦੇ ਹਾਂ ਘਰ-ਘਰ ਨਾ ਸਹੀ ਇਕ ਘਰ ਛੱਡ ਕੇ ਹੀ ਨੌਕਰੀ ਦੇ ਦਿਓ। ਝੂਠ, ਲਾਰਿਆਂ ਤੇ ਸਹੁੰ ਨਾਲ ਤੁਸੀਂ ਲੋਕਾਂ ਨੂੰ ਜ਼ਿਆਦਾ ਸਮੇਂ ਤੱਕ ਬੁੱਧੂ ਨਹੀਂ ਬਣਾ ਸਕਦੇ ਅਤੇ ਲੋਕ ਫਿਰ ਇਤਿਹਾਸ ਦੁਹਰਾ ਕੇ 'ਆਪ' ਦੇ ਉਮੀਦਵਾਰਾਂ ਨੂੰ ਜਿਤਾਉਣਗੇ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਦਿਕ ਵਿਖੇ 'ਆਪ' ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਦੇ ਹੱਕ 'ਚ ਪ੍ਰਚਾਰ ਕਰਨ ਆਏ ਸਟਾਰ ਪ੍ਰਚਾਰਕ ਅਤੇ ਐੱਮ. ਪੀ. ਭਗਵੰਤ ਮਾਨ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅਕਾਲੀ-ਕਾਂਗਰਸੀਆਂ ਨੇ ਆਪਣੇ ਸੁਆਰਥ ਲਈ ਸਾਡੇ ਹਾਸੇ ਖੋਹੇ, ਸੱਥਾਂ ਸੁੰਨੀਆਂ ਹੋ ਗਈਆਂ, ਨੌਜਵਾਨ ਮਾਨਸਿਕ ਤੌਰ 'ਤੇ ਬੀਮਾਰ ਕਰ ਦਿੱਤੇ ਹਨ। 

ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਪੰਜਾਬ ਪੱਧਰ ਦਾ ਗੱਪੀ ਹੈ ਅਤੇ ਨਰਿੰਦਰ ਮੋਦੀ ਇੰਟਰਨੈਸ਼ਨਲ ਗੱਪੀ ਹੈ। ਮੋਦੀ ਪਹਿਲਾਂ ਕਹਿੰਦੇ ਸਨ ਮੈਂ ਚਾਹ ਵਾਲਾ ਤੇ ਹੁਣ ਕਹਿੰਦੇ ਹਨ ਕਿ ਮੈਂ ਚੌਕੀਦਾਰ ਹਾਂ। ਜਦੋਂ ਨੀਰਵ ਮੋਦੀ, ਵਿਜੇ ਮਾਲੀਆ ਸਮੇਤ ਅਨੇਕਾਂ ਲੋਕ ਦੇਸ਼ ਦਾ ਕਰੋੜਾਂ ਰੁਪਏ ਡਕਾਰ ਗਏ, ਕਾਲਾ ਧਨ ਵਾਪਸ ਨਹੀਂ ਆਇਆ, ਨੋਟਬੰਦੀ ਨਾਲ ਰਿਸ਼ਵਤ ਖਤਮ ਨਹੀਂ ਹੋਈ ਉਦੋਂ ਚੌਕੀਦਾਰ ਕਿਥੇ ਸੀ? ਅਕਾਲੀ ਦਲ 'ਤੇ ਹਮਲੇ ਕਰਦਿਆਂ ਮਾਨ ਨੇ ਕਿਹਾ ਕਿ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਾ ਸੁਖਬੀਰ ਹੁਣ ਗੱਡੀ 'ਚ ਲੋਕ ਸਭਾ ਦੀਆਂ ਟਿਕਟਾਂ ਲਈ ਫਿਰਦੈ ਕੋਈ ਫੜਨ ਨੂੰ ਤਿਆਰ ਨਹੀਂ। ਇਨ੍ਹਾਂ ਲੋਕਾਂ ਨੇ ਭਗਵੰਤ ਮਾਨ ਜਾਂ ਪ੍ਰੋ. ਸਾਧੂ ਸਿੰਘ ਨੂੰ ਨਹੀਂ ਹਰਾਉਣਾ ਬਲਕਿ ਲੋਕ ਸਭਾ 'ਚ ਗੂੰਜਦੀ ਤੁਹਾਡੇ ਹੱਕਾਂ ਦੀ ਆਵਾਜ਼ ਬੰਦ ਕਰਾਉਣੀ ਹੈ। ਅਸੀਂ ਸਕੂਲ ਵਧੀਆ ਬਣਾਉਣ ਲਈ ਯਤਨਸ਼ੀਲ ਹਾਂ ਅਤੇ ਕਾਂਗਰਸੀ ਸ਼ਮਸ਼ਾਨਘਾਟ ਸੁੰਦਰ ਬਣਾਉਣ ਦੇ ਵਾਅਦੇ ਕਰ ਰਹੇ ਹਨ। ਅਸੀਂ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਫਸਲਾਂ ਦੇ ਭਾਅ ਦਿੰਦੇ ਹਾਂ ਅਤੇ ਇਹ ਸਰਕਾਰੀ ਖਰੀਦ ਬੰਦ ਕਰ ਕੇ ਕਿਸਾਨਾਂ ਨੂੰ ਵਪਾਰੀਆਂ ਦੀ ਲੁੱਟ ਦਾ ਸ਼ਿਕਾਰ ਬਣਾਉਣ ਨੂੰ ਫਿਰਦੇ ਹਨ। ਮੰਚ ਸੰਚਾਲਨ ਜਸਪਾਲ ਸਿੰਘ ਮਾਨੀ ਸਿੰਘ ਵਾਲਾ ਨੇ ਕੀਤਾ। ਇਸ ਮੌਕੇ ਪ੍ਰੋ. ਸਾਧੂ ਸਿੰਘ, ਗੁਰਦਿੱਤ ਸਿੰਘ ਸੇਖੋਂ, ਬਾਬਾ ਜਸਪਾਲ ਸਿੰਘ ਆਦਿ ਹਾਜ਼ਰ ਸਨ।


rajwinder kaur

Content Editor

Related News