ਡਿਵਾਈਡਰ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Sunday, Dec 03, 2017 - 07:30 PM (IST)
ਖਰੜ (ਰਣਬੀਰ, ਅਮਰਦੀਪ) : ਖਰੜ-ਲਾਂਡਰਾਂ ਰੋਡ 'ਤੇ ਮਾਤਾ ਅੰਬਿਕਾ ਦੇਵੀ ਮੰਦਰ ਨੇੜੇ ਬੀਤੀ ਰਾਤ ਵਾਪਰੇ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਸਿਟੀ ਪੁਲਸ ਤੋਂ ਹੌਲਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ (20) ਪਿੰਡ ਚੋਲਟਾ, ਜੋ ਕਿ ਲਾਂਡਰਾ ਰੋਡ 'ਤੇ ਹੀ ਵੈਲਡਿੰਗ ਦੀ ਇਕ ਦੁਕਾਨ 'ਤੇ ਕੰਮ ਕਰਦਾ ਸੀ, ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ ਕਿ ਉਕਤ ਥਾਂ ਨੇੜੇ ਪੁੱਜਣ 'ਤੇ ਕਿਸੇ ਪਸ਼ੂ ਦੇ ਅਚਾਨਕ ਅੱਗੇ ਆ ਜਾਣ ਕਾਰਨ ਉਹ ਮੋਟਰਸਾਈਕਲ ਦਾ ਸੰਤੁਲਨ ਖੋਹ ਬੈਠਾ, ਜਿਸ ਦੇ ਨਤੀਜੇ ਵਜੋਂ ਉਹ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਗਿਆ।
ਹਾਦਸੇ ਦੀ ਸੂਚਨਾ ਤੁਰੰਤ 108 ਐਂਬੂਲੈਂਸ ਨੂੰ ਦਿੱਤੀ ਗਈ। ਸਿਵਲ ਹਸਪਤਾਲ ਖਰੜ ਤੋਂ ਮੌਕੇ 'ਤੇ ਪੁੱਜੇ ਈ. ਐੱਮ. ਟੀ. ਅਮਰਜੋਤ ਤੇ ਡਰਾਈਵਰ ਕੁਲਦੀਪ ਸਿੰਘ ਮੁਤਾਬਿਕ ਨੌਜਵਾਨ ਦੀ ਹਾਲਤ ਕਾਫੀ ਨਾਜ਼ੁਕ ਸੀ, ਉਨ੍ਹਾਂ ਵਲੋਂ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਪੁੱਜਦਿਆਂ ਹੀ ਐਮਰਜੈਂਸੀ ਡਿਊਟੀ ਡਾਕਟਰ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਿਟੀ ਪੁਲਸ ਨੇ ਧਾਰਾ-174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।
