''ਮੌੜ ਬੰਬ ਕਾਂਡ'' ''ਚ ਸੰਘਰਸ਼ ਕਮੇਟੀ ਨੂੰ ਰਾਜਨੀਤਕ ਸਾਜ਼ਿਸ਼ ਦਾ ਸ਼ੱਕ

02/02/2018 3:11:51 AM

ਮੌੜ ਮੰਡੀ(ਪ੍ਰਵੀਨ/ਵਨੀਤ)- ਬੀਤੇ ਸਾਲ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਨੁੱਕੜ ਮੀਟਿੰਗ 'ਚ 31 ਜਨਵਰੀ ਨੂੰ ਮਾਰੇ ਗਏੇ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਬੰਬ ਘਟਨਾ ਸਥਾਨ ਤੇ 'ਮੌੜ ਬੰਬ ਕਾਂਡ ਸੰਘਰਸ਼ ਕਮੇਟੀ' ਵੱਲੋਂ ਪੀੜਤ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਸ. ਜਗਦੇਵ ਸਿੰਘ ਕਮਾਲੂ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸੰਗਤਾਂ ਨੂੰ  ਸੰਬੋਧਨ ਕਰਦਿਆਂ 'ਆਪ' ਵਿਧਾਇਕ ਜਗਦੇਵ ਸਿੰਘ ਕਮਾਲੂ, ਬੰਬ ਕਾਂਡ ਸੰਘਰਸ਼ ਕਮੇਟੀ ਦੇ ਜਗਦੀਸ਼ ਰਾਏ ਸ਼ਰਮਾ, ਦੇਵ ਰਾਜ ਜੇ. ਈ., ਗੁਰਮੇਲ ਸਿੰਘ ਮੇਲਾ ਤੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੁਰਜੀਤ ਸਿੰਘ ਸੰਦੋਹਾ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਝੂਠੇ ਵਾਅਦੇ ਕਰਨ ਦਾ ਆਦੀ ਹੋ ਚੁੱਕਾ ਹੈ। ਮ੍ਰਿਤਕਾਂ ਦੇ ਵਾਰਿਸਾਂ ਨੂੰ ਪੰਜ ਲੱਖ ਰੁਪਏ ਦੇ ਕੇ ਮ੍ਰਿਤਕਾਂ ਦੀਆਂ ਜਾਨਾਂ ਦੀਆਂ ਅਸਲੀ ਕੀਮਤਾਂ ਭੁੱਲ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ 'ਬੰਬ ਕਾਂਡ' ਸਿਆਸਤਦਾਨਾਂ ਦੀ ਇਕ ਸੋਚੀ-ਸਮਝੀ ਚਾਲ ਸੀ। ਇਸ ਮਾਮਲੇ ਨੂੰ ਜਾਣ-ਬੁੱਝ ਕੇ ਠੰਡੇ ਬਸਤੇ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜੇਕਰ ਸਰਕਾਰ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਵੇ ਤਾਂ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਗਿਲਾ ਪ੍ਰਗਟ ਕੀਤਾ ਕਿ ਜੇਕਰ ਇਹ  ਸ਼ਰਧਾਂਜਲੀ ਸਮਾਗਮ ਚੋਣਾਂ ਦੇ ਨੇੜੇ ਹੁੰਦਾ ਤਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਸ਼ਮੂਲੀਅਤ ਕਰਨੀ ਸੀ ਪ੍ਰੰਤੂ ਅੱਜ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਲਈ ਕੋਈ ਵੀ ਨਹੀਂ ਆਇਆ। ਸ਼ਰਧਾਂਜਲੀ ਸਮਾਰੋਹ ਮੌਕੇ ਸਥਿਤੀ ਗਮਗੀਨ ਬਣੀ ਹੋਈ ਸੀ। ਮ੍ਰਿਤਕ ਬੱਚਿਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰ ਭੁੱਬਾਂ ਮਾਰ ਕੇ ਰੋ ਰਹੇ ਸਨ। ਸਰਕਾਰ ਖਿਲਾਫ਼ ਭਾਰੀ ਰੋਸ ਪ੍ਰਗਟ ਕਰ ਰਹੇ ਸਨ। ਪਰਿਵਾਰਾਂ ਅਤੇ ਬੰਬ ਕਮੇਟੀ ਨੇ ਸਿਆਸੀ ਲੋਕਾਂ ਖਿਲਾਫ਼ ਰੋਹ ਦਿਖਾਉਂਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਜਦ ਸਿਆਸੀ ਆਗੂ ਵੋਟਾਂ ਮੰਗਣ ਆਉਣਗੇ ਤਾਂ ਉਨ੍ਹਾਂ ਤੋਂ ਪੁੱਛਿਆ ਜਾਵੇਗਾ ਕਿ ਇਸ ਤੋਂ ਪਹਿਲਾਂ ਤੁਸੀਂ 'ਮੌੜ ਬੰਬ ਕਾਂਡ' ਦੇ ਪੀੜਤ ਪਰਿਵਾਰਾਂ ਲਈ ਕੀ ਕੀਤਾ ਹੈ? ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ 'ਮੌੜ ਬੰਬ ਕਾਂਡ ਸੰਘਰਸ਼ ਕਮੇਟੀ' ਦਾ ਸੰਘਰਸ਼ ਜਾਰੀ ਰਹੇਗਾ। ਇਸ ਲਈ ਮਾਣਯੋਗ ਹਾਈ ਕੋਰਟ ਦਾ ਸਹਾਰਾ ਵੀ ਲਿਆ ਜਾਵੇਗਾ। ਇਸ ਮੌਕੇ ਅਜੀਤ ਇੰਦਰ ਸਿੰਘ, ਸੁਸ਼ੀਲ ਕੁਮਾਰ, ਰਾਜੇਸ਼ ਜੈਨ, ਸੰਜੀਵ ਕੁਮਾਰ ਸੰਜੂ ਜਸ਼ਨ ਕੁਮਾਰ, ਨਵਦੀਪ ਸਟਾਰ, ਮੁਕੇਸ਼ ਕੁਮਾਰ ਹੈਪੀ, ਕਿਸਾਨ ਯੂਨੀਅਨ ਦੇ ਬਿੰਦਰ ਸਿੰਘ ਮੌੜ ਕਲਾਂ, ਮਹਿੰਦਰ ਸਿੰਘ ਮੌੜ ਖੁਰਦ, ਕਰਨੈਲ ਸਿੰਘ ਮੌੜ ਖੁਰਦ, ਮਿੱਠੂ ਰਾਮ ਕੁੱਬੇ ਤੇ ਇਕਬਾਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।


Related News