ਖੇੜੀ ਗੰਡਿਆਂ ਮਾਮਲਾ: ਮ੍ਰਿਤਕ ਭਰਾਵਾਂ ਦੀ ਮਾਂ ਵਲੋਂ ਪੁਲਸ 'ਤੇ ਤਿੱਖਾ ਹਮਲਾ
Tuesday, Nov 26, 2019 - 04:57 PM (IST)
ਪਟਿਆਲਾ (ਜੋਸਨ)—4 ਮਹੀਨੇ ਪਹਿਲਾਂ ਜ਼ਿਲਾ ਪਟਿਆਲਾ ਦੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਮਾਸੂਮ ਭਰਾਵਾਂ ਦੀਆਂ ਨਹਿਰ 'ਚੋਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਅੱਜ ਬੱਚਿਆਂ ਦੀ ਮਾਂ ਨੇ ਮੀਡੀਆ ਸਾਹਮਣੇ ਪੁਲਸ ਵਿਰੁੱਧ ਜੰਮ ਕੇ ਭੜਾਸ ਕੱਢੀ। ਬੱਚਿਆਂ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਪਟਿਆਲਾ ਪੁਲਸ ਨੂੰ 4 ਮਹੀਨਿਆਂ ਵਿਚ ਇਸ ਮਾਮਲੇ ਨਾਲ ਸਬੰਧੀ ਕੋਈ ਵੀ ਸੁਰਾਗ ਨਹੀਂ ਮਿਲਿਆ, ਜਿਸ ਕਰ ਕੇ ਪੁਲਸ ਦੀ ਕਿਰਕਰੀ ਹੋ ਰਹੀ ਹੈ। ਪੁਲਸ ਇਸ ਕਿਰਕਰੀ ਤੋਂ ਬਚਣ ਅਤੇ ਆਪਣੀ ਨਾਕਾਮੀ ਛਪਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ ਕਰ ਕੇ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਗਲਤ ਹੈ। ਬੱਚਿਆਂ ਦੀ ਮਾਂ ਨੇ ਕਿਹਾ ਕਿ ਜੇਕਰ ਪੁਲਸ ਨੂੰ ਮੇਰੇ 'ਤੇ ਸ਼ੱਕ ਸੀ ਤਾਂ 4 ਮਹੀਨਿਆਂ ਤੋਂ ਚੁੱਪ ਕਿਉਂ ਸੀ? ਉਦੋਂ ਤੋਂ ਹੀ ਸਾਡੇ ਟੈਸਟ ਕਿਉਂ ਨਹੀਂ ਕਰਵਾਏ ਗਏ? ਸਾਡੇ ਫੋਨ ਵੀ ਚੈੱਕ ਕੀਤੇ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਪੁਲਸ ਆਪਣੀ ਨਾਕਾਮੀ ਛਪਾਉਣ ਅਤੇ ਸਾਡੀ ਬਦਨਾਮੀ ਕਰਵਾਉਣ ਦੀ ਮਨਸ਼ਾ ਨਾਲ ਕਰ ਰਹੀ ਹੈ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਾਡੇ ਬੱਚਿਆਂ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਉਧਰ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਸਪੱਸ਼ਟ ਕੀਤਾ ਕਿ ਮੇਰੀ ਪਤਨੀ ਅਤੇ ਇਕ ਹੋਰ ਰਿਸ਼ਤੇਦਾਰ ਵਿਰੁੱਧ ਸਾਡੇ ਪਰਿਵਾਰ ਨੂੰ ਨਹੀਂ ਬਲਕਿ ਪੁਲਸ ਨੂੰ ਸ਼ੱਕ ਹੈ। ਇਸ ਲਈ ਪੁਲਸ ਵੱਲੋਂ ਕਹੇ ਜਾਣ ਤੋਂ ਬਾਅਦ ਹੀ ਸਾਡੇ ਲਾਈ ਡਿਟੈਕਟਿਵ ਟੈਸਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲਸ ਨੇ ਮਾਂ ਸਮੇਤ ਉਸ ਦੇ ਕਥਿਤ ਪ੍ਰੇਮੀ ਬਲਜੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ। ਇਹ ਨਾਮਜ਼ਦਗੀ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਵੱਲੋਂ ਹਾਲ ਹੀ 'ਚ ਦਿੱਤੇ ਬਿਆਨ ਦੇ ਆਧਾਰ 'ਤੇ ਕੀਤੀ ਗਈ ਹੈ। ਉਧਰ ਇਨ੍ਹਾਂ ਦੋਵਾਂ ਦਾ ਲਾਈ ਡਿਟੈਕਟਿਵ ਟੈਸਟ ਕਰਵਾਉਣ ਲਈ ਪੁਲਸ ਵੱਲੋਂ ਦਾਇਰ ਅਰਜ਼ੀ 'ਤੇ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਸਬੰਧੀ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਤਿੰਨ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ 'ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ (ਸਿੱਟ) ਗਠਿਤ ਕੀਤੀ ਹੋਈ ਹੈ। ਸਿੱਟ ਦੀ ਅਗਵਾਈ ਪਟਿਆਲਾ ਦੇ ਆਈ. ਜੀ. ਅਮਰਦੀਪ ਸਿੰਘ ਰਾਏ ਕਰ ਰਹੇ ਸਨ। ਇਸ ਤੋਂ ਇਲਾਵਾ ਆਈ. ਪੀ. ਐੱਸ ਬਰਿੰਦਰਪਾਲ ਸਿੰਘ ਅਤੇ ਸਰਬਜੀਤ ਸਿੰਘ ਸਿੱਟ ਦੇ ਮੈਂਬਰ ਸਨ। ਉਸ ਸਮੇਂ ਥਾਣਾ ਖੇੜੀ ਗੰਡਿਆਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਲਾਈ ਡਿਟੈਕਟਿਵ ਟੈਸਟ ਲਈ ਤਿਆਰ ਹਾਂ : ਮਨਜੀਤ ਕੌਰ
ਇਸ ਸਬੰਧੀ ਬੱਚਿਆਂ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਹ ਲਾਈ ਡਿਟੈਕਟਿਵ ਟੈਸਟ ਲਈ ਤਿਆਰ ਹੈ। ਇਸ ਮਾਮਲੇ ਵਿਚ ਬੇਸ਼ੱਕ ਪੁਲਸ ਪੱਖਪਾਤ ਕਰ ਰਹੀ ਹੈ, ਫਿਰ ਵੀ ਉਹ ਟੈਸਟ ਕਰਾਉਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪੁਲਸ ਨੂੰ ਆਪਣੀ ਖਾਨਾਪੂਰਤੀ ਵਾਲੀ ਕਾਰਵਾਈ ਕਰ ਲੈਣੀ ਚਾਹੀਦੀ ਹੈ। ਇਸ ਮਾਮਲੇ ਦੀ ਵਜ੍ਹਾ ਅਤੇ ਅਸਲੀ ਸੱਚ ਕੁਝ ਹੋਰ ਹੀ ਹੈ, ਜੋ ਟੈਸਟ ਦੀ ਸੱਚਾਈ ਤੋਂ ਬਾਅਦ ਸਭ ਦੇ ਸਾਹਮਣੇ ਲਿਆਏਗੀ।