ਲੁਧਿਆਣਾ ''ਚ ਸੰਸਦ ਮੈਂਬਰ ਅਮਰ ਸਿੰਘ ਨੇ ਮੋਦੀ ਸਰਕਾਰ ਨੇ ਵਿੰਨ੍ਹੇ ਨਿਸ਼ਾਨੇ

06/08/2020 4:36:08 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਬੁਰਜ ਹਰੀ ਸਿੰਘ 'ਚ ਬਣਨ ਜਾ ਰਹੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਣ ਲਈ ਸੰਸਦ ਮੈਂਬਰ ਅਮਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਕੱਟ ਲਾ ਕੇ ਕਾਲਜ ਦਾ ਜਿੱਥੇ ਨੀਂਹ ਪੱਥਰ ਰੱਖਿਆ, ਉੱਥੇ ਹੀ ਕਿਹਾ ਕਿ ਰਾਏਕੋਟ ਹਲਕੇ 'ਚ ਵਿਕਾਸ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 9 ਮਹੀਨਿਆਂ 'ਚ ਕਾਲਜ ਬਣ ਕੇ ਤਿਆਰ ਹੋ ਜਾਣਾ ਚਾਹੀਦਾ ਹੈ ਅਤੇ ਇਸ 'ਤੇ ਕੁੱਲ 8 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਲਾਕੇ 'ਚ ਪ੍ਰੋਫੈਸ਼ਨਲ ਡਿਗਰੀ ਕਾਲਜ ਦੀ ਕਮੀ ਸੀ ਪਰ ਉਸ ਨੂੰ ਵੀ ਹੁਣ ਪੂਰਾ ਕੀਤਾ ਜਾ ਰਿਹਾ ਹੈ।

ਉਧਰ ਹਲਵਾਰਾ ਹਵਾਈ ਅੱਡੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਜਲਦ ਹੀ ਇਹ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਪਹਿਲੀ ਉਡਾਣ ਜਲਦ ਉੱਡੇਗੀ ਅਤੇ ਮੁੱਖ ਮੰਤਰੀ ਪੰਜਾਬ ਖ਼ੁਦ ਇਸ ਦਾ ਉਦਘਾਟਨ ਕਰਨ ਲਈ ਆਉਣਗੇ। ਅਮਰ ਸਿੰਘ ਨੇ ਮੋਦੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸੰਸਦ 'ਚ ਸਵਾਲ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਸੱਤਾ ਧਿਰ ਉਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬਿਨਾਂ ਕਿਸਾਨਾਂ ਨਾਲ਼ ਸਲਾਹ ਕੀਤੇ ਆਰਡੀਨੈਂਸ ਲਿਆਂਦਾ, ਜੋ ਕਿ ਕਿਸਾਨ ਮਾਰੂ ਹੈ। ਉਨ੍ਹਾਂ ਕਿਹਾ ਕਿ ਸੰਸਦ ਖੁੱਲ੍ਹਦਿਆਂ ਹੀ ਕਾਂਗਰਸ ਦੇ ਸਾਰੇ ਮੈਂਬਰ ਪਾਰਲੀਮੈਂਟ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਲੇਬਰ ਦਾ ਕੀ ਹਾਲ ਹੈ, ਇਹ ਸਭ ਜਾਣਦੇ ਹਨ ਪਰ ਮੋਦੀ ਸਰਕਾਰ ਨੇ ਇਸ 'ਤੇ ਕੋਈ ਵੀ ਗੱਲ ਨਹੀਂ ਕਹੀ।
 


Babita

Content Editor

Related News