ਪਤੀਆਂ ਦੇ ਮੌਤ ਦਰ ਸਰਟੀਫਿਕੇਟ ਮੰਗਣ ''ਤੇ ਪੈਨਸ਼ਨ ਲੈਣ ਵਾਲੀ ਸੁਹਾਗਣਾਂ ਦੀ ਖੁੱਲ੍ਹੀ ਪੋਲ

Sunday, Jul 30, 2017 - 01:35 PM (IST)

ਪਤੀਆਂ ਦੇ ਮੌਤ ਦਰ ਸਰਟੀਫਿਕੇਟ ਮੰਗਣ ''ਤੇ ਪੈਨਸ਼ਨ ਲੈਣ ਵਾਲੀ ਸੁਹਾਗਣਾਂ ਦੀ ਖੁੱਲ੍ਹੀ ਪੋਲ


ਗੁਰਦਾਸਪੁਰ(ਵਿਨੋਦ) - ਜ਼ਿਲਾ ਗੁਰਦਾਸਪੁਰ 'ਚ ਬੁਢਾਪਾ, ਵਿਧਵਾ ਪੈਨਸ਼ਨ, ਆਸ਼ਰਿਤ ਪੈਨਸ਼ਨ ਸਮੇਤ ਹੋਰ ਸਰਕਾਰੀ ਪੈਨਸ਼ਨ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਜਾਂਚ ਚਲ ਰਹੀ ਹੈ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਇਸ ਕੰਮ ਦੀ ਦੇਖਰੇਖ ਕਰ ਰਿਹਾ ਹੈ ਪਰ ਇਸ ਜਾਂਚ 'ਚ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਸ ਅਨੁਸਾਰ ਕੁਝ ਪਿੰਡਾਂ 'ਚ ਸੁਹਾਗਣਾਂ ਵਿਧਵਾ ਬਣ ਕੇ ਪੈਨਸ਼ਨ ਪ੍ਰਾਪਤ ਕਰ ਰਹੀਆਂ ਹਨ। ਜਦਕਿ ਘੱਟ ਉਮਰ ਦੇ ਲੋਕ ਵੀ ਬੁੱਢੇ ਬਣ ਕੇ ਪੈਨਸ਼ਨ ਪ੍ਰਾਪਤ ਕਰ ਰਹੇ ਹਨ। 
ਸਰਕਾਰ ਵਲੋਂ ਜੋ ਇਸ ਪੈਨਸ਼ਨ ਜਾਂਚ ਦੇ ਲਈ ਫਾਰਮ ਤਿਆਰ ਕੀਤਾ ਗਿਆ ਹੈ ਉਸ ਨਾਲ ਹੁਣ ਗਲਤ ਢੰਗ ਨਾਲ ਪੈਨਸ਼ਨ ਲੈਣਾ ਮੁਸ਼ਕਲ ਜ਼ਰੂਰ ਹੋ ਜਾਵੇਗਾ ਪਰ ਜੋ ਲੋਕ ਲੰਮਾਂ ਸਮਾਂ ਗਲਤ ਤਰੀਕੇ ਨਾਲ ਪੈਨਸ਼ਨ ਪ੍ਰਾਪਤ ਕਰਦੇ ਰਹੇ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਇਹ ਪੈਨਸ਼ਨ ਮਨਜ਼ੂਰ ਕੀਤੀ ਸੀ, ਉਨ੍ਹਾਂ ਦੇ ਵਿਰੁੱਧ ਕੀ ਕਾਰਵਾਈ ਹੋਵੇਗੀ ਇਸ ਸੰਬੰਧੀ ਵਿਭਾਗ ਅਜੇ ਚੁੱਪ ਹੈ। 

