ਸਿਰ-ਫਿਰੇ ਦਾ ਕਾਰਾ, 4 ਬੱਚਿਆਂ ਦੀ ਮਾਂ ਦੇ ਭਰੇ ਬਾਜ਼ਾਰ ’ਚ ਮਾਰਿਆ ਚਾਕੂ, ਖ਼ੁਦ ਨੂੰ ਵੀ ਕੀਤਾ ਜ਼ਖ਼ਮੀ
Wednesday, Oct 26, 2022 - 06:37 PM (IST)

ਤਰਨਤਾਰਨ (ਵਿਜੇ ਅਰੋੜਾ) : ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਮੇਨ ਬਾਜ਼ਾਰ 'ਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਇਕ ਵਿਅਕਤੀ ਨੇ ਔਰਤ ਦੇ ਚਾਕੂ ਮਾਰ ਦਿੱਤਾ ਤੇ ਫਿਰ ਆਪਣੇ ਆਪ ਨੂੰ ਵੀ ਗੰਭੀਰ ਜ਼ਖ਼ਮੀ ਕਰ ਲਿਆ।
ਜਾਣਕਾਰੀ ਮੁਤਾਬਕ ਨਿਰਮਲ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਪੰਡੋਰੀ ਵੜੈਚ ਰੋਜ਼ਾਨਾ ਦੀ ਤਰ੍ਹਾਂ ਕਿਸੇ ਦੇ ਘਰ ਕੰਮ ਕਰਨ ਜਾ ਰਹੀ ਸੀ। ਜਦ ਉਹ ਫਤਿਆਬਾਦ ਬੱਸ ਅੱਡੇ ਕੋਲ ਪੁੱਜੀ ਤਾਂ ਉਸ ਦਾ ਪ੍ਰੇਮੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਅਤੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਔਰਤ 'ਤੇ ਹਮਲਾ ਕਰਨ ਉਪਰੰਤ ਉਸ ਨੇ ਆਪਣੇ ਆਪ ਨੂੰ ਵੀ ਜ਼ਖ਼ਮੀ ਕਰ ਲਿਆ। ਦੋਵਾਂ ਨੂੰ ਹਸਪਤਾਲ 'ਚ ਇਲਾਲ ਲਈ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਨਹਿਰ 'ਤੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਵਾਪਰਿਆ ਹਾਦਸਾ, ਮਿੱਟੀ ਥੱਲੇ ਦੱਬਣ ਨਾਲ 1 ਦੀ ਮੌਤ
ਨਿਰਮਲ ਕੌਰ ਦੀ ਭੈਣ ਤੇ ਜੀਜੇ ਨੇ ਦੱਸਿਆ ਕਿ ਨਿਰਮਲ ਕੌਰ ਪੰਡੋਰੀ ਵੜੈਚ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਚਾਰ ਬੱਚੇ ਵੀ ਹਨ। ਉਸ ਦੀ ਆਪਣੇ ਪਤੀ ਨਾਲ ਅਨਬਨ ਹੈ ਤੇ ਇਹ ਮਾਮਲਾ ਅਦਾਲਤ 'ਚ ਹੈ। ਉਹ ਪਹਿਲਾਂ ਆਪਣੇ ਪੇਕੇ ਘਰ ਰਹਿ ਰਹੀ ਸੀ ਪਰ ਕੁੱਝ ਸਮੇਂ ਤੋਂ ਉਨ੍ਹਾਂ ਕੋਲ ਫਤਿਆਬਾਦ ਵਿਖੇ ਰਹਿਣ ਆ ਗਈ ਸੀ ਤੇ ਇੱਥੇ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ। ਅੱਜ ਜਦ ਉਹ ਕਿਸੇ ਘਰ ਕੰਮ ਕਰਨ ਜਾ ਰਹੀ ਸੀ ਤਾਂ ਇਕ ਨੌਜਵਾਨ ਨੇ ਉਸ ਦੇ ਚਾਕੂ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਿਰਮਲ ਦਾ ਪਤੀ ਤੇ ਦਿਓਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ, ਇਸ ਲਈ ਹੋ ਸਕਦਾ ਹੈ ਕਿ ਉਕਤ ਨੌਜਵਾਨ ਨੂੰ ਉਨ੍ਹਾਂ ਵੱਲੋਂ ਭੇਜਿਆ ਗਿਆ ਹੋਵੇ। ਮੌਕੇ 'ਤੇ ਫਤਿਆਬਾਦ ਚੌਕੀ ਦੇ ਇੰਚਾਰਜ ਇਕਬਾਲ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।