ਤਿਰੰਗਾ ਲੈ ਕੇ ਮਾਊਂਟ ਐਵਰੈਸਟ ’ਤੇ ਪੁੱਜਾ ਕੋਟਕਪੂਰਾ ਦਾ ਅਸ਼ੀਸ਼ ਮੈਣੀ

Wednesday, Dec 25, 2019 - 11:07 AM (IST)

ਤਿਰੰਗਾ ਲੈ ਕੇ ਮਾਊਂਟ ਐਵਰੈਸਟ ’ਤੇ ਪੁੱਜਾ ਕੋਟਕਪੂਰਾ ਦਾ ਅਸ਼ੀਸ਼ ਮੈਣੀ

ਕੋਟਕਪੂਰਾ (ਨਰਿੰਦਰ) - ਮਾਲਵਾ ਪੱਟੀ ਦੇ ਸ਼ਹਿਰ ਕੋਟਕਪੂਰਾ ਦਾ ਵਸਨੀਕ ਅਸ਼ੀਸ਼ ਮੈਣੀ ਪੁੱਤਰ ਵਿਨੋਦ ਮੈਣੀ ਭਾਰਤ ਦਾ ਤਿਰੰਗਾ ਝੰਡਾ ਲੈ ਕੇ ਮਾਊਂਟ ਐਵਰੈਸਟ ਦੀ ਚੋਟੀ ਦੇ ਬੇਸ ਕੈਂਪ ਤੱਕ ਪਹੁੰਚਣ ’ਚ ਸਫਲ ਰਿਹਾ। ਆਪਣੀ ਰਿਹਾਇਸ਼ ਵਿਖੇ ਉਸ ਨੇ ਪੱਤਰਕਾਰਾਂ ਨਾਲ ਆਪਣੀ ਯਾਤਰਾ ਦੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ ਅਤੇ ਕੈਮਰੇ ’ਚ ਰਿਕਾਰਡ ਕੀਤੇ ਯਾਤਰਾ ਦੇ ਅਡਵੈਂਚਰ ਪਲਾਂ ਨੂੰ ਵੀ ਵਿਖਾਇਆ। ਮੀਡੀਆਂ ਨਾਸ ਗੱਲਬਾਤ ਕਰਦੇ ਹੋਏ ਅਸ਼ੀਸ਼ ਮੈਣੀ (18) ਨੇ ਦੱਸਿਆ ਕਿ ਉਸਦੇ ਪਿਤਾ ਫ਼ਰੀਦਕੋਟ ਕਚਹਿਰੀਆਂ ’ਚ ਵਕੀਲ ਅਤੇ ਮਾਤਾ ਸਰਕਾਰੀ ਅਧਿਆਪਕ ਹਨ। ਮਾਤਾ-ਪਿਤਾ ਦਾ ਅਸ਼ੀਰਵਾਦ ਲੈ ਉਸ ਨੇ ਪਿਛਲੇ ਮਹੀਨੇ ਆਪਣੀ ਯਾਤਰਾ ਭਾਰਤ ਤੋਂ ਸ਼ੁਰੂ ਕੀਤੀ ਅਤੇ ਆਪਣਾ ਪਾਸਪੋਰਟ ਲੈ ਕੇ ਉਹ ਨੇਪਾਲ ਦੇ ਕਾਠਮੰਡੂ ’ਚ ਪੁੱਜਾ।

PunjabKesari

ਉਥੇ ਇਕ ਕੰਪਨੀ ਤੋਂ ਪੈਕੇਜ ਲੈਣ ਉਪਰੰਤ ਉਸ ਨੂੰ ਰਸਤੇ ’ਚ ਮਦਦ ਲਈ ਇਕ ਗਾਈਡ ਮਿਲਿਆ, ਜੋ ਕਾਫੀ ਤਜ਼ਰਬੇਕਾਰ ਸੀ। ਇਥੋਂ ਹਵਾਈ ਯਾਤਰਾ ਰਾਹੀਂ ਉਹ ਲੁਕਲਾ ਪਹੁੰਚਿਆ, ਜੋ ਦੁਨੀਆਂ ਦਾ ਸਭ ਤੋਂ ਖਤਰਨਾਕ ਏਅਰਪੋਰਟ ਵਜੋਂ ਜਾਣਿਆ ਜਾਂਦਾ ਹੈ। ਇਥੋਂ ਚੜਾਈ ਦਾ ਟਰੈਕ ਸ਼ੁਰੂ ਹੁੰਦਾ ਹੈ। ਰਸਤੇ ’ਚ ਕਰੀਬ 11 ਖਤਰਨਾਕ ਪੁਲਾਂ ’ਤੇ ਛੋਟੇ-ਛੋਟੇ ਪਿੰਡਾਂ ’ਚੋਂ ਦੀ ਹੁੰਦਾ ਹੋਇਆ ਉਸ ਨੇ 4500 ਮੀਟਰ ਦੀ ਉਚਾਈ ’ਤੇ ਗਿਆ, ਜਿੱਥੇ ਦਰੱਖਤ, ਬੂਟੇ ਖਤਮ ਹੋ ਜਾਣ ’ਤੇ ਮਨੁੱਖ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਉਸ ਦਾ ਜਜ਼ਬਾ ਘੱਟ ਨਹੀਂ ਹੋਇਆ। ਅਸ਼ੀਸ਼ ਨੇ ਦੱਸਿਆ ਕਿ ਐਨੀ ਯਾਤਰਾ ਮੁਕੰਮਲ ਹੋਣ ਉਪਰੰਤ ਬਰਫੀਲਾ ਰਸਤਾ ਸ਼ੁਰੂ ਹੋਇਆ, ਜਿਥੇ ਤਾਪਮਾਨ-31 ਡਿਗਰੀ ਤੱਕ ਹੁੰਦਾ ਹੈ। ਉਥੇ ਬਰਫੀਲੇ ਤੂਫਾਨ ਕਿਸੇ ਵੀ ਸਮੇਂ ਆ ਸਕਦੇ ਹਨ, ਉਸਦੀ ਯਾਤਰਾ ਦੌਰਾਨ 7 ਬਰਫੀਲੇ ਤੂਫਾਨਾਂ ਦਾ ਉਸ ਨੂੰ ਸਾਹਮਣਾ ਕਰਨਾ ਪਿਆ। 

 

ਗਲੇਸ਼ੀਅਰ ਦਾ ਰਾਹ ਪਾਰ ਕਰਨ ਉਪਰੰਤ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਉਹ ਪਹੁੰਚਿਆ, ਜਿਸ ਦੀ ਉਚਾਈ 5335 ਮੀਟਰ ਹੈ, ਇਥੇ ਮੌਸਮ ਖਰਾਬ ਹੋਣ ਕਰਕੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਨੈਸ਼ਨਲ ਜੌਗਰਾਫ਼ਿਕ ਵਲੋਂ ਉਸਦੀ ਯਾਤਰਾ ਨੂੰ ਆਪਣੇ ਪੱਤ੍ਰਿਕਾ ’ਚ ਛਾਪਣ ਬਾਰੇ ਦੱਸਿਆ ਗਿਆ। ਅਸ਼ੀਸ਼ ਦੀ ਰਿਹਾਇਸ਼ ’ਤੇ ਬਾਬੂ ਲਾਲ ਮੈਣੀ, ਸ਼ਕੁੰਤਲਾ ਦੇਵੀ, ਅਨੁਰਾਧਾ ਮੈਣੀ, ਵਿਨੋਦ ਮੈਣੀ, ਪ੍ਰੈੱਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ ਸਿੰਘ, ਨਰਿੰਦਰ ਬੈੜ੍ਹ, ਭਾਵਿਤ ਗੋਇਲ, ਰਾਜੂ ਥਾਪਰ ਆਦਿ ਵਿਸ਼ੇਸ਼ ਤੌਰ ਪੁੱਜੇ ਹੋਏ ਹਨ, ਜਿਨ੍ਹਾ ਨੇ ਅਸ਼ੀਸ਼ ਨੂੰ ਸਨਮਾਨਿਤ ਕੀਤਾ।   


author

rajwinder kaur

Content Editor

Related News