ਆਲਮੀ ਮਾਂ ਦਿਹਾੜੇ ’ਤੇ ਵਿਸ਼ੇਸ਼ : ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਹੁੰਦੀ ਹੈ ‘ਮਾਂ’

05/09/2021 10:48:10 AM

ਮੋਗਾ (ਗੋਪੀ ਰਾਊਕੇ) - ‘ਮਾਂ’ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ। ‘ਮਾਂ’ ਉਹ ਘਣਛਾਵਾਂ ਬੂਟਾ ਹੈ, ਜਿਸ ਦੀ ਜਿੰਨ੍ਹੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ‘ਮਾਂ’ ਸ਼ਬਦ ਮੂੰਹ ਵਿਚੋਂ ਨਿਕਲਦੇ ਹੀ ਮਨ ਨੂੰ ਵੱਖਰੇ ਕਿਸਮ ਦਾ ਸਕੂਨ ਮਿਲਦਾ ਹੈ। ਦੁਨੀਆਂ ਵਿੱਚ ਇਕੱਲਾ ਮਨੁੱਖ ਹੀ ਨਹੀਂ ਸਗੋਂ ਪਸ਼ੂ, ਪੰਛੀ, ਜੀਵ ਜੰਤੂ ਵੀ ਆਪਣੀ ‘ਮਾਂ’ ਦੇ ‘ਸਾਏ’ ਹੇਠ ਹੀ ਪਲਦੇ ਹਨ। ਜੇਕਰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਸਿਖਰਲੀ ਮੰਜ਼ਿਲ ’ਤੇ ਪਹੁੰਚਣ ਦੇ ਕੋਈ ਵਿਅਕਤੀ ਸਮਰੱਥ ਹੁੰਦਾ ਹੈ ਤਾਂ ਉਸ ਦੇ ਪਿੱਛੇ ਸਭ ਤੋਂ ਪਹਿਲਾ ‘ਮਾਂ’ ਵਲੋਂ ਦਿੱਤੇ ਸੰਸਕਾਰ ਅਤੇ ਸਿੱਖਿਆਵਾਂ ਹੀ ਹੁੰਦੀਆਂ ਹਨ। ਮਾਂ ਦਿਹਾੜਾ ਹਰ ਵਰ੍ਹੇ 9 ਮਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸਿੱਖਿਆ ਸੰਸਥਾਵਾਂ ਵਿੱਚ ਐਤਕੀ ਭਾਵੇਂ ਕੋਰੋਨਾ ਕਰ ਕੇ ਸਮਾਗਮ ਤਾਂ ਨਹੀਂ ਸਕੇ ਪਰ ਆਨਲਾਈਨ ਵਿਧੀ ਰਾਹੀਂ ਸੰਸਥਾਵਾਂ ਵਿੱਚ ਮਾਂ ਦਿਵਸ ਸਬੰਧੀ ਸਮਾਗਮ ਹੋਏ ਹਨ।

‘ਮਾਂ’ ਦਿਹਾੜਾ ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ?
‘ਮਾਂ’ ਦਿਹਾੜਾ 1908 ਵਿੱਚ ਹੋਂਦ ਵਿੱਚ ਆਇਆ। ਦਰਅਸਲ 1870 ਵਿੱਚ ਅਮਰੀਕੀ ਸਮਾਜ ਸੇਵਿਕਾ ਜੁਲੀਆ ਵਾਰਡ ਹੋਵੇ ਨੇ ਅਮਰੀਕੀ ਸਿਵਲ ਵਾਰ ਅਤੇ ‘ਫੈ੍ਰਕੋ ਪਰਸ਼ੀਅਨ ਵਾਰ’ ਦੀ ਬਰਬਾਦੀ ਦੇਖ ਕੇ ਵਿਸ਼ਵ ਸ਼ਾਂਤੀ ਦਾ ਮੁੱਦਾ ਚੁੱਕਿਆ ਅਤੇ ਲੰਡਨ ਵਿੱਚ ਸ਼ਾਂਤੀ ਮੁੱਦੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਹੋਈ। ਉਨ੍ਹਾਂ ਵੱਲੋਂ ਦਿੱਤੇ ਭਾਸ਼ਣ ਦੀ ਦੁਨੀਆਂ ਭਰ ਵਿੱਚ ਤਾਰੀਫ਼ ਹੋਈ। 1900 ਵਿੱਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਜੂਲੀਆ ਨੇ ਫ਼ਿਰ ਚੰਗਾ ਕਾਰਜ ਕੀਤਾ। 9 ਮਈ 1905 ਨੂੰ ਐਨ ਰੀਵਜ਼ ਜਾਰਵਿਸ ਦਾ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਬੇਟਾ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ। 1907 ਵਿੱਚ ਉਸ ਦੀ ਕੁੜੀ ਨੇ ਆਪਣੀ ‘ਮਾਂ’ ਦੀ ਯਾਦ ਵਿੱਚ ਮੁਹਿੰਮ ਚਲਾਈ ਤੇ ਸਾਰੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ। ਇਸੇ ਕਰ ਕੇ ਹੀ 9 ਮਈ ਨੂੰ ਵਿਸ਼ਵ ਭਰ ਵਿੱਚ ਮਾਂ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ।

‘ਮਾਂ’ ਜੰਨਤ ਦਾ ਪ੍ਰਛਾਵਾਂ ਹੈ : ਗਗਨਪ੍ਰੀਤ ਸਿੰਘ
ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੇ ਡਾਇਰੈਕਟਰ ਗਗਨਪ੍ਰੀਤ ਸਿੰਘ ਨੇ ਆਪਣੀ ‘ਮਾਂ’ ਪਰਮਜੀਤ ਕੌਰ ਤੋਂ ਮਾਂ ਦਿਹਾੜੇ ’ਤੇ ਆਸ਼ੀਰਵਾਦ ਹਾਸਲ ਕਰਦਿਆਂ ਕਿਹਾ ਕਿ ‘ਮਾਂ’ ਜੰਨਤ ਦਾ ਪਰਛਾਵਾਂ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ‘ਮਾਂ’ ਦਾ ਸਤਿਕਾਰ ਹੈ, ਉੱਥੇ ਕੋਈ ਘਾਟ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ‘ਮਾਂ’ ਨੇ ਸਾਨੂੰ ਪਿਆਰ ਨਾਲ ਪਾਲਣ ਦੇ ਨਾਲ-ਨਾਲ ਚੰਗੇ ਇਨਸਾਨ ਬਣਾਇਆ ਹੈ। ਅੱਜ ਮੈਂ ‘ਮਦਰਜ਼ ਡੇ’ ਤੇ ਹਰ ਮਾਂ ਦੀ ਚੰਗੀ ਸਿਹਤ ਲਈ ਲੰਬੀ ਉਮਰ ਦਾ ਕਾਮਨਾ ਕਰਦਾ ਹਾਂ।

‘ਮਾਂ’ ਆਪਣੀਆਂ ਖੁਸ਼ੀਆਂ ਆਪਣੇ ਬੱਚਿਆਂ ’ਚ ਦੇਖਦੀ ਹੈ : ਚੇਅਰਪਰਸਨ ਸੈਣੀ
ਬੀ. ਬੀ. ਐੱਸ. ਗਰੁੱਪ ਦੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਕਿਹਾ ਕਿ ਮਾਂ ਆਪਣੀਆਂ ਖੁਸ਼ੀਆਂ ਆਪਣੇ ਬੱਚਿਆਂ ਵਿੱਚ ਦੇਖਦੀ ਹੈ। ਉਨ੍ਹਾਂ ਕਿਹਾ ਕਿ ਮਾਂ ਤੋਂ ਵੱਡੇ ਤਿਆਗ, ਪ੍ਰੇਮ ਤੇ ਭਾਵਨਾ ਦੀ ਮਿਸਾਲ ਹੋਰ ਕਿੱਧਰੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਜ਼ਿੰਦਗੀਆਂ ਵਿੱਚ ਅਨੇਕਾਂ ਮੁਸੀਬਤਾਂ ਝੱਲ ਕੇ ‘ਮਾਂ’ ਹਮੇਸ਼ਾ ਪਰਿਵਾਰ ਦੀਆਂ ਖੁਸ਼ੀਆਂ ਲਈ ਕੰਮ ਕਰਦੀ ਹੈ। ਅੱਜ ‘ਮਾਂ’ ਦਿਵਸ ’ਤੇ ਸਾਨੂੰ ਸਭ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ‘ਮਾਂ’ ਨੇ ਸਾਨੂੰ ਬਚਪਨ ਵਿੱਚ ਪਾਲਿਆ ਹੈ, ਉਸੇ ਤਰ੍ਹਾਂ ਅਸੀਂ ਵੀ ਮਾਂ ਦੀ ਸੇਵਾ ਸੰਭਾਲ ਕਰਕੇ ਬੁਢਾਪੇ ਵਿੱਚ ਆਪਣਾ ਫਰਜ਼ ਪੂਰਾ ਕਰੀਏ।

‘ਮਾਂ’ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾ : ਜਸਵਿੰਦਰ ਕੌਰ
‘ਮਾਂ’ ਕੇਵਲ ‘ਮਾਂ’ ਨਾ ਹੋ ਕੇ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ, ਜਿਸ ਤੋਂ ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜ੍ਹਾਵਾਂ ਵਿੱਚ ਗੁਜ਼ਰਦਿਆਂ ਸਾਡਾ ਮਾਰਗਦਰਸ਼ਨ ਕਰਦੀ ਹੈ। ਇਹ ਪ੍ਰਗਟਾਵਾ ਕਰਦਿਆਂ ਮਾਤਾ ਜਸਵਿੰਦਰ ਕੌਰ ਭਿੰਡਰ ਕਲਾਂ ਨੇ ਹਰ ਬੱਚੇ ਨੂੰ ਆਪਣੀ ਮਾਂ ਨੂੰ ਪਿਆਰ ਅਤੇ ਸਤਿਕਾਰ ਦਾ ਤੋਹਫ਼ਾ ਦੇਣਾ ਚਾਹੀਦਾ ਹੈ। ਇਸ ਨਾਲ ਹੀ ਮਾਂ ਨੂੰ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਕ ਜਨਾਨੀ ਆਪਣੇ ਨਿੱਜ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਲਗਾ ਦਿੰਦੀ ਹੈ।

ਬੱਚਾ ਜਦੋਂ ਬੋਲਣ ਸਿੱਖਦਾ ਹੈ ਤਾਂ ਉਸ ਦੇ ਮੂੰਹ ’ਚੋਂ ਪਹਿਲਾਂ ਸ਼ਬਦ ਮਾਂ ਨਿਕਲਦਾ ਹੈ : ਡਾ. ਮਾਲਤੀ ਥਾਪਰ
ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਦਾ ਕਹਿਣਾ ਸੀ ਕਿ ਬੱਚਾ ਜਦੋਂ ਬੋਲਣ ਸਿੱਖਦਾ ਹੈ ਤਾਂ ਉਸ ਦੇ ਮੂੰਹ ਵਿਚੋਂ ਪਹਿਲਾਂ ਸ਼ਬਦ ਮਾਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ‘ਮਾਂ’ ਦੇ ਨਾਲ ਬੱਚੇ ਦਾ ਰਿਸ਼ਤਾ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ, ਜਦੋਂ ਅਸੀਂ ਕਿਸੇ ਵੀ ਮੁਸੀਬਤ ਵਿਚ ਹੁੰਦੇ ਹਾਂ ਤਾਂ ਆਪ-ਮੁਹਾਰੇ ਸਾਡੀ ਜ਼ੁਬਾਨ ਵਿੱਚ ਮਾਂ ਸਬਦ ਨਿਕਲਦਾ ਹੈ। ਸਾਨੂੰ ਸਭ ਨੂੰ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਮਾਂ ਦੇ ਪਿਆਰ ਅਤੇ ਸੁਨੇਹ ਨਾਲ ਹੀ ਵਿਅਕਤੀ ਤਰੱਕੀ ਦੀਆਂ ਮੰਜ਼ਿਲਾ ਸਰ ਕਰਦਾ ਹੈ।

‘ਮਾਂ’ ਧਰਤੀ ’ਤੇ ਦੂਜਾ ਰੱਬ ਹੈ : ਸੁਮਿਤ ਕੌਰ
ਡੈਫੋਡਿਲਸ ਮੋਗਾ ਦੇ ਡਾਇਰੈਕਟਰ ਸੁਮਿਤ ਕੌਰ ਦਾ ਕਹਿਣਾ ਸੀ ਕਿ ਮਾਂ ਧਰਤੀ ’ਤੇ ਦੂਜਾ ਰੱਬ ਹੈ। ਇਸ ਲਈ ਸਾਨੂੰ ਸਭ ਨੂੰ ਮਾਂ ਦਾ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਮਾਂ ਹੀ ਇਕ ਅਜਿਹੀ ਤਿਆਗੀ ਦੀ ਮੂਰਤ ਹੈ, ਜੋ ਅਨੇਕਾਂ ਪੀੜ੍ਹਾਂ ਸਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਮਾਂ ਦਿਵਸ ਤੋਂ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੇ ਆਪਣੇ ਮਾਪਿਆ ਦੀ ਬੁਢਾਪੇ ਵਿੱਚ ਡੰਗੋਰੀ ਬਣਾਗੇ ਤੇ ਜਿਸ ਤਰ੍ਹਾਂ ਉਨ੍ਹਾਂ ਸਾਡੀ ਬਚਪਨ ਵਿੱਚ ਪਾਲਣ ਪੋਸ਼ਣ ਕੀਤਾ ਹੈ ਅਸੀਂ ਉਸੇ ਤਰ੍ਹਾਂ ਬੁਢਾਪੇ ਵਿੱਚ ‘ਮਾਂ’ ਬਾਪ ਦੀ ਸੇਵਾ ਕਰਾਂਗੇ।


rajwinder kaur

Content Editor

Related News