ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਿਵੇਂ ਕਰੀਏ ?

Friday, Apr 17, 2020 - 10:19 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੁਰਾਣੇ ਸਮਿਆਂ ਵਿਚ ਕਦੀ ਵੀ ਝੋਲਾ ਚੁੱਕ ਕੇ ਬਾਜ਼ਾਰੋਂ ਕੋਈ ਵੀ ਦਾਲ ਸਬਜ਼ੀ ਨਹੀਂ ਲਿਆਂਦੀ ਜਾਂਦੀ ਸੀ । ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਬਹੁਤੀਆਂ ਵਸਤਾਂ ਘਰ ਵਿਚ ਹੀ ਪੈਦਾ ਕੀਤੀਆਂ ਜਾਂਦੀਆਂ ਸਨ । ਦਾਲਾਂ ਦੀ ਗੱਲ ਕਰੀਏ ਤਾਂ ਹੁਣ ਕਿਸਾਨ ਨਾਂਹ ਦੇ ਬਰਾਬਰ ਹੀ ਲਗਾਉਂਦੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ । ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਨੇ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ।

ਦਾਲਾਂ ਮਨੁੱਖੀ ਖ਼ੁਰਾਕ ਦਾ ਬੜਾ ਹੀ ਜ਼ਰੂਰੀ ਹਿੱਸਾ ਹਨ । ਸਭ ਤੋਂ ਵੱਧ ਪ੍ਰੋਟੀਨ ਇਨ੍ਹਾਂ ਵਿਚ ਹੀ ਪਾਇਆ ਜਾਂਦਾ ਹੈ । ਪੰਜਾਬ ਵਿਚ ਆਮ ਕਰਕੇ ਕਿਸਾਨਾਂ ਵਲੋਂ ਕਣਕ ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਆਬਾਦੀ ਵਿਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ ਵਿਸ਼ਵ ਸਿਹਤ ਸੰਸਥਾ ਦੇ ਮਿਥੇ ਰੋਜਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਤੋਂ ਕਾਫੀ ਘੱਟ ਹੈ। ਗਰਮ ਰੁੱਤ ਦੀ ਮੂੰਗੀ ਘੱਟ ਸਮਾਂ ਲੈਣ ਵਾਲੀ ਇਕ ਮਹੱਤਵਪੂਰਨ ਦਾਲ ਵਾਲੀ ਫ਼ਸਲ ਹੈ। ਇਹ ਫ਼ਸਲ ਕਈ ਫ਼ਸਲੀ ਚੱਕਰਾਂ ਵਿਚ ਬੀਜੀ ਜਾ ਸਕਦੀ ਹੈ ਪਰ ਕਣਕ ਝੋਨਾ ਫ਼ਸਲੀ ਚੱਕਰ ਵਿਚ ਇਸ ਦੀ ਖਾਸ ਮਹੱਤਤਾ ਹੈ। ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਕਿਸਾਨ, ਜਿੱਥੇ ਵਧੇਰੇ ਆਮਦਨ ਲੈ ਸਕਦੇ ਹਨ। ਉੱਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਅਤੇ ਵਿਹਲੀ ਪਈ ਜ਼ਮੀਨ ਨੂੰ ਆਮਦਨ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਗਰਮੀ ਰੁੱਤ ਦੀ ਮੂੰਗੀ ਤੋਂ ਵਧੇਰੇ ਪੈਦਾਵਾਰ ਲੈਣ ਲਈ ਹੇਠ ਲਿਖੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ ।

ਮੌਸਮ : -ਮੂੰਗੀ ਦੀ ਫ਼ਸਲ ਹੋਰਨਾਂ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ ਇਸ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਜ਼ਰੂਰਤ ਹੈ। ਇਸ ਦੀ ਕਾਸ਼ਤ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਹੀ ਢੁਕਵੀਂ ਹੈ ।

ਕਿਸਮਾਂ:- ਮੂੰਗੀ ਦੀ ਕਾਸ਼ਤ ਲਈ ਚਾਰ ਕਿਸਮਾਂ ਐੱਸ.ਐੱਮ.ਐੱਲ 1827, ਐੱਸ.ਐੱਮ.ਐੱਲ 832, ਐੱਸ.ਐੱਮ.ਐੱਲ 668 ਅਤੇ ਟੀ.ਐੱਮ.ਬੀ 37 ਦੀ ਸਿਫਾਰਿਸ਼ ਕੀਤੀ ਗਈ ਹੈ। ਐੱਸ.ਐੱਮ.ਐੱਲ.1832 ਕਿਸਮ ਤਕਰੀਬਨ 62 ਦਿਨਾਂ ਵਿਚ ਪੱਕ ਜਾਂਦੀ ਹੈ । ਇਸ ਦਾ ਔਸਤ ਝਾੜ 5 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ । ਐੱਸ.ਐੱਮ.ਐੱਲ. 832 ਕਿਸਮ ਤਕਰੀਬਨ 61 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ। ਐੱਸ.ਐੱਮ.ਐੱਲ. 668 ਕਿਸਮ ਤਕਰੀਬਨ 60 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । ਟੀ.ਐੱਮ.ਬੀ.37 ਤਕਰੀਬਨ 60 ਦਿਨਾਂ ਵਿਚ ਪੱਕ ਜਾਂਦੀ ਹੈ, ਇਸ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ।

