ਨੰਗਲ ਸ਼ਹਿਰ ਦੀ ਤ੍ਰਾਸਦੀ: 4 ਧੀਆਂ ਦੀ ਮਾਂ ਕਰਦੀ ਨਸ਼ੀਲੀਆਂ ਗੋਲੀਆਂ ਦਾ ਸੇਵਨ, ਸੱਸ ਨੇ ਰੋ-ਰੋ ਸੁਣਾਇਆ ਦੁੱਖੜਾ
Wednesday, Feb 22, 2023 - 06:07 PM (IST)
ਨੰਗਲ (ਗੁਰਭਾਗ ਸਿੰਘ)- ਨੰਗਲ ਦੀ ਮੇਨ ਮਾਰਕਿਟ ਵਿਖੇ ਬਿੰਦਰਾ ਮੈਡੀਕਲ ਸਟੋਰ ’ਤੇ ਨਸ਼ੇ ਵਾਲੀਆਂ ਦਵਾਈਆਂ ਵੇਚਣ ਦੇ ਗੰਭੀਰ ਦੋਸ਼ ਲੱਗੇ ਹਨ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੋਕਾਂ ਨੇ ਇੱਕਠੇ ਹੋ ਕੇ ਉਕਤ ਮੈਡੀਕਲ ਸਟੋਰ ਸਾਹਮਣੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਤਣਾਅਪੂਰਨ ਹੁੰਦੀ ਵੇਖ ਮੌਕੇ ’ਤੇ ਨੰਗਲ ਪੁਲਸ ਨੂੰ ਬੁਲਾਇਆ ਗਿਆ। ਏ. ਐੱਸ. ਆਈ. ਪ੍ਰਤੀਮ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਮੈਡੀਕਲ ਸਟੋਰ ਚਲਾਉਣ ਵਾਲੇ ਨੂੰ ਨੰਗਲ ਥਾਣਾ ’ਚ ਆਉਣ ਦੇ ਹੁਕਮ ਦਿੱਤੇ।
ਮਾਮਲਾ ਮੰਗਲਵਾਰ ਦੁਪਹਿਰ ਕਰੀਬ ਤਿੰਨ ਵਜੇ ਦਾ ਦੱਸਿਆ ਜਾ ਰਿਹਾ ਹੈ। ਦਰਜਨ ਦੇ ਕਰੀਬ ਔਰਤਾਂ ਅਤੇ ਵਿਅਕਤੀਆਂ ਨੇ ਮੈਡੀਕਲ ਸਟੋਰ ਵਾਲੇ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਇਲਾਕੇ ’ਚ ਪਿਛਲੇ ਲੰਬੇਂ ਸਮੇਂ ਤੋਂ ਨਸ਼ੇ ਵਾਲੀਆਂ ਦਵਾਈਆਂ ਵੇਚਣ ਦਾ ਕਾਰੋਬਾਰ ਕਰ ਰਿਹਾ ਹੈ। ਨੌਕਰੀ ਕਰਦੀ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਸ ਦੀ ਨੂੰਹ ਨਸ਼ੇ ਵਾਲੀਆਂ ਗੋਲੀਆਂ ਨੂੰ ਜੇਕਰ ਲੱਗੀ ਹੈ ਤਾਂ ਉਹ ਇਸ ਮੈਡੀਕਲ ਸਟੋਰ ਦੀ ਬਦੌਲਤ ਲੱਗੀ ਹੈ। ਉਕਤ ਬਜ਼ੁਰਗ ਔਰਤ ਨੇ ਕਿਹਾ ਕਿ ਉਸਦੀਆਂ ਚਾਰ ਪੋਤਰੀਆਂ ਹਨ। ਨੂੰਹ ਸਾਰਾ ਦਿਨ ਨਸ਼ਾ ਕਰਕੇ ਪਈ ਰਹਿੰਦੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ CM ਮਾਨ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ
ਮੌਕੇ ’ਤੇ ਮੌਜੂਦ ਲੋਕਾਂ ’ਚ ਇਹ ਵੀ ਖ਼ੁਸਰ-ਮੁਸਰ ਹੋ ਰਹੀ ਸੀ ਕਿ ਉਕਤ ਮੈਡੀਕਲ ਸਟੋਰ ਚਲਾਉਣ ਵਾਲਾ ਪਹਿਲਾਂ ਵੀ ਸਰਕਾਰ ਵੱਲੋਂ ਪਾਬੰਦੀਸ਼ੁਦਾ ਕੀਤੀਆਂ ਦਵਾਈਆਂ ਵੇਚਣ ਦੇ ਮਾਮਲੇ ’ਚ ਜੇਲ੍ਹ ਜਾ ਚੁੱਕਿਆ ਹੈ। ਇਸ ਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਸਮਝਦਾ। ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀ ਨੂੰ ਪੀੜਤ ਪਰਿਵਾਰ ਵੱਲੋਂ ਕਥਿਤ ਨਸ਼ੇ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ। ਪੁਲਸ ਅਧਿਕਾਰੀ ਨੇ ਜਿਵੇਂ ਹੀ ਹਾਜ਼ਰ ਲੋਕਾਂ ’ਚ ਕਿਹਾ ਕਿ ਖੁੱਲ੍ਹੀਆਂ ਗੋਲੀਆਂ ਕੁਝ ਸਾਬਤ ਨਹੀਂ ਕਰਦੀਆਂ, ਗੱਲ ਸੁਣਦਿਆਂ ਲੋਕ ਅੱਗ ਬਬੂਲਾ ਹੋ ਗਏ ਅਤੇ ਉਨ੍ਹਾਂ ਪੁਲਸ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ। ਮੈਡੀਕਲ ਸਟੋਰ ਦੇ ਬਿਲਕੁਲ ਨਾਲ ਪਏ ਇਕ ਬੰਦ ਤੰਦੂਰ ’ਚ ਉਨ੍ਹਾਂ ਦਰਜਨਾਂ ਦਵਾਈਆਂ ਦੇ ਖਾਲ੍ਹੀ ਪੱਤੇ ਪੁਲਸ ਨੂੰ ਚੁੱਕ ਕੇ ਵਿਖਾਏ ਅਤੇ ਪੁਲਸ ਨੇ ਕਿਹਾ ਕਿ ਇਨ੍ਹਾਂ ਪੱਤਿਆਂ ਦੀ ਪਛਾਣ ਤਾਂ ਡਰੱਗ ਇੰਸਪੈਕਟਰ ਜਾਂ ਮਾਹਰ ਡਾਕਟਰ ਹੀ ਕਰ ਸਕਦੇ ਹਨ। ਨਸ਼ਾ ਕਰਨ ਵਾਲੀ ਔਰਤ ਦੀ ਸੱਸ ਨੇ ਕਿਹਾ ਕਿ ਮੈਂ ਇਸ ਸਬੰਧੀ ਕਰੀਬ 10 ਦਿਨ ਪਹਿਲਾਂ ਨੰਗਲ ਪੁਲਸ ਕੋਲ ਜਾ ਕੇ ਗੁਹਾਰ ਲਗਾ ਚੁੱਕੀ ਹਾਂ ਪਰ ਮੇਰੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਜਦੋਂ ਨੰਗਲ ਥਾਣਾ ਜਾ ਕੇ ਏ. ਐੱਸ. ਆਈ. ਪ੍ਰੀਤਮ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਦਾ ਪੋਸਟਮਾਰਟਮ ਕਰਵਾਉਣ ਲਈ ਜਲਦੀ ’ਚ ਹਨ। ਇਨ੍ਹਾਂ ਬੋਲਦਿਆਂ ਉਹ ਗੱਡੀ ਲੈ ਕੇ ਨਿਕਲ ਗਏ। ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਮੈਡੀਕਲ ਸਟੋਰ ਚਲਾਉਣ ਵਾਲੇ ਨਰਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਮੇਰੇ ਵੱਲੋਂ ਇਸ ਔਰਤ ਨੂੰ ਕੋਈ ਨਸ਼ੇ ਵਾਲੀਆਂ ਗੋਲੀਆਂ ਨਹੀਂ ਦਿੱਤੀਆਂ ਗਈਆਂ ਹਨ। ਔਰਤ ਡਿਪ੍ਰੈਸ਼ਨ ਦੀ ਮਰੀਜ਼ ਹੈ ਉਹ ਖ਼ੁਦ ਬੋਲ ਰਹੀ ਕਿ ਮੈਂ ਇਥੋਂ ਗੋਲੀਆਂ ਨਹੀਂ ਲਈਆਂ ਹਨ। ਪੁਲਸ ਨੇ ਥਾਣੇ ਬੁਲਾਇਆ ਹੈ ਅਤੇ ਮੈਂ ਜਾ ਰਿਹਾ ਹਾਂ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਖ਼ਾਸ ਸਹੂਲਤ
ਇਹ ਬੰਦਾ ਸਾਡੀ ਐਸੋਸੀਏਸ਼ਨ ਦਾ ਮੈਂਬਰ ਨਹੀਂ : ਪ੍ਰਧਾਨ ਸੁਦਰਸ਼ਨ ਚੌਧਰੀ
ਕੈਮਿਸਟ ਐਸੋਸ਼ੀਏਸ਼ਨ ਜ਼ਿਲਾ ਰੂਪਨਗਰ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਕਿਹਾ ਕਿ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ। ਬਿੰਦਾਰ ਮੈਡੀਕਲ ਸਟੋਰ ਦਾ ਚਾਲਕ ਸਾਡੀ ਐਸੋਸ਼ੀਏਸ਼ਨ ਦਾ ਮੈਂਬਰ ਨਹੀਂ ਹੈ। 20-25 ਸਾਲ ਤੋਂ ਇਸ ਨੂੰ ਐਸੋਸੀਏਸ਼ਨ ਤੋਂ ਬਾਹਰ ਕੀਤਾ ਹੋਇਆ ਹੈ ਕਿਉਂਕਿ ਇਸ ਦੀਆਂ ਸ਼ੁਰੂ ’ਚ ਬਹੁਤ ਸ਼ਿਕਾਇਤਾਂ ਆਈਆਂ ਸਨ। ਕਈ ਵਾਰ ਇਸਦਾ ਲਾਇਸੈਂਸ ਵੀ ਰੱਦ ਹੋ ਚੁੱਕਿਆ ਹੈ। ਅਸੀਂ ਇਸ ਨੂੰ ਆਪਣੇ ਭਾਈਚਾਰੇ ਤੋਂ ਦੂਰ ਰੱਖਿਆ ਹੋਇਆ ਹੈ। ਜਦੋਂ ਇਸ ਮਾਮਲੇ ’ਤੇ ਕਾਰਵਾਈ ਸਬੰਧੀ ਥਾਣਾ ਮੁਖੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਹੀ ਨਾ ਚੁੱਕਿਆ।
ਇਹ ਵੀ ਪੜ੍ਹੋ : ਜਲੰਧਰ ਦੇ ਡਰਾਈਵਿੰਗ ਟੈਸਟ ਸੈਂਟਰ 'ਚ ਹੰਗਾਮਾ, ਸ਼ਰੇਆਮ ਮਾਂ-ਧੀ ਦੀ ਕੀਤੀ ਕੁੱਟਮਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।