ਚੰਡੀਗੜ੍ਹ PGI 'ਚ ਮੰਕੀਪਾਕਸ ਨੂੰ ਲੈ ਕੇ ਅਲਰਟ, ਜਾਰੀ ਹੋ ਚੁੱਕੀਆਂ ਨੇ ਗਾਈਡਲਾਈਨਜ਼

Wednesday, Jul 27, 2022 - 11:08 AM (IST)

ਚੰਡੀਗੜ੍ਹ PGI 'ਚ ਮੰਕੀਪਾਕਸ ਨੂੰ ਲੈ ਕੇ ਅਲਰਟ, ਜਾਰੀ ਹੋ ਚੁੱਕੀਆਂ ਨੇ ਗਾਈਡਲਾਈਨਜ਼

ਚੰਡੀਗੜ੍ਹ (ਪਾਲ) : ਕੇਰਲ ਤੋਂ ਬਾਅਦ ਦਿੱਲੀ 'ਚ ਮੰਕੀਪਾਕਸ ਦਾ ਮਰੀਜ਼ ਮਿਲਣ ਮਗਰੋਂ ਸੂਬਿਆਂ 'ਚ ਵੀ ਇਸ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਪੀ. ਜੀ. ਆਈ. 'ਚ ਵੀ ਮੰਕੀਪਾਕਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਡਾ. ਆਰ. ਕੇ. ਸਹਿਗਲ ਨੂੰ ਨੋਡਲ ਅਫ਼ਸਰ ਵੱਜੋਂ ਨਿਯੁਕਤ ਕੀਤਾ ਗਿਆ ਹੈ। ਪੀ. ਜੀ. ਆਈ. 'ਚ ਮਰੀਜ਼ਾਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਜੇਕਰ ਕਿਸੇ ਮਰੀਜ਼ 'ਚ ਮੰਕੀਪਾਕਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਪੀ. ਜੀ. ਆਈ. ਨੇ ਨਹਿਰੂ ਹਸਪਤਾਲ ਦੇ ਨਾਨ ਕਮਿਊਨੀਕੇਬਲ ਵਾਰਡ 'ਚ ਕੁੱਝ ਬੈੱਡਾਂ ਦਾ ਇੰਤਜ਼ਾਮ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੋ ਸਕਦੇ ਨੇ ਡਰੋਨ ਹਮਲੇ, ਅੱਤਵਾਦੀਆਂ ਦੇ ਨਿਸ਼ਾਨੇ 'ਤੇ ਕਈ VIPs

ਨਾਲ ਹੀ ਨਹਿਰੂ ਹਸਪਤਾਲ ਐਕਸਟੈਂਸ਼ਨ 'ਚ ਆਈ. ਸੀ. ਯੂ. ਬੈੱਡ ਬਣਾਏ ਹਨ। ਮੰਕੀਪਾਕਸ ਚਮੜੀ ਨਾਲ ਜੁੜੀ ਬੀਮਾਰੀ ਹੈ, ਅਜਿਹੇ 'ਚ ਡਿਪਾਰਟਮੈਂਟ ਆਫ ਡਰਮਾਟਾਲੋਜੀ ਦੇ ਖ਼ਾਸ ਡਾਕਟਰਾਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਸਾਰੇ ਤਰ੍ਹਾਂ ਦੇ ਇੰਤਜ਼ਾਮ ਦੇਖਣਗੇ। ਡਿਪਾਰਟਮੈਂਟ ਆਫ ਵਾਇਰੋਲਾਜੀ ਨੂੰ ਟੈਸਟਿੰਗ ਅਤੇ ਸੈਂਪਲਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੀ. ਜੀ. ਆਈ. ਦਾ ਕਹਿਣਾ ਹੈ ਕਿ ਟਰਾਂਸਮਿਸ਼ਨ ਵੱਧਦਾ ਹੈ ਤਾਂ ਉਸ ਨੂੰ ਰੋਕਣ ਲਈ ਗੰਭੀਰ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਦੀ ਲੋੜ ਹੈ, ਜਦੋਂ ਕਿ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲ 'ਚ ਦਾਖ਼ਲ ਕਰਨ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਦਾਖ਼ਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲਕਾਂਡ : ਮੋਹਾਲੀ ਪੁਲਸ ਵੱਲੋਂ ਗੈਂਗਸਟਰ ਭੁੱਪੀ ਰਾਣਾ ਤੇ 5 ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਪੀ. ਜੀ. ਆਈ. ਦਾ ਕਹਿਣਾ ਹੈ ਕਿ ਸਿਹਤ ਮੰਤਰਾਲੇ ਨੇ ਵੀ ਮੰਕੀਪਾਕਸ ਤੋਂ ਜਾਗਰੂਕ ਕਰਨ ਲਈ ਪਿਛਲੇ ਹਫ਼ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਾਰੇ ਇੰਤਜ਼ਾਮ ਕਰ ਲਏ ਹਨ। ਨਾਲ ਹੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਤਹਿਤ ਜੇਕਰ ਕਿਸੇ ਨੂੰ ਬੁਖ਼ਾਰ ਨਾਲ ਸਰੀਰ 'ਤੇ ਚਟਾਕ ਨਿਕਲਦੇ ਹਨ ਤਾਂ ਉਹ ਤੁਰੰਤ ਡਾਕਟਰ ਦੀ ਸਲਾਹ ਲੈਣ। ਮੰਕੀਪਾਕਸ ਦੀ ਸਮੱਸਿਆ ਹੋਣ 'ਤੇ 21 ਦਿਨ ਦਾ ਆਈਸੋਲੇਸ਼ਨ ਜ਼ਰੂਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News