ਪਹਿਲਾਂ ਕਿਉਂ ਨਹੀਂ ਫੜੇ ਗਏ ਅਧਿਕਾਰੀਆਂ ਦੀ ਜਾਂਚ 'ਚ
ਗਲਤ ਢੰਗ ਨਾਲ ਪੈਨਸਨ ਰਾਸ਼ੀ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੇ ਫਾਰਮ ਆਦਿ ਵਿਧੀਵਤ ਸਰਕਾਰੀ ਅਧਿਕਾਰੀਆਂ ਵੱਲੋਂ ਟੈਸਟ ਕੀਤੇ ਗਏ ਹਨ ਅਤੇ ਪਿੰਡਾਂ ਵਿਚ ਸਰਪੰਚਾਂ ਨੇ ਵੀ ਇਨ੍ਹਾਂ ਫਾਰਮਾਂ 'ਤੇ ਸਹੀ ਹੈ ਦੀ ਪੁਸ਼ਟੀ ਕੀਤੀ ਹੋਈ ਹੈ ਪਰ ਰਾਜਨੀਤਿਕ ਦਖ਼ਲ ਦੇ ਚਲਦੇ ਇਹ ਗਲਤ ਢੰਗ ਨਾਲ ਪੈਨਸ਼ਨ ਰਾਸ਼ੀ ਪ੍ਰਾਪਤ ਕੀਤੀ ਜਾ ਰਹੀ ਹੈ। ਪਿੰਡ ਪਨਿਆੜ ਵਿਚ ਸੁਹਾਗਣ ਔਰਤਾਂ ਵੱਲੋਂ ਵਿਧਵਾ ਪੈਨਸ਼ਨ ਲਏ ਜਾਣ ਦਾ ਮਾਮਲਾ ਤਾਂ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦਕਿ ਪੇਂਡੂ ਖੇਤਰਾਂ 'ਚ ਘੱਟ ਉਮਰ ਦੇ ਲੋਕ ਬੁਢਾਪਾ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਪਨਿਆੜ ਵਿਚ ਸੁਹਾਗਣਾਂ ਵੱਲੋਂ ਵਿਧਵਾਂ ਪੈਨਸ਼ਨ ਲਏ ਜਾਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦ ਜਾਂਚ ਕਰ ਰਹੇ ਕਰਮਚਾਰੀਆਂ ਨੇ ਇਨ੍ਹਾਂ ਔਰਤਾਂ ਦੇ ਪਤੀਆਂ ਦੇ ਮੌਤ ਦੇ ਸਰਟੀਫਿਕੇਟਾਂ ਦੀ ਮੰਗ ਕੀਤੀ। ਉਦੋਂ ਪਤਾ ਲੱਗਾ ਕਿ ਕੁਝ ਔਰਤਾਂ ਜੋ ਵਿਧਵਾਂ ਪੈਨਸ਼ਨ ਲੰਮੇ ਸਮੇ ਤੋਂ ਪ੍ਰਾਪਤ ਕਰ ਰਹੀਆਂ ਹਨ ਉਨ੍ਹਾਂ ਦੇ ਪਤੀ ਤਾਂ ਜਿਉਂਦੇ ਹਨ।

1-2 ਫੀਸਦੀ ਹਨ ਗਲਤ ਪੈਨਸ਼ਨ ਦੇ ਮਾਮਲੇ : ਰਜਿੰਦਰ ਸਿੰਘ
ਇਸ ਸੰਬੰਧੀ ਜਦ ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ 'ਚ ਪੈਨਸ਼ਨ ਸੰਬੰਧੀ ਚਲ ਰਹੀ ਜਾਂਚ ਦਾ ਕੰਮ ਲਗਭਗ 75 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਜਲਦੀ ਹੀ ਬਾਕੀ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਠੀਕ ਹੈ ਕਿ ਲਗਭਗ ਕੁਲ ਲਾਭਪਾਤਰਾਂ ਵਿਚੋਂ 1 ਤੋਂ 2 ਫੀਸਦੀ ਪੈਨਸ਼ਨ ਗਲਤ ਢੰਗ ਨਾਲ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਲੋਕਾਂ ਦੀ ਪੈਨਸ਼ਨ ਕੱਟੀ ਜਾ ਰਹੀ ਹੈ। ਪਨਿਆੜ ਦੇ ਮਾਮਲੇ ਵਿਚ ਅਜੇ ਮੇਰੇ ਕੋਲ ਰਿਪੋਰਟ ਨਹੀਂ ਆਈ ਹੈ। ਰਿਪੋਰਟ ਆਉਣ 'ਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ 'ਤੇ ਵਿਚਾਰ ਹੋਵੇਗਾ। ਹੁਣ ਕਿਸੇ ਵੀ ਗਲਤ ਵਿਅਕਤੀ ਨੂੰ ਇਹ ਪੈਨਸ਼ਨ ਲਾਭ ਨਹੀਂ ਮਿਲੇਗਾ।


Related News