ਪਿਆਕੜਾਂ ਲਈ ਬੁਰੀ ਖ਼ਬਰ: ਅੱਜ ਬੰਦ ਹੋ ਜਾਣਗੇ ਜਲੰਧਰ ਜ਼ਿਲ੍ਹੇ ਦੇ 75 ਫ਼ੀਸਦੀ ਤੋਂ ਜ਼ਿਆਦਾ ਠੇਕੇ

06/30/2022 1:03:37 PM

ਜਲੰਧਰ (ਪੁਨੀਤ)– ਨਵੀਂ ਐਕਸਾਈਜ਼ ਪਾਲਿਸੀ ਪ੍ਰਤੀ ਜ਼ਿਲ੍ਹੇ ਦੇ ਠੇਕੇਦਾਰਾਂ ਵੱਲੋਂ ਪੂਲ ਕੀਤੇ ਜਾਣ ਕਾਰਨ ਜ਼ਿਆਦਾਤਰ ਗਰੁੱਪਾਂ ਲਈ ਟੈਂਡਰ ਨਹੀਂ ਹੋ ਪਾ ਰਹੇ। ਮਹਿਕਮੇ ਵੱਲੋਂ ਟੈਂਡਰ ਭਰਨ ਲਈ ਮਿਤੀ ਵਧਾਈ ਗਈ ਸੀ, ਜਿਸ ਤਹਿਤ 30 ਜੂਨ ਦੁਪਹਿਰ 3 ਵਜੇ ਤੱਕ ਟੈਂਡਰ ਭਰਨ ਦਾ ਆਖਰੀ ਮੌਕਾ ਹੋਵੇਗਾ। ਜਿਨ੍ਹਾਂ ਠੇਕੇਦਾਰਾਂ ਵੱਲੋਂ ਗਰੁੱਪ ਲੈਣ ਲਈ ਟੈਂਡਰ ਨਹੀਂ ਭਰੇ ਗਏ, ਉਹ ਹੁਣ ਆਪਣਾ ਸਟਾਕ ਕਲੀਅਰ ਕਰਨ ਵਿਚ ਜੁਟ ਗਏ ਹਨ। ਸ਼ਹਿਰ ਅਤੇ ਦਿਹਾਤੀ ਦੇ ਜ਼ਿਆਦਾਤਰ ਠੇਕਿਆਂ ’ਚ ਬੁੱਧਵਾਰ ਸਵੇਰੇ ਸ਼ਰਾਬ ਦੇ ਰੇਟਾਂ ਵਿਚ 60-70 ਫ਼ੀਸਦੀ ਦੀ ਵੱਡੀ ਗਿਰਾਵਟ ਵੇਖਣ ਨੂੰ ਮਿਲੀ, ਜਿਸ ਕਾਰਨ ਸ਼ਰਾਬ ਖ਼ਰੀਦਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਠੇਕਿਆਂ ’ਤੇ ਵੇਖਣ ਨੂੰ ਮਿਲੀਆਂ। ਐਵਰੇਜ ਦੇ ਹਿਸਾਬ ਨਾਲ ਜੋ ਸ਼ਰਾਬ ਦੀ ਬੋਤਲ 700 ਰੁਪਏ ਦੀ ਵਿਕ ਰਹੀ ਸੀ, ਉਸ ਦਾ ਰੇਟ 350 ਦੇ ਆਸ-ਪਾਸ ਆ ਚੁੱਕਾ ਹੈ। 3 ਸਾਲ ਬਾਅਦ ਅਜਿਹਾ ਮੰਜ਼ਰ ਵੇਖਣ ਨੂੰ ਮਿਲਿਆ ਹੈ ਕਿ ਸ਼ਰਾਬ ਦੇ ਠੇਕੇ ਟੁੱਟ ਗਏ ਹਨ ਅਤੇ ਸ਼ਰਾਬ ਦੇ ਸ਼ੌਕੀਨਾਂ ਦੀ ਮੌਜ ਲੱਗ ਗਈ ਹੈ। ਜਿੱਥੇ ਇਕ ਪਾਸੇ ਰੁਟੀਨ ਵਿਚ ਵਿਕਣ ਵਾਲੀ ਸ਼ਰਾਬ ਦੇ ਰੇਟਾਂ ਵਿਚ ਗਿਰਾਵਟ ਦਰਜ ਹੋਈ ਹੈ, ਉਥੇ ਹੀ ਮਹਿੰਗੇ ਬ੍ਰਾਂਡ ਦੀਆਂ ਕੀਮਤਾਂ ਵੀ ਬੇਹੱਦ ਘੱਟ ਕੀਤੀਆਂ ਗਈਆਂ ਹਨ। ਠੇਕਿਆਂ ’ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਖ਼ਪਤਕਾਰ ਆਪਣੀ ਜੇਬ ਦੇ ਹਿਸਾਬ ਨਾਲ ਸ਼ਰਾਬ ਦਾ ਸਟਾਕ ਕਰਨ ਵਿਚ ਜੁਟ ਗਏ ਹਨ ਕਿਉਂਕਿ ਠੇਕੇ ਟੁੱਟਣ ਕਾਰਨ ਜਿਸ ਰੇਟ ’ਤੇ ਸ਼ਰਾਬ ਮਿਲ ਰਹੀ ਹੈ, ਨਵੀਂ ਪਾਲਿਸੀ ਮੁਤਾਬਕ ਨਿਰਧਾਰਿਤ ਕੀਤੇ ਜਾਣ ਵਾਲੇ ਰੇਟਾਂ ’ਚ ਇੰਨੀ ਗਿਰਾਵਟ ਵੇਖਣ ਨੂੰ ਨਹੀਂ ਮਿਲੇਗੀ।

ਇਹ ਵੀ ਪੜ੍ਹੋ: ਜੇਲ੍ਹਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਪਰਾਲੇ ਸ਼ੁਰੂ, 2 ਜੇਲ੍ਹ ਪੈਟਰੋਲ ਪੰਪਾਂ ਦਾ ਉਦਘਾਟਨ ਜੁਲਾਈ ’ਚ

PunjabKesari

ਵੀਰਵਾਰ ਰਾਤ 12 ਵਜੇ ਜ਼ਿਲ੍ਹੇ ਨਾਲ ਸਬੰਧਤ ਸ਼ਰਾਬ ਦੇ 75 ਫ਼ੀਸਦੀ ਤੋਂ ਜ਼ਿਆਦਾ ਠੇਕੇ ਬੰਦ ਹੋ ਜਾਣਗੇ ਕਿਉਂਕਿ ਇਨ੍ਹਾਂ ਠੇਕਿਆਂ ਲਈ ਅਰਜ਼ੀ ਨਹੀਂ ਆਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਬਾਅਦ ਟੈਂਡਰਾਂ ਦੀ ਫਾਈਨਾਂਸ਼ੀਅਲ ਬਿੱਡ ਵੇਖੀ ਜਾਵੇਗੀ, ਜਿਸ ਤੋਂ ਪਤਾ ਲੱਗੇਗਾ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਕਿੰਨੇ ਨਵੇਂ ਟੈਂਡਰ ਪ੍ਰਾਪਤ ਹੋਏ ਹਨ। ਇਸ ਵਿਚ ਜੋ ਪੁਰਾਣੇ ਠੇਕੇਦਾਰਾਂ ਵੱਲੋਂ ਅਪਲਾਈ ਕੀਤਾ ਜਾਵੇਗਾ, ਉਹ ਆਪਣੇ ਸਟਾਕ ਨੂੰ ਅਗਲੀ ਪਾਲਿਸੀ ਵਿਚ ਸ਼ਿਫ਼ਟ ਕਰਵਾਉਣ ਦਾ ਅਧਿਕਾਰ ਰੱਖਣਗੇ। ਕਾਂਗਰਸ ਸਰਕਾਰ ਵੱਲੋਂ ਪੁਰਾਣੇ ਠੇਕੇਦਾਰਾਂ ਨੂੰ 15 ਫ਼ੀਸਦੀ ਵਾਧਾ ਕਰਕੇ ਸ਼ਰਾਬ ਦੇ ਠੇਕੇ ਅਲਾਟ ਕੀਤੇ ਜਾ ਰਹੇ ਸਨ ਅਤੇ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ। ਇਸ ਵਾਰ ਨਵੀਂ ਸਰਕਾਰ ਨੇ ਐਕਸਾਈਜ਼ ਪਾਲਿਸੀ ਵਿਚ ਜੋ ਬਦਲਾਅ ਕੀਤੇ ਹਨ, ਉਸ ਮੁਤਾਬਕ ਸ਼ਰਾਬ ਦੇ ਠੇਕੇ ਗਰੁੱਪਾਂ ਤਹਿਤ ਅਲਾਟ ਕੀਤੇ ਜਾ ਰਹੇ ਹਨ। ਜਲੰਧਰ ਜ਼ਿਲੇ ਵਿਚ ਕੁੱਲ 20 ਗਰੁੱਪ ਬਣਾਏ ਗਏ ਹਨ, ਜਿਸ ਵਿਚ 13 ਗਰੁੱਪ ਨਗਰ ਨਿਗਮ ਦੀ ਹੱਦ ਵਿਚ, ਜਦਕਿ 7 ਗਰੁੱਪ ਦਿਹਾਤੀ ਇਲਾਕੇ ਲਈ ਰੱਖੇ ਗਏ ਹਨ। ਇਨ੍ਹਾਂ ਗਰੁੱਪਾਂ ਵਿਚ 17 ਤੋਂ 30 ਠੇਕੇ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਹੈ। ਨਵੀਂ ਪਾਲਿਸੀ 9 ਮਹੀਨਿਆਂ ਲਈ ਬਣਾਈ ਗਈ ਹੈ, ਜਿਸ ਵਿਚ ਮਹਿਕਮੇ ਵੱਲੋਂ ਸਭ ਤੋਂ ਵੱਡੀ ਰਾਹਤ ਦਿੰਦੇ ਹੋਏ ਐਡਵਾਂਸ ਵਿਚ ਲਈ ਜਾਣ ਵਾਲੀ 17 ਫ਼ੀਸਦੀ ਸਕਿਓਰਿਟੀ ਰਾਸ਼ੀ ਨੂੰ ਲਾਇਸੈਂਸ ਫ਼ੀਸ ਵਿਚ ਐਡਜਸਟ ਕਰਨ ਦਾ ਮੌਕਾ ਦਿੱਤਾ ਗਿਆ ਹੈ। ਠੇਕੇਦਾਰਾਂ ਵੱਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸ਼ਰਾਬ ਦੇ ਠੇਕਿਆਂ ਦੇ ਬਾਹਰ ਨਵੀਂ ਰੇਟ ਲਿਸਟ ਲਗਾਈ ਗਈ ਹੈ ਤਾਂ ਜੋ ਸਟਾਕ ਕਲੀਅਰ ਹੋ ਸਕੇ।

ਇਹ ਵੀ ਪੜ੍ਹੋ: ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ

PunjabKesari

ਬਾਕੀ ਬਚੇ 15 ’ਚੋਂ 3-4 ਗਰੁੱਪਾਂ ਦੇ ਟੈਂਡਰ ਆਉਣ ਦੀ ਉਮੀਦ
ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਤ 20 ਗਰੁੱਪਾਂ ਵਿਚੋਂ 5 ਗਰੁੱਪਾਂ ਦੇ ਟੈਂਡਰ ਪ੍ਰਾਪਤ ਹੋ ਚੁੱਕੇ ਹਨ। ਇਨ੍ਹਾਂ ਵਿਚ ਜੋਤੀ ਚੌਂਕ, ਰੇਲਵੇ ਸਟੇਸ਼ਨ, ਅਵਤਾਰ ਨਗਰ, ਲੰਮਾ ਪਿੰਡ ਅਤੇ ਦਿਹਾਤ ਦਾ ਭੋਗਪੁਰ ਵਾਲਾ ਗਰੁੱਪ ਸ਼ਾਮਲ ਹੈ। ਮਹਿਕਮਾ ਨੇ ਉਕਤ ਟੈਂਡਰਾਂ ਦੀ ਫਾਈਨਾਂਸ਼ੀਅਲ ਬਿੱਡ ਦੀ ਜਾਂਚ ਕਰ ਲਈ ਹੈ। ਇਨ੍ਹਾਂ ਦੇ ਕਾਗਜ਼ਾਤ ਸਹੀ ਪਾਏ ਗਏ ਹਨ। ਉਥੇ ਹੀ 3-4 ਗਰੁੱਪਾਂ ਲਈ ਬਿਨੈਕਾਰਾਂ ਵਿਚ ਰੁਚੀ ਦੇਖਣ ਨੂੰ ਮਿਲ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਕਸਾਈਜ਼ ਦਫ਼ਤਰ ਵਿਚ ਕਈ ਬਿਨੈਕਾਰਾਂ ਨੇ ਆ ਕੇ ਮਾਡਲ ਟਾਊਨ, ਪਰਾਗਪੁਰ, ਸੋਢਲ ਚੌਂਕ, ਰਾਮਾ ਮੰਡੀ ਆਦਿ ਦੇ ਗਰੁੱਪਾਂ ਅਧੀਨ ਆਉਣ ਵਾਲੇ ਇਲਾਕਿਆਂ ਦੀ ਜਾਣਕਾਰੀ ਲਈ ਹੈ। ਦਿਹਾਤ ਦੇ ਨਕੋਦਰ, ਸ਼ਾਹਕੋਟ ਅਤੇ ਫਿਲੌਰ ਲਈ ਵੀ ਇਨਕੁਆਰੀ ਹੋਈ ਹੈ।

ਠੇਕੇਦਾਰਾਂ ਨਾਲ ਮੀਟਿੰਗ ’ਚ ਸਾਕਾਰਾਤਮਕ ਰਿਸਪਾਂਸ ਮਿਲਿਆ: ਵਰੁਣ ਰੂਜ਼ਮ
ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ (ਆਈ. ਏ. ਐੱਸ.) ਨੇ ਕਿਹਾ ਕਿ ਠੇਕੇਦਾਰਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਾਕਾਰਾਤਮਕ ਰਿਸਪਾਂਸ ਦੇਖਣ ਨੂੰ ਮਿਲਿਆ ਹੈ। ਮੀਟਿੰਗ ਦੌਰਾਨ ਮਹਿਕਮੇ ਵੱਲੋਂ ਠੇਕੇਦਾਰਾਂ ਨੂੰ ਗਰੁੱਪ ਲੈਣ ਦੇ ਫ਼ਾਇਦੇ ਵਿਸਥਾਰਪੂਰਵਕ ਸਮਝਾਏ ਗਏ ਹਨ। ਪੰਜਾਬ ਭਰ ਵਿਚੋਂ ਚੰਗਾ ਰਿਸਪਾਂਸ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਮਹਿਕਮੇ ਨੂੰ ਉਮੀਦ ਹੈ ਕਿ ਵੀਰਵਾਰ ਨੂੰ ਖੁੱਲ੍ਹਣ ਵਾਲੇ ਟੈਂਡਰਾਂ ਵਿਚ ਵੱਡੀ ਗਿਣਤੀ ਵਿਚ ਬਿਨੈਕਾਰਾਂ ਦੇ ਟੈਂਡਰ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ 5 ਫੀਸਦੀ ਰਾਸ਼ੀ ਘੱਟ ਕਰਨ ਦੇ ਬਾਅਦ ਕਈ ਪੁਰਾਣੇ ਠੇਕੇਦਾਰ ਵੀ ਗਰੁੱਪਾਂ ਨੂੰ ਲੈ ਕੇ ਉਤਸ਼ਾਹਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਤਲਾਕਸ਼ੁਦਾ ਔਰਤ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ,ਜਬਰ-ਜ਼ਿਨਾਹ ਕਰਕੇ ਗਰਭਵਤੀ ਹੋਣ ਮਗਰੋਂ ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News