Mother day : ‘ਇਕੱਲੀ ਮਾਂ ਦਾ ਸੰਘਰਸ਼ ਕਿਸੇ ਸੰਸਾਰ ਜੰਗ ਨਾਲੋਂ ਘੱਟ ਨਹੀਂ’
Sunday, May 10, 2020 - 12:21 PM (IST)
ਦਰਸ਼ਨਾਂ ਨੰਦਾ
ਦਰਸ਼ਨਾਂ ਦਾ ਪ੍ਰੇਮ ਵਿਆਹ 2002 ਵਿਚ ਹੋਇਆ ਸੀ। ਸਾਡੇ ਸਮਾਜ ਵਿਚ ਪ੍ਰੇਮ ਵਿਆਹ ਨੂੰ ਲੈ ਕੇ ਅੱਜ ਵੀ ਹਜ਼ਾਰਾਂ ਤਰ੍ਹਾਂ ਦੀ ਝਿਜਕ ਹੈ। 2004 ਵਿਚ ਉਨ੍ਹਾਂ ਨੂੰ ਪੁੱਤਰ ਦੀ ਦਾਤ ਮਿਲੀ। ਇਕ ਪਾਸੇ ਪੁੱਤਰ ਦੀ ਖੁਸ਼ੀ ਸੀ। ਮਾਂ ਹੋਣ ਦਾ ਅਹਿਸਾਸ ਮਿਲਿਆ ਸੀ। ਦੂਜੇ ਪਾਸੇ ਵਿਆਹ ਟੁੱਟਣ ਦੇ ਮੁਹਾਨੇ ਤੇ ਆ ਖੜ੍ਹਾ ਹੋਇਆ। 2008 ਤੋਂ ਲੈਕੇ 2016 ਤੱਕ ਦਰਸ਼ਨਾਂ ਆਪਣੇ ਪੁੱਤਰ ਨਾਲ ਵੱਖਰੀ ਰਹੀ। ਇਸ ਤੋਂ ਬਾਅਦ ਤਲਾਕ ਹੋਇਆ ਅਤੇ ਹੁਣ ਤੱਕ ਮਾਂ ਪੁੱਤ ਆਪਣੀ ਦੁਨੀਆਂ ਵਿਚ ਬਿਹਤਰ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।
12 ਸਾਲ ਦੀ ਸਿੰਗਲ ਮਦਰ ਦੀ ਇਸ ਜ਼ਿੰਦਗੀ ਨੂੰ ਦਰਸ਼ਨਾਂ ਆਪਣੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਅਹਿਸਾਸ ਮੰਨਦੀ ਹੈ, ਕਿਉਂਕਿ ਉਹ ਆਪਣੇ ਪੁੱਤਰ ਨਾਲ ਹੈ। ਉਨ੍ਹਾਂ ਮੁਤਾਬਕ ਸੁਲਤਾਨਪੁਰ ਲੋਧੀ ਜਿਹੇ ਨਿੱਕੇ ਸ਼ਹਿਰ ਵਿਚ ਜ਼ਿੰਦਗੀ ਨੂੰ ਚਲਾਉਣਾ ਕਾਫੀ ਸੰਘਰਸ਼ ਭਰਿਆ ਹੈ ਪਰ ਉਹ ਜ਼ਿੰਦਗੀ ਨੂੰ ਚਲਾਉਣਾ ਨਹੀਂ ਦੌੜਾਉਣਾ ਚਾਹੁੰਦੇ ਹਨ। ਇਸ ਦੌਰਾਨ ਬਹੁਤ ਸਾਰੇ ਸੱਜਣ ਬੰਦਿਆਂ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਪਰ ਅਖੀਰ ਇਹ ਸੰਘਰਸ਼ ਉਨ੍ਹਾਂ ਦਾ ਆਪਣਾ ਹੈ। ਦਰਸ਼ਨਾਂ ਮੁਤਾਬਕ 2009 ਤੋਂ ਉਨ੍ਹਾਂ ਨੇ 2500 ਵਿਚ ਨੌਕਰੀ ਸ਼ੁਰੂ ਕੀਤੀ। ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ਤੋਂ ਲੈ ਕੇ ਹਸਪਤਾਲਾਂ ਵਿਚ ਨੌਕਰੀ ਕਰਦਿਆਂ ਉਹ 10000 ਰੁਪਏ ਤੱਕ ਪਹੁੰਚੇ।
ਦਰਸ਼ਨਾਂ ਕਹਿੰਦੇ ਹਨ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਨੌਕਰੀ ਮਿਲੀ ਅਤੇ ਕਈ ਵਾਰ ਛੁੱਟੀ। ਅਮਰੀਕਾ ਅਤੇ ਇੰਗਲੈਂਡ ਬੈਠੇ ਕੁਝ ਦੋਸਤਾਂ ਨੇ ਸਮੇਂ ਸਮੇਂ ਸਿਰ ਮਦਦ ਕੀਤੀ। ਇੰਗਲੈਂਡ ਰਹਿੰਦੀ ਭੈਣ ਕੁਲਦੀਪ ਨੇ ਸਹਾਰਾ ਦਿੱਤਾ। ਮਾੜੇ ਸਮੇਂ ਵਿਚ ਸੰਗ ਤੁਰੇ ਰਿਸ਼ਤੇ ਕਦੀ ਭੁੱਲਦੇ ਨਹੀਂ। ਹੁਸ਼ਿਆਰਪੁਰ ਤੋਂ ਵੀਰ ਅਤੁਲ ਸੂਦ ਅਤੇ ਪ੍ਰਤਿਭਾ ਆਂਟੀ ਨੇ ਪੰਜ ਸਾਲ ਲਈ ਸੁਲਤਾਨਪੁਰ ਲੋਧੀ ਆਪਣਾ ਪੁਰਾਣਾ ਘਰ ਬਿਨਾਂ ਕਿਰਾਏ ਤੋਂ ਉਨ੍ਹਾਂ ਨੂੰ ਦਿੱਤਾ। ਅਕਾਲ ਅਕੈਡਮੀ ਸੁਲਤਾਨਪੁਰ ਲੋਧੀ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਮੇਰੇ ਹਾਲਾਤ ਸਮਝਦਿਆਂ ਮੇਰੇ ਬੱਚੇ ਦੀ ਫੀਸ ਅੱਧੀ ਮੁਆਫ਼ ਕੀਤੀ।
ਇਸ ਦੇ ਬਾਵਜੂਦ ਉਨ੍ਹਾਂ ਦੀਆਂ ਚੁਣੌਤੀਆਂ ਕਈ ਤਰ੍ਹਾਂ ਦੀਆਂ ਸਨ। ਇਕ ਚੁਣੌਤੀ ਸੀ ਕਿ ਆਪਣੇ ਪੁੱਤਰ ਨਾਲ ਇਕੱਲਿਆਂ ਰਹਿੰਦਿਆਂ ਉਹ ਆਤਮ ਨਿਰਭਰ ਬਣਨਗੇ ਅਤੇ ਜ਼ਿੰਦਗੀ ’ਚ ਦੂਜਾ ਵਿਆਹ ਨਹੀਂ ਕਰਾਂਗੀ। ਦੂਜੀ ਚੁਣੌਤੀ ਸੀ ਆਪਣੇ ਪੁੱਤਰ ਨੂੰ ਬਿਹਤਰ ਸਕੂਲ ਵਿਚ ਪੜ੍ਹਾਉਣਾ ਅਤੇ ਉਹਨੂੰ ਉਹ ਸਭ ਕੁਝ ਦੇਣਾ ਜਿਸ ਦੇ ਉਹ ਕਾਬਲ ਹੈ।
ਸਾਡਾ ਮਾਂ ਪੁੱਤਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਤੰਦ ਦਾ ਹੈ। ਮੈਂ ਆਪਣੇ ਪੁੱਤਰ ਨੂੰ ਕਦੀ ਮਹਿੰਗੇ ਖਿਡਾਉਣੇ ਲੈ ਕੇ ਨਹੀਂ ਦੇ ਸਕੀ ਪਰ ਉਹ ਵੀ ਇਸ ਨੂੰ ਸਮਝਦਾ ਸੀ। ਇਸ ਦੌਰਾਨ ਆਲੇ ਦੁਆਲੇ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜੋ ਇਕੱਲੀ ਸੁਆਣੀ ਲਈ ਕੁਝ ਲੋਕ ਕਰਦੇ ਹਨ। ਅਸੀਂ ਇਨ੍ਹਾਂ ਗੱਲਾਂ ਨੂੰ ਲੈ ਕੇ ਕਦੀ ਪ੍ਰੇਸ਼ਾਨ ਨਹੀਂ ਹੋਏ। ਅਸੀਂ ਸਾਡੇ ਖਿਲਾਫ ਇੱਕ ਦੂਜੇ ਲਈ ਸੁਣੀਆਂ ਹਰ ਕੌੜੀਆਂ ਗੱਲਾਂ ਨੂੰ ਆਪਸ ਵਿੱਚ ਸਾਂਝਾ ਹੀ ਨਹੀਂ ਕੀਤਾ ਕਿਉਂਕਿ ਇਹ ਸਾਡਾ ਮੁੱਦਾ ਹੀ ਨਹੀਂ ਸੀ।
ਦਰਸ਼ਨਾਂ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਸਭ ਕੁਝ ਸੋਚਦਿਆਂ ਅਖੀਰ ਇਹੋ ਮਹਿਸੂਸ ਹੁੰਦਾ ਹੈ ਕਿ ਅਸੀਂ ਮਾਂ ਪੁੱਤ ਆਪਣੀ ਦੁਨੀਆਂ ਵਿਚ ਖ਼ੁਸ਼ ਹਾਂ। ਇਹ ਠੀਕ ਹੈ ਕਿ ਸਮਾਜ ਵਿੱਚ ਰਹਿੰਦਿਆਂ ਆਰਥਿਕ ਅਤੇ ਮਾਨਸਿਕ ਤੌਰ ’ਤੇ ਅਸੀਂ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਵਿੱਚੋਂ ਗੁਜ਼ਰਦੇ ਹਾਂ ਪਰ ਇਹੋ ਜ਼ਿੰਦਗੀ ਹੈ ਅਤੇ ਆਪੋ ਆਪਣੀ ਤਰ੍ਹਾਂ ਦੇ ਅਜਿਹੇ ਸੰਘਰਸ਼ ਹਰ ਮਾਂ ਦੇ ਹੁੰਦੇ ਹਨ। ਦਰਸ਼ਨਾਂ ਕੋਈ ਮਸ਼ਹੂਰ ਸ਼ਖਸੀਅਤ ਨਹੀਂ ਹੈ ਪਰ ਉਹ ਆਮ ਲੋਕਾਂ ਵਿੱਚੋਂ ਬਿਹਤਰ ਮਾਂ ਜ਼ਰੂਰ ਹੈ। ਸਾਡਾ ਵਿਸ਼ਵਾਸ ਹੈ ਕਿ ਹਰ ਆਮ ਜ਼ਿੰਦਗੀ ਵਿੱਚ ਵੀ ਖਾਸ ਸ਼ਖਸੀਅਤਾਂ ਹੁੰਦੀਆਂ ਹਨ। ਇਹ ਆਮ ਖਾਸ ਤੋਂ ਪਾਰ ਸੱਚੇ ਸੁੱਚੇ ਅਹਿਸਾਸ ਦੀ ਕਹਾਣੀ ਹੈ।