ਸੁਲਤਾਨਪੁਰ ਲੋਧੀ: ਸੁਲਝੀ ਅੰਨ੍ਹੇ ਕਤਲ ਦੀ ਗੁੱਥੀ, ਨਸ਼ੇ ਲਈ 20 ਰੁਪਏ ਨਾ ਦੇਣ 'ਤੇ ਪੁੱਤ ਨੇ ਹੀ ਕੀਤਾ ਮਾਂ ਦਾ ਕਤਲ
Sunday, Jun 19, 2022 - 05:46 PM (IST)
ਸੁਲਤਾਨਪੁਰ ਲੋਧੀ (ਸੋਢੀ, ਚੰਦਰ, ਧੀਰ)-ਬਾਬਾ ਜਵਾਲਾ ਸਿੰਘ ਨਗਰ ’ਚ ਆਪਣੇ ਪੁੱਤਰ ਸਮੇਤ ਰਹਿੰਦੀ ਬਜ਼ੁਰਗ ਵਿਧਵਾ 80 ਸਾਲਾ ਕੁਲਵਿੰਦਰ ਕੌਰ ਦੀ ਬੀਤੇ ਦਿਨੀਂ ਸ਼ੱਕੀ ਹਾਲਾਤ ’ਚ ਲਾਸ਼ ਬਰਾਮਦ ਹੋਈ ਸੀ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮ੍ਰਿਤਕਾ ਦੇ ਪੁੱਤਰ ਦਲਬੀਰ ਸਿੰਘ ਉਰਫ਼ ਬਿੱਲਾ ਪੁੱਤਰ ਲੇਟ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਕੋਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਨਸ਼ੇ ਲਈ ਪੈਸੇ ਨਾ ਦੇਣ ’ਤੇ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਨਸ਼ੇ ਲਈ 20 ਰੁਪਏ ਮਾਂ ਕੋਲੋਂ ਮੰਗੇ ਸਨ ਪਰ ਦਿੱਤੇ ਨਹੀਂ, ਜਿਸ ਕਰਕੇ ਸਾਡੀ ਬਹਿਸ ਹੋ ਗਈ ਅਤੇ ਗੁੱਸੇ ਵਿਚ ਆ ਕੇ ਮਾਂ ਦਾ ਕਤਲ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਜੇਸ਼ ਕੱਕੜ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਰਾਜਬਚਨ ਸਿੰਘ ਸੰਧੂ ਦੀਆਂ ਹਿਦਾਇਤਾਂ ਅਤੇ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਦੀ ਅਗਵਾਈ ’ਚ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਕਤਲ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ 12 ਘੰਟੇ ਵਿਚ ਹੀ ਅੰਨ੍ਹੇ ਕਤਲ ਕੇਸ ਨੂੰ ਹੱਲ ਕਰ ਲਿਆ।
ਉਨ੍ਹਾਂ ਦੱਸਿਆ ਕਿ ਬਜ਼ੁਰਗ ਔਰਤ ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨਿਵਾਸੀ ਪਿੰਡ ਬੂਸੋਵਾਲ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਜੋਕਿ ਹੁਣ ਕੁਝ ਸਾਲਾਂ ਤੋਂ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਵਿਖੇ ਘਰ ’ਚ ਰਹਿ ਰਹੀ ਸੀ। ਬੀਤੇ ਦਿਨੀਂ ਜਦੋਂ ਉਸ ਦੇ ਘਰੋਂ ਮਹਿਲਾ ਦੀ ਲਾਸ਼ ਮਿਲੀ, ਜਿਸ ਨੂੰ ਵੇਖ ਕੇ ਲੱਗਦਾ ਸੀ ਕਿ ਇਸ ਦਾ ਪੰਜ-ਛੇ ਦਿਨ ਪਹਿਲਾਂ ਕਤਲ ਹੋਇਆ ਹੈ। ਇਸ ਸਬੰਧ ਵਿਚ ਪੁਲਸ ਨੂੰ ਮਹਿਲਾ ਦੇ ਪਿੰਡ ਬੂਸੋਵਾਲ ’ਚ ਰਹਿੰਦੇ ਦੂਜੇ ਪੁੱਤਰ ਦਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ ਮੇਰੀ ਮਾਂ ਦਾ ਕਤਲ ਮੇਰੇ ਛੋਟੇ ਭਰਾ ਦਲਵੀਰ ਸਿੰਘ ਨੇ ਕੀਤਾ ਹੈ। ਡੀ. ਐੱਸ. ਪੀ. ਰਜੇਸ਼ ਕੱਕੜ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਦਲਵੀਰ ਸਿੰਘ ਬਿੱਲਾ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕੀਤੀ ਤਾਂ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਹੀ ਆਪਣੀ ਮਾਂ ਦਾ ਕਤਲ ਬਾਲਾ ਮਾਰ ਕੇ ਕੀਤਾ ਹੈ ਅਤੇ ਲਾਸ਼ ਪੌੜੀਆਂ ’ਚ ਪਈ ਸੜਦੀ ਰਹੀ।
ਇਹ ਵੀ ਪੜ੍ਹੋ: ਦੁਨੀਆ ਦੇ 30 ਤੋਂ ਵੱਧ ਦੇਸ਼ਾਂ ’ਚ ਲਾਗੂ ਹੈ ਅਗਨੀਪਥ ਵਰਗੀ ਯੋਜਨਾ
ਉਨ੍ਹਾਂ ਦੱਸਿਆ ਕਿ ਮੁਲਜ਼ਮ ਦਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਪੁਲਸ ਰਿਮਾਂਡ ਪ੍ਰਾਪਤ ਕਰਕੇ ਹੋਰ ਪੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਔਰਤ ਦੇ ਵੱਡੇ ਪੁੱਤਰ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਮੇਰਾ ਛੋਟਾ ਭਰਾ ਚਾਰ-ਪੰਜ ਸਾਲ ਪਹਿਲਾਂ ਇੰਗਲੈਂਡ ਤੋਂ ਡਿਪੋਟ ਹੋ ਕੇ ਵਾਪਸ ਆਪਣੇ ਘਰ ਆਪਣੀ ਮਾਂ ਨਾਲ ਬਾਬਾ ਜਵਾਲਾ ਸਿੰਘ ਨਗਰ ਵਿਖੇ ਆ ਕੇ ਰਹਿਣ ਲੱਗ ਪਿਆ ਸੀ ਅਤੇ ਕੋਈ ਕੰਮਕਾਰ ਵੀ ਨਹੀਂ ਕਰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮਾਂ ਨਸ਼ੇ ਲਈ ਪੈਸੇ ਨਹੀਂ ਸੀ ਦਿੰਦੀ ਤਾਂ ਉਸ ਦੀ ਕੁੱਟਮਾਰ ਕਰਦਾ ਸੀ । ਡੀ. ਐੱਸ. ਪੀ. ਰਜੇਸ਼ ਕੱਕੜ ਅਤੇ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਦਲਵੀਰ ਸਿੰਘ ਬਿੱਲਾ ਆਪਣੀ ਮਾਂ ਕੋਲੋ ਨਸ਼ੇ ਲਈ ਪੈਸੇ ਮੰਗਦਾ ਸੀ ਅਤੇ ਪੈਸੇ ਨਾ ਦੇਣ ਕਾਰਨ ਹੀ ਕਲਯੁਗੀ ਪੁੱਤਰ ਨੇ ਆਪਣੀ ਮਾਂ ਦੇ ਸਿਰ ’ਚ ਲੱਕੜੀ ਦਾ ਬਾਲਾ ਮਾਰ ਕੇ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਲੈ ਕੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੋਠੀ ਤੇ ਇਕ ਕਿੱਲਾ ਜ਼ਮੀਨ ਨਾਮ ਲਗਵਾਉਣ ਲਈ ਕਰਦਾ ਸੀ ਮਾਂ ਦੀ ਕੁੱਟਮਾਰ
ਡੀ. ਐੱਸ. ਪੀ. ਰਜੇਸ਼ ਕੱਕੜ ਨੇ ਹੋਰ ਦੱਸਿਆ ਕਿ ਮੁਲਜਮ ਬਿੱਲਾ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਜੇਕਰ ਉਸ ਦੇ ਨਾਂ ਕੋਠੀ ਨਹੀਂ ਲਗਵਾਉਂਣੀ ਤਾਂ ਉਸ ਦੇ ਨਾਂ ਇਕ ਕਿੱਲਾ ਜ਼ਮੀਨ ਦਾ ਕਰਵਾ ਦੇ, ਜਿਸ ਦੀ ਆਮਦਨ ਤੋਂ ਮੈਂ ਆਪਣਾ ਨਸ਼ੇ ਦੀ ਪੂਰਤੀ ਕਰ ਸਕਾਂ। ਉਸ ਦੀ ਮਾਤਾ ਦੇ ਨਾਂ ਉਤੇ ਕਰੀਬ 6 ਕਿੱਲੇ ਜ਼ਮੀਨ ਹੈ, ਜੋਵੀ ਪੈਸੇ ਠੇਕੇ ਦੇ ਉਸ ਦੀ ਮਾਤਾ ਲੈਂਦੀ ਸੀ, ਉਸ ਵਿੱਚੋਂ ਜ਼ਿਆਦਾਤਰ ਪੈਸੇ ਦਲਬੀਰ ਸਿੰਘ ਉਰਫ਼ ਬਿੱਲਾ ਕੁੱਟਮਾਰ ਕਰਕੇ ਉਸ ਪਾਸੋਂ ਖੋਹ ਲੈਂਦਾ ਸੀ। ਉਸ ਦੀ ਮਾਤਾ ਨੇ ਉਸ ਨੂੰ ਇਹ ਕਿਹਾ ਸੀ ਕਿ ਦਲਬੀਰ ਸਿੰਘ ਉਰਫ਼ ਬਿੱਲਾ ਉਸ ਨੂੰ ਪੈਸੇ ਦੀ ਖਾਤਰ ਜਾਨੋਂ ਮਾਰ ਸਕਦਾ ਹੈ, ਕਿਉਂਕਿ ਇਕ ਦਿਨ ਦਲਬੀਰ ਸਿੰਘ ਉਰਫ਼ ਬਿੱਲਾ ਨੇ ਉਸ ਦੀ ਮਾਤਾ ਨੂੰ ਕਿਹਾ ਵੀ ਸੀ ਕਿ ਜੇਕਰ ਉਸ ਨੇ ਕਹਿਣਾ ਨਾ ਮੰਨਿਆ ਤਾਂ ਉਸ ਨੂੰ ਜਾਨੋਂ ਮਾਰ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ
ਉਨ੍ਹਾਂ ਦੱਸਿਆ ਕਿ ਮਿਤੀ 16 ਜੂਨ 2022 ਨੂੰ ਜਦ ਉਸ ਦਾ ਵੱਡਾ ਪੁੱਤਰ ਆਪਣੀ ਮਾਤਾ ਨੂੰ ਮਿਲਣ ਲਈ ਬਾਬਾ ਜਵਾਲਾ ਸਿੰਘ ਨਗਰ, ਸੁਲਤਾਨਪੁਰ ਲੋਧੀ ਵਿਖੇ ਆਇਆ ਤਾਂ ਉਸ ਦੀ ਮਾਤਾ ਦੇ ਘਰ ਦਾ ਦਰਵਾਜਾ ਖੁੱਲ੍ਹਾ ਸੀ। ਜਦੋਂ ਉਹ ਉੱਪਰਲੀ ਮੰਜਲ ਨੂੰ ਜਾਣ ਲਈ ਪੌੜੀਆਂ ਦੇ 6-7 ਪੋੜੇ ਉਪਰ ਚੜ੍ਹਿਆ ਤਾਂ ਉਪਰੋਂ ਬਹੁਤ ਗੰਦਾ ਮੁਸ਼ਕ ਆ ਰਿਹਾ ਸੀ। ਜਦੋਂ ਉਸ ਨੇ ਉੱਪਰ ਜਾ ਕੇ ਵੇਖਿਆ ਤਾਂ ਉੱਪਰਲੀ ਮੰਜਲ ਦੀ ਲੋਬੀ ਵਿਚ ਖ਼ੂਨ ਡੁੱਲਿਆ ਹੋਇਆ ਸੀ ਅਤੇ ਸੱਜੇ ਪਾਸੇ ਵਾਲੇ ਕਮਰੇ ਵਿੱਚ ਮੇਰੀ ਮਾਤਾ ਦੀ ਲਾਸ਼ ਖ਼ੂਨ ਨਾਲ ਲਥਪਥ ਹੋਈ ਪਈ ਸੀ। ਜੋ ਉਸ ਨੂੰ ਪੂਰਾ ਯਕੀਨ ਹੈ ਕਿ ਮੇਰੇ ਛੋਟਾ ਭਰਾ ਦਲਬੀਰ ਸਿੰਘ ਉਰਫ ਬਿੱਲਾ ਨੇ ਹੀ ਉਸ ਦੀ ਮਾਤਾ ਕੁਲਵਿੰਦਰ ਕੌਰ ਦੇ ਸੱਟਾਂ ਮਾਰ ਕੇ ਉਸ ਦਾ ਪੈਸਿਆਂ ਦੀ ਖ਼ਤਰ ਕਤਲ ਕੀਤਾ ਹੈ, ਜਿਸ ਉਤੇ ਮੁਕੱਦਮਾ ਨੰਬਰ 123 ਮਿਤੀ 16-06-2022 ਅੱਧ 302 ਭ. ਦ ਥਾਣਾ ਸੁਲਤਾਨਪੁਰ ਲੌਧੀ ਦਰਜ ਰਜਿਸਟਰ ਕਰਕੇ ਤਫ਼ਤੀਸ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੌਧੀ ਵੱਲੋਂ ਅਮਲ ਵਿੱਚ ਲਿਆਦੀ ਗਈ, ਜੋ ਤਫ਼ਤੀਸ ਦੌਰਾਨ ਮਹਿਜ ਕੁਝ ਘੰਟਿਆਂ ਵਿੱਚ ਹੀ ਕਤਲ ਵਾਲੇ ਦੋਸ਼ੀ ਦਲਬੀਰ ਸਿੰਘ ਉਰਫ਼ ਬਿੱਲਾ ਪੁੱਤਰ ਜਸਵੰਤ ਸਿੰਘ ਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੀ ਗਈ ਲੱਕੜ ਦਾ ਬਾਲਾ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ: ਦੋਆਬਾ ਦੇ ਲੋਕਾਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਜਲੰਧਰ ’ਚ ਦਿੱਤੀ ਪਾਸਪੋਰਟ ਜਮ੍ਹਾ ਕਰਵਾਉਣ ਦੀ ਸਹੂਲਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