ਦੋ ਬੱਚਿਆਂ ਦੀ ਮਾਂ ਨਾਲ ਜ਼ਬਰ-ਜ਼ਿਨਾਹ, ਕੁੱਟਮਾਰ ਕਾਰਣ ਹੋਇਆ ਗਰਭਪਾਤ

Wednesday, Feb 16, 2022 - 05:25 PM (IST)

ਦੋ ਬੱਚਿਆਂ ਦੀ ਮਾਂ ਨਾਲ ਜ਼ਬਰ-ਜ਼ਿਨਾਹ, ਕੁੱਟਮਾਰ ਕਾਰਣ ਹੋਇਆ ਗਰਭਪਾਤ

ਨਵਾਂਸ਼ਹਿਰ (ਤ੍ਰਿਪਾਠੀ) : 2 ਬੱਚਿਆਂ ਦੀ ਮਾਂ ਨਾਲ ਦੁਸ਼ਕਰਮ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਮੁੱਖ ਦੋਸ਼ੀ ਨੌਜਵਾਨ ਅਤੇ 2 ਜਨਾਨੀਆਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸਦੀ ਉਮਰ 22 ਸਾਲ ਹੈ ਅਤੇ ਉਹ ਅਨਪੜ੍ਹ ਹੈ। ਉਸਦਾ ਵਿਆਹ ਹੋ ਚੁੱਕਾ ਹੈ ਅਤੇ 2 ਬੱਚੇ ਹਨ। ਉਸਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਹ ਥਾਣਾ ਸਿਟੀ ਦੇ ਅਧੀਨ ਪੈਂਦੇ ਆਪਣੇ ਪੇਕੇ ਘਰ ਵਿਚ ਆਈ ਹੋਈ ਸੀ ਕਿ ਉਸਦੇ ਗੁਆਂਢ ਵਿਚ ਰਹਿਣ ਵਾਲੇ ਇਕ ਨੌਜਵਾਨ ਕਰਨ ਨੇ ਉਸਨੂੰ ਘਰ ਵਿਚ ਇਕੱਲੇ ਦੇਖ ਕੇ ਉਸ ਨਾਲ ਹੱਥੋਪਾਈ ਕੀਤੀ ਅਤੇ ਜ਼ਬਰਨ ਦੁਸ਼ਕਰਮ ਕੀਤਾ। ਉਸਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਸਦਾ ਪਤੀ ਅਤੇ ਮਾਤਾ ਘਰ ਆਏ ਤਾਂ ਉਸਨੇ ਉਕਤ ਸਾਰੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਜਿਨ੍ਹਾਂ ਆਪਣੇ ਇੱਜ਼ਤ ਦੇ ਬਚਾਅ ਲਈ ਚੁੱਪ ਰਹਿਣਾ ਉਚਿਤ ਸਮਝਿਆ ਅਤੇ ਇਸ ਸਬੰਧੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। 

ਉਸਨੇ ਦੱਸਿਆ ਕਿ ਬੀਤੀ 12 ਫਰਵਰੀ ਨੂੰ ਜਦੋਂ ਉਹ ਘਰ ਵਿਚ ਮੌਜੂਦ ਸਨ ਤਾਂ ਉਕਤ ਕਰਨ ਆਪਣੀ ਬਾਈਕ ’ਤੇ ਸਵਾਰ ਹੋ ਕੇ ਆਇਆ ਅਤੇ ਉਨ੍ਹਾਂ ਦੇ ਘਰ ਵੱਲ ਝਾਕਣ ਲੱਗਾ। ਉਸਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਲਈ ਜਦੋਂ ਉਸਦੀ ਮਾਤਾ ਉਕਤ ਕਰਨ ਦੀ ਮਾਂ ਕੋਲ ਗਈ ਤਾਂ ਉਨ੍ਹਾਂ ਉਸਦੀ ਭੈਣ, ਮਾਤਾ ਅਤੇ ਉਸਦੇ ਸਮੇਤ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕੀਤੀ। ਉਸਨੇ ਦੱਸਿਆ ਕਿ ਉਹ ਉਸ ਸਮੇਂ 2 ਮਹੀਨੇ ਤੋਂ ਗਰਭਵਤੀ ਸੀ ਅਤੇ ਇਸ ਦੌਰਾਨ ਹੋਈ ਕੁੱਟਮਾਰ ਵਿਚ ਉਸਦਾ ਗਰਭਪਾਤ ਵੀ ਹੋ ਗਿਆ। ਉਸਨੇ ਦੱਸਿਆ ਕਿ ਉਸਨੂੰ ਹਸਪਤਾਲ ’ਚ ਭਰਤੀ ਹੋ ਕੇ ਆਪਣਾ ਇਲਾਜ ਕਰਵਾਉਣਾ ਪਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਦੋਸ਼ੀਆਂ ਖ਼ਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਕਰਨ ਅਤੇ 2 ਜਨਾਨੀਆਂ ਸਮੇਤ 4 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Gurminder Singh

Content Editor

Related News