PunjabKesari

ਬਿਜਾਈ ਦਾ ਸਮਾਂ:- ਮੂੰਗੀ ਦੀ ਬਿਜਾਈ ਮਾਰਚ ਤੋਂ ਅਪਰੈਲ ਦੇ ਤੀਜੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ ।

ਬੀਜ ਅਤੇ ਸੋਧ:-ਐੱਸ.ਐੱਮ.ਐੱਲ 1827, ਐੱਸ.ਐੱਮ.ਐੱਲ. 832 ਕਿਸਮ ਅਤੇ ਟੀ.ਐੱਮ.ਬੀ. 37 ਲਈ 12 ਕਿੱਲੋ ਅਤੇ ਐੱਸ. ਐੱਮ.ਐੱਲ. 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ । ਜੈਵਿਕ ਤਰੀਕੇ ਨਾਲ ਵੀ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ ਸੋਧਿਆ ਜਾ ਸਕਦਾ ਹੈ । ਇਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲੀਟਰ ਪਾਣੀ ਨਾਲ ਗਿੱਲਾ ਕਰਕੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਦੇ ਇਕ ਪੈਕਟ (ਰਾਈਜ਼ੋਬੀਅਮ ਐੱਲ.ਐੱਸ.ਐੱਮ.ਆਰ-1 ਅਤੇ ਰਾਈਜ਼ੋਬੈਕਟੀਰਮ ਆਰ ਬੀ-3) ਨਾਲ ਚੰਗੀ ਤਰਾਂ ਰਲਾ ਕੇ ਛਾਂ ਵਿਚ ਸੁਕਾਓ। ਟੀਕਾ ਲਾਉਣ ਤੋਂ ਇਕ ਘੰਟੇ ਦੇ ਅੰਦਰ-ਅੰਦਰ ਬਿਜਾਈ ਕਰੋ, ਇਹ ਟੀਕਾ ਲਾਉਣ ਨਾਲ ਝਾੜ ਵਧਦਾ ਹੈ ।

ਬਿਜਾਈ:- ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸਤ ਜ਼ੀਰੋ ਟਿੱਲ ਡਰਿੱਲ ਅਤੇ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ 22.5 ਸੈਂਟੀਮੀਟਰ ਚੌੜੀਆਂ ਕਤਾਰਾਂ ਵਿਚ ਅਤੇ 4 ਤੋਂ 6 ਸੈਂਟੀਮੀਟਰ ਡੂੰਘਾਈ ’ਤੇ ਕਰਨੀ ਚਾਹੀਦੀ ਹੈ । ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਮੂੰਗੀ ਦੀ ਕਾਸਤ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ (37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਖਾਲੀ ) ਚੌੜਾਈ ਵਾਲੇ ਬੈੱਡ ਤਿਆਰ ਕਰਕੇ ਦੋ ਕਤਾਰਾ ਪ੍ਰਤੀ ਬੈੱਡ 20 ਸੈਂਟੀਮੀਟਰ ਦੀ ਦੂਰੀ ਤੇ ਕੀਤੀ ਜਾ ਸਕਦੀ ਹੈ ।

ਖਾਦਾਂ:- ਬਿਜਾਈ ਸਮੇਂ 11 ਕਿੱਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ। ਜੈਵਿਕ ਖੇਤੀ ਲਈ 0.5 ਟਨ ਸੁੱਕੀ ਰੂੜੀ ਜਾਂ 0.3 ਟਨ ਸੁੱਕੀ ਰੂੜੀ ਨਾਲ 0.1 ਟਨ ਗੰਡੋਆ ਖਾਦ ਪਾਈ ਜਾ ਸਕਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ ।

ਨਦੀਨ:- ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ ਚਾਰ ਹਫ਼ਤੇ ਅਤੇ ਦੂਜੀ (ਜੇ ਲੋੜ ਪਵੇ ਤਾਂ ) ਉਸ ਤੋਂ ਦੋ ਹਫ਼ਤੇ ਬਾਅਦ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇਕ ਲਿਟਰ ਪੈਂਡੀਮੈਥਾਲਿਨ ਦੀ 30 ਈ.ਸੀ ਨੂੰ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜੇ ਰਕਬਾ ਘੱਟ ਬੀਜਿਆ ਹੈ ਤਾਂ ਦਵਾਈ ਦੀ ਜਗ੍ਹਾ ਗੁਡਾਈ ਨੂੰ ਤਰਜਿਹ ਦਿੱਤੀ ਜਾਵੇ ।

ਸਿੰਚਾਈ:- ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮੂੰਗੀ ਦੀ ਫਸਲ ਨੂੰ 3 ਤੋਂ 5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਅਤੇ ਆਖ਼ਰੀ ਪਾਣੀ 55 ਦਿਨਾਂ ਤੱਕ ਲਾਉਣਾ ਚਾਹੀਦਾ ਹੈ ।

ਕਟਾਈ:- ਫ਼ਸਲ ਦੀ ਕਟਾਈ ਜੇਕਰ ਕੰਬਾਈਨ ਨਾਲ ਕਰਨੀ ਹੋਵੇ ਤਾਂ 80 ਫ਼ੀਸਦੀ ਫਲੀਆਂ ਪੱਕਣ ਤੋਂ ਬਾਅਦ 800 ਮਿਲੀਲਿਟਰ ਗਰਾਮਾਕਸੋਨ (ਪੈਰਾਕੁਈਟ) ਪ੍ਰਤੀ ਏਕੜ 150 ਤੋਂ 200 ਲੀਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੱਤੇ ਅਤੇ ਤਣੇ ਜਲਦੀ ਸੁੱਕ ਜਾਂਦੇ ਹਨ ਅਤੇ ਕਟਾਈ ਸੌਖੀ ਹੋ ਜਾਂਦੀ ਹੈ। ਅਗੇਤੀ ਬਰਸਾਤ ਨਾਲ ਫ਼ਸਲ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ।

ਕੀੜੇ ਮਕੌੜੇ : ਮੂੰਗੀ ਦੀ ਫਸਲ ਤੇ ਆਮ ਕਰਕੇ ਥਰਿੱਪ ਅਤੇ ਫਲੀ ਛੇਦਕ ਸੁੰਡੀ ਹਮਲਾ ਕਰਦੀ ਹੈ। ਜਿਸ ਨਾਲ ਪੈਦਾਵਾਰ ਤੇ ਮਾੜਾ ਅਸਰ ਪੈਂਦਾ ਹੈ । ਥਰਿੱਪ ਦਾ ਹਮਲਾ ਫੁੱਲ ਨਿਕਲਣ ਸਮੇਂ ਹੁੰਦਾ ਹੈ ਜਿਸ ਨਾਲ ਫੁੱਲ ਖੁੱਲ੍ਹਣ ਤੋਂ ਪਹਿਲਾਂ ਝੜ੍ਹ ਜਾਂਦੇ ਹਨ । ਇਹ ਕੀੜਾ ਬਹੁਤ ਛੋਟਾ ਗੂੜੇ ਭੂਰੇ ਰੰਗ ਦਾ ਹੁੰਦਾ ਹੈ । ਇਸ ਕੀੜੇ ਦੀ ਰੋਕਥਾਮ ਲਈ 600 ਮਿਲੀਲੀਟਰ ਟਰਾਈਜੋਫਾਸ 40 ਈ ਸੀ ਜਾਂ 100 ਮਿਲੀਲਿਟਰ ਡਾਈਮੈਥੋਏਟ ਨੂੰ 80 ਤੋਂ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ ।

ਮੰਡੀਕਰਨ : ਜਿੱਥੋਂ ਤੱਕ ਹੋ ਸਕੇ ਦਾਲਾਂ ਦਾ ਮੰਡੀਕਰਨ ਆਪਣੇ ਪੱਧਰ ਤੇ ਕੀਤਾ ਜਾਵੇ । ਵਧੇਰੇ ਮੁਨਾਫਾ ਲੈਣ ਲਈ ਦਾਲਾਂ ਦੀ ਜ਼ਰੂਰਤ ਅਨੁਸਾਰ ਲਿਫਾਫੇ ਬੰਦ ਕਰਕੇ ਮੰਡੀਕਰਨ ਕੀਤਾ ਜਾਣਾ ਚਾਹੀਦਾ ਹੈ ।

ਕਿਸਾਨਾਂ ਨੂੰ ਇਹੀ ਸੰਦੇਸ਼ ਹੈ ਕਿ ਇਸੇ ਤਰ੍ਹਾਂ ਦਾਲਾਂ ਦੀ ਕਾਸ਼ਤ ਕਰਕੇ ਕੁਦਰਤੀ ਸੋਮਿਆਂ ਖਾਸ ਕਰਕੇ ਪਾਣੀ ਦੀ ਬਚਤ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ । ਜੇ ਤੁਸੀਂ ਜ਼ਿਆਦਾ ਮੂੰਗੀ ਨਹੀਂ ਬੀਜ ਸਕਦੇ ਤਾਂ ਘੱਟੋ ਘੱਟ ਸਾਰੇ ਹੀ ਕਿਸਾਨ ਇੱਕ ਏਕੜ ਤਾਂ ਜ਼ਰੂਰ ਬੀਜਣ । ਕਿਉਂਕਿ ਦੋ ਮਹੀਨੇ ਸਾਡੀ ਜ਼ਮੀਨ ਵੀ ਵੇਹਲੀ ਹੁੰਦੀ ਹੈ । ਇਕ ਤਾਂ ਆਪਣੇ ਘਰ ਦੀ ਮੂੰਗੀ ਹੋਵੇਗੀ ਦੂਜਾ ਬਾਜ਼ਾਰ ਦੀ ਮਹਿੰਗੀ ਮੂੰਗੀ ਤੋਂ ਨਿਜ਼ਾਤ ਮਿਲ ਸਕਦਾ ਹੈ ।


rajwinder kaur

Content Editor

Related News