‘ਮਾਂ ਮੇਰੇ ਤੋਂ ਗਲਤੀ ਹੋ ਗਈ, ਹੁਣ ਮੈਨੂੰ ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ’ ਲਿਖ ਪੁੱਤ ਨੇ ਦੇ ਦਿੱਤੀ ਜਾਨ
Tuesday, Oct 18, 2022 - 06:54 PM (IST)
ਲੁਧਿਆਣਾ (ਰਾਮ) : ਨਾਹਰ ਸਿੰਘ ਨਗਰ ਸ਼ੇਰਪੁਰ ’ਚ ਉਸ ਸਮੇਂ ਸੋਗ ਫੈਲ ਗਿਆ ਜਦੋਂ 34 ਸਾਲਾ ਨੌਜਵਾਨ ਪ੍ਰਦੀਪ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ, ਜਿਸ ਨੇ ਸੁਸਾਈਡ ਨੋਟ ’ਚ ਲਿਖਿਆ ਸੀ ‘ਮਾਂ ਮੇਰੇ ਕੋਲੋਂ ਜੋ ਗਲਤੀ ਹੋ ਗਈ, ਉਹ ਸ਼ਰਾਬ ਦੇ ਨਸ਼ੇ ’ਚ ਹੋਈ ਸੀ, ਜਿਸ ਦਾ ਮੈਨੂੰ ਬਹੁਤ ਪਛਤਾਵਾ ਹੈ, ਜਿਸ ਕਾਰਨ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ ਜਿਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਮੇਰੀ ਪਤਨੀ ਅਤੇ ਮੇਰੇ ਸਹੁਰੇ ਵਾਲਿਆਂ ਨੂੰ ਮੇਰੀ ਲਾਸ਼ ਨੂੰ ਹੱਥ ਨਾ ਲਾਉਣ ਦਿੱਤਾ ਜਾਵੇ ਅਤੇ ਮੇਰੀ ਪਤਨੀ ਨੂੰ ਸਿਰਫ ਮੇਰਾ ਮੂੰਹ ਦੇਖਣ ਦੇਣਾ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੈਂ ਉਸ ਨਾਲ ਕਿੰਨਾ ਪਿਆਰ ਕਰਦਾ ਹਾਂ। ਮੇਰੀ ਜ਼ਿੰਦਗੀ ’ਚ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪ੍ਰਦੀਪ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਮੇਰੇ 2 ਬੇਟੇ ਅਤੇ ਇਕ ਬੇਟੀ ਹੈ, ਜਿਨ੍ਹਾਂ ’ਚੋਂ ਛੋਟਾ ਬੇਟਾ ਪ੍ਰਦੀਪ ਵਿਆਹਿਆ ਹੈ, ਜਿਸ ਦਾ ਆਪਣੀ ਪਤਨੀ ਸੋਨੀਆ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ, ਜਿਸ ਕਾਰਨ ਮੇਰੇ ਬੇਟੇ ਪ੍ਰਦੀਪ ਦੀ ਪਤਨੀ ਸੋਨੀਆ ਆਪਣੇ ਪੇਕੇ ਘਰ ਸ਼ਿਮਲਾਪੁਰੀ ਰਹਿੰਦੀ ਹੈ। ਮੇਰਾ ਬੇਟਾ ਪ੍ਰਦੀਪ ਕੁਮਾਰ ਮੇਰੇ ਨਾਲ ਹੀ ਘਰ ਦੇ ਉੱਪਰ ਬਣੇ ਕਮਰੇ ’ਚ ਰਹਿੰਦਾ ਸੀ। 14 ਅਕਤੂਬਰ ਦੀ ਰਾਤ ਨੂੰ 9 ਵਜੇ ਪ੍ਰਦੀਪ ਆਪਣੇ ਕਮਰੇ ’ਚ ਸੌਣ ਚਲਾ ਗਿਆ, ਜਿਸ ਤੋਂ ਬਾਅਦ ਸਵੇਰੇ 8 ਵੱਜਣ ’ਤੇ ਵੀ ਪ੍ਰਦੀਪ ਕਮਰੇ ਤੋਂ ਥੱਲੇ ਨਹੀਂ ਆਇਆ ਤਾਂ ਮੈਂ ਉਸ ਦੇ ਕਮਰੇ ’ਚ ਉਸ ਨੂੰ ਦੇਖਣ ਗਿਆ, ਜਿੱਥੇ ਜਾ ਕੇ ਦੇਖਿਆ ਕਿ ਮੇਰੇ ਬੇਟੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦਾ ਲਿਖਿਆ ਹੋਇਆ ਇਕ ਸੁਸਾਈਡ ਨੋਟ ਕਮਰੇ ’ਚ ਲੱਗੇ ਸ਼ੀਸ਼ੇ ’ਤੇ ਲੱਗਿਆ ਹੋਇਆ ਮਿਲਿਆ।
ਮਾਨਸਿਕ ਸੰਤੁਲਨ ਠੀਕ ਨਾ ਹੋਣ ਕਾਰਨ ਪ੍ਰਦੀਪ ਨੇ ਕੀਤੀ ਖੁਦਕੁਸ਼ੀ : ਸੰਜੀਵ ਕਪੂਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਮ੍ਰਿਤਕ ਪ੍ਰਦੀਪ ਕੁਮਾਰ ਦੇ ਪਿਤਾ ਨਾਹਰ ਸਿੰਘ ਵੱਲੋਂ ਆਪਣੇ ਬੇਟੇ ਪ੍ਰਦੀਪ ਕੁਮਾਰ ਖਿਲਾਫ ਸ਼ਰਾਬ ਦੇ ਨਸ਼ੇ ’ਚ ਮਾਤਾ-ਪਿਤਾ ਨਾਲ ਕੁੱਟਮਾਰ ਸਬੰਧੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਅਗਲੇ ਹੀ ਦਿਨ ਪ੍ਰਦੀਪ ਕੁਮਾਰ ਨੇ ਸੁਸਾਈਡ ਨੋਟ ਛੱਡ ਕੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਖੁਦਕੁਸ਼ੀ ਕਰ ਲਈ। ਇਸ ਤੋਂ ਇਲਾਵਾ ਮ੍ਰਿਤਕ ਪ੍ਰਦੀਪ ਦਾ ਆਪਣੀ ਪਤਨੀ ਨਾਲ ਝਗੜਾ ਵੀ ਚੱਲ ਰਿਹਾ ਸੀ, ਜਿਸ ਕਾਰਨ ਪ੍ਰਦੀਪ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਮ੍ਰਿਤਕ ਪ੍ਰਦੀਪ ਕੁਮਾਰ ਆਪਣੇ ਸੁਸਾਈਡ ਨੋਟ ’ਚ ਆਪਣੀ ਮੌਤ ਦਾ ਜ਼ਿੰਮੇਵਾਰ ਕਿਸੇ ਨੂੰ ਨਾ ਦੱਸ ਕੇ ਕਿਸੇ ’ਤੇ ਵੀ ਕੋਈ ਕਾਰਵਾਈ ਨਾ ਕਰਨ ਦਾ ਲਿਖ ਕੇ ਮਰਿਆ ਹੈ। ਪੁਲਸ ਵੱਲੋਂ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।