ਸਾਬਕਾ ਸਰਕਾਰ ਦੇ ਕਾਰਜਕਾਲ ''ਚ ਸਭ ਤੋਂ ਵੱਧ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ
Friday, Nov 24, 2017 - 08:50 PM (IST)

ਜਲੰਧਰ (ਧਵਨ)— ਪੰਜਾਬ 'ਚ ਸਾਬਕਾ ਗਠਜੋੜ ਸਰਕਾਰ ਦੇ ਕਾਰਜਕਾਲ 'ਚ ਸਭ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਇਸ ਦਾ ਖੁਲਾਸਾ ਆਰ. ਟੀ. ਆਈ. ਐਕਟੀਵਿਸਟ ਡਾਲ ਚੰਦ ਪਵਾਰ ਵਲੋਂ ਜਨਸੂਚਨਾ ਅਧਿਕਾਰ ਐਕਟ ਅਧੀਨ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੋਂ ਮੰਗੀ ਗਈ ਜਾਣਕਾਰੀ 'ਚ ਕੀਤਾ ਗਿਆ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਸੂਚਨਾ 'ਚ ਦੱਸਿਆ ਗਿਆ ਹੈ ਕਿ ਖੇਤੀ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਕਿਸਾਨ ਤੇ ਕਿਸਾਨਾਂ ਨਾਲ ਜੁੜੇ ਕਾਮਿਆਂ ਦੀਆਂ ਖੁਦਕੁਸ਼ੀਆਂ ਸੰਬੰਧੀ 2000 ਤੋਂ ਲੈ ਕੇ 2010 ਤਕ ਦਾ ਸਰਵੇਅ ਕੀਤਾ ਗਿਆ ਸੀ। 2017 'ਚ ਖੇਤੀ ਯੂਨੀਵਰਸਿਟੀ ਨੇ ਕੋਈ ਸਰਵੇਅ ਨਹੀਂ ਕੀਤਾ। ਯੂਨੀਵਰਸਿਟੀ ਨੇ ਦੱਸਿਆ ਕਿ 2011 ਦੇ ਸਰਵੇਅ ਅਨੁਸਾਰ 6128 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਇਸ ਤਰ੍ਹਾਂ ਇਸ ਵਿਚ 57.23 ਫੀਸਦੀ ਕਿਸਾਨ ਸ਼ਾਮਲ ਸਨ। ਜਦਕਿ 42.77 ਫੀਸਦੀ ਖੇਤ ਮਜ਼ਦੂਰ ਸ਼ਾਮਲ ਸਨ।
ਖੇਤੀ ਯੂਨੀਵਰਸਿਟੀ ਦੇ ਸਰਵੇਅ 'ਚ ਇਹ ਗੱਲ ਸਾਹਮਣੇ ਆਈ ਹੈ ਕਿ 72 ਫੀਸਦੀ ਕਿਸਾਨਾਂ ਅਤੇ 59 ਫੀਸਦੀ ਮਜ਼ਦੂਰਾਂ ਨੇ ਖੁਦਕੁਸ਼ੀਆਂ ਮੁੱਖ ਤੌਰ 'ਤੇ ਉਨ੍ਹਾਂ ਉਪਰ ਚੜ੍ਹੇ ਖੇਤੀ ਕਰਜ਼ਿਆਂ ਨੂੰ ਲੈ ਕੇ ਕੀਤੀਆਂ। 26 ਫੀਸਦੀ ਕਿਸਾਨ ਤੇ 48 ਫੀਸਦੀ ਮਜ਼ਦੂਰਾਂ ਨੇ ਖੁਦਕੁਸ਼ੀਆਂ ਹੋਰਨਾਂ ਕਾਰਨਾਂ ਕਰਕੇ ਵੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਕੈ. ਅਮਰਿੰਦਰ ਸਿੰਘ ਦੀ ਲਕੀਡਰਸ਼ਿਪ ਵਾਲੀ ਕਾਂਗਰਸ ਸਰਕਾਰ ਨੇ 2 ਲੱਖ ਰੁਪਏ ਤਕ ਦਾ ਖੇਤੀ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਇਸ ਸੰਬੰਧੀ ਮੁੱਖ ਮੰਤਰੀ ਨੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 202 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਹਨ। ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਸ਼ੁਰੂ ਤੋਂ ਹੀ ਪ੍ਰਭਾਵਿਤ ਹੁੰਦੀ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ 'ਚ ਵੀ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਲਗਾਤਾਰ ਸਿਆਸੀ ਵਿਵਾਦ ਚੱਲਦਾ ਆ ਰਿਹਾ ਹੈ